ਕੋਲੰਬੋ, 30 ਨਵੰਬਰ
ਸ੍ਰੀਲੰਕਾ ਦੀ ਰਾਜਧਾਨੀ ਦੇ ਬਾਹਰੀ ਇਲਾਕੇ ਵਿੱਚ ਸਥਿਤ ਇਕ ਜੇਲ੍ਹ ਵਿੱਚ ਕੈਦੀਆਂ ਅਤੇ ਜੇਲ੍ਹ ਅਧਿਕਾਰੀਆਂ ਵਿਚਾਲੇ ਹੋਈ ਝੜੱਪ ਵਿੱਚ 8 ਦੀ ਮੌਤ ਹੋ ਗਈ ਤੇ 37 ਜਣੇ ਜ਼ਖਮੀ ਹੋ ਗਏ। ਇਹ ਸੰਘਰਸ਼ ਉਦੋਂ ਸ਼ੁਰੂ ਹੋਇਆ ਜਦੋਂ ਕੁਝ ਕੈਦੀਆਂ ਨੇ ਜੇਲ੍ਹ ਦਾ ਦਰਵਾਜ਼ਾ ਖੋਲ੍ਹ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਪੁਲੀਸ ਬੁਲਾਰੇ ਅਜੀਤ ਰੋਹਾਨਾ ਨੇ ਸੋਮਵਾਰ ਨੂੰ ਦੱਸਿਆ ਕਿ ਕੋਲੰਬੋ ਤੋਂ 15 ਕਿਲੋਮੀਟਰ ਦੂਰ ਸਥਿਤ ਮਹਾਰਾ ਜੇਲ੍ਹ ਵਿੱਚ ਕੈਦੀਆਂ ਨੇ ਦੰਗਾ ਕੀਤਾ ਅਤੇ ਪੁਲੀਸ ਨੂੰ ਉਨ੍ਹਾਂ ਨੂੰ ਕਾਬੂ ਕਰਨ ਲਈ ਤਾਕਤ ਦੀ ਵਰਤੋਂ ਕਰਨੀ ਪਈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿੱਚ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਵਧ ਹੋਣ ਕਾਰਨ ਕੈਦੀਆਂ ਵਿਚ ਕਰੋਨਾ ਨੂੰ ਲੈ ਕੇ ਅਸੰਤੋਸ਼ ਵਧ ਰਿਹਾ ਹੈ, ਕਿਉਂਕਿ ਜੇਲ੍ਹਾਂ ਵਿੱਚ ਕਰੋਨਾ ਦੇ ਮਾਮਲੇ ਵਧ ਰਹੇ ਹਨ। ਇਸ ਕਾਰਨ ਕੈਦੀਆਂ ਨੇ ਕਈ ਜੇਲ੍ਹਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਕੈਦੀਆਂ ਨੇ ਰਸੋਈਘਰ ਅਤੇ ਰਿਕਾਰਡ ਰੂਮ ਨੂੰ ਅੱਗ ਲਗਾ ਦਿੱਤੀ। -ਏਜੰਸੀ