ਚੀਨ ਦੇ ਪ੍ਰਧਾਨ ਮੰਤਰੀ ਨੇ ਤਿਬਤ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ; 360 ਲੋਕ ਅਜੇ ਵੀ ਲਾਪਤਾ
ਹੜ੍ਹ ਨੇ ਚੀਨ-ਨੇਪਾਲ ਸਰਹੱਦ ਖੇਤਰ ਦੇ ਨੇੜੇ ਸਥਿਤ ਪਿੰਡਾਂ ਅਤੇ ਕਸਬਿਆਂ ਵਿੱਚ ਭਾਰੀ ਤਬਾਹੀ ਮਚਾਈ
ਚੀਨ ਦੇ ਪ੍ਰਧਾਨ ਮੰਤਰੀ ਲੀ ਕਿਵਾਂਗ ਨੇ ਵੀਰਵਾਰ ਨੂੰ ਤਿਬਤ ਵਿੱਚ ਨੇਪਾਲ ਸਰਹੱਦ ਚੌਕੀ ਨੇੜੇ ਗਯਿਰੋਂਗ ਟਾਊਨਸ਼ਿਪ ਦਾ ਦੌਰਾ ਕੀਤਾ, ਜਿੱਥੇ ਭਿਆਨਕ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਤੇ 360 ਲੋਕ ਲਾਪਤਾ ਹਨ।
ਤਿਬਤ ਖੁਦਮੁਖਤਿਆਰ ਖੇਤਰ ਦੇ ਗਯਿਰੋਂਗ ਟਾਊਨਸ਼ਿਪ ਵਿੱਚ ਬੁੱਧਵਾਰ ਸਵੇਰੇ ਅਚਾਨਕ ਹੜ੍ਹ ਆ ਗਿਆ। ਹੜ੍ਹ ਨੇ ਚੀਨ-ਨੇਪਾਲ ਸਰਹੱਦ ਖੇਤਰ ਦੇ ਨੇੜੇ ਸਥਿਤ ਪਿੰਡਾਂ ਅਤੇ ਕਸਬਿਆਂ ਵਿੱਚ ਭਾਰੀ ਤਬਾਹੀ ਮਚਾਈ।
ਸਰਕਾਰੀ ਸਮਾਚਾਰ ਏਜੰਸੀ 'ਸ਼ਿੰਹੁਆ' ਦੀ ਖ਼ਬਰ ਅਨੁਸਾਰ, ਲੀ ਕਿਵਾਂਗ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਆਪਦਾ ਪ੍ਰਭਾਵਿਤ ਖੇਤਰ ਵਿੱਚ ਪਹੁੰਚੇ।
ਪੀਪਲਜ਼ ਲਿਬਰੇਸ਼ਨ ਆਰਮੀ (PLA) ਦੀ 'ਵੈਸਟਰਨ ਥੀਏਟਰ ਕਮਾਂਡ' ਦੇ ਇੱਕ ਦਲ ਨੂੰ ਵੀਰਵਾਰ ਨੂੰ ਪ੍ਰਭਾਵਿਤ ਖੇਤਰ ਵਿੱਚ ਭੇਜਿਆ ਗਿਆ। ਇਹ ਕਮਾਂਡ ਤਿਬਤ ਵਿੱਚ ਭਾਰਤ-ਚੀਨ ਸਰਹੱਦ ਦੀ ਨਿਗਰਾਨੀ ਕਰਦੀ ਹੈ। ਇਹ ਦਲ ਕਾਉਂਟੀ ਵਿੱਚ ਫ਼ੌਜੀ ਕਰਮਚਾਰੀਆਂ ਵੱਲੋਂ ਚਲਾਏ ਜਾ ਰਹੇ ਸੰਯੁਕਤ ਬਚਾਅ ਅਭਿਆਨ ਦਾ ਤਾਲਮੇਲ ਕਰੇਗਾ।
ਸਥਾਨਕ ਅਧਿਕਾਰੀਆਂ ਵੱਲੋਂ ਜਾਰੀ ਮੁੱਢਲੀ ਜਾਣਕਾਰੀ ਅਨੁਸਾਰ, ਇਲਾਕੇ ਵਿੱਚ 260 ਵਿਦੇਸ਼ੀ ਨਾਗਰਿਕ ਲਾਪਤਾ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਸੰਬੰਧ ਵਿੱਚ ਹੋਰ ਜਾਣਕਾਰੀਆਂ ਦੀ ਅਜੇ ਤਸਦੀਕ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਨੇਪਾਲ ਵੱਲ ਪ੍ਰਭਾਵਿਤ ਖੇਤਰ ਵਿੱਚ ਲਗਪਗ 100 ਚੀਨੀ ਨਾਗਰਿਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਸਥਿਤ ਚੀਨੀ ਦੂਤਾਵਾਸ ਨੇਪਾਲੀ ਅਧਿਕਾਰੀਆਂ ਨਾਲ ਮਿਲ ਕੇ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਇਕੱਠੀ ਕਰ ਰਿਹਾ ਹੈ।
ਲਿਨ ਨੇ ਕਿਹਾ ਕਿ ਚੀਨ, ਨੇਪਾਲ ਨਾਲ ਲਗਾਤਾਰ ਸੰਪਰਕ ਤੇ ਤਾਲਮੇਲ ਵਿੱਚ ਹੈ ਅਤੇ ਨੇਪਾਲੀ ਧਿਰ ਨਾਲ ਮਿਲ ਕੇ ਭਾਲ ਅਤੇ ਬਚਾਅ ਅਭਿਆਨ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਦਾ ਦੇ ਪ੍ਰਭਾਵ ਕਾਰਨ ਵਿਸਤ੍ਰਿਤ ਜਾਣਕਾਰੀ ਅਜੇ ਪ੍ਰਾਪਤ ਹੋਣੀ ਬਾਕੀ ਹੈ।
ਉੱਥੇ ਹੀ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਬੁੱਧਵਾਰ ਨੂੰ ਜੰਗੀ ਪੱਧਰ 'ਤੇ ਭਾਲ ਅਤੇ ਬਚਾਅ ਅਭਿਆਨ ਚਲਾਉਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਪੀ ਐੱਲ ਏ (PLA) ਦੀ ਵੈਸਟਰਨ ਥੀਏਟਰ ਕਮਾਂਡ ਦਾ ਸੰਚਾਲਨ ਦਲ ਪ੍ਰਭਾਵਿਤ ਖੇਤਰ ਵਿੱਚ ਭੇਜਿਆ ਗਿਆ।

