ਚੀਨੀ ਲੜਾਕੂ ਜੈੱਟ ਨੇ ਜਪਾਨੀ ਜਹਾਜ਼ਾਂ ਦੇ ਨੇੜੇ ਉਡਾਣ ਭਰੀ
ਟੋਕੀਓ, 12 ਜੂਨ
ਚੀਨੀ ਲੜਾਕੂ ਜੈੱਟ ਖ਼ਤਰਨਾਕ ਤਰੀਕੇ ਨਾਲ ਜਪਾਨੀ ਸੂਹੀਆ ਜਹਾਜ਼ਾਂ ਦੇ ਨੇੜੇ ਆਉਣ ਦੀ ਘਟਨਾ ਸਬੰਧੀ ਟੋਕੀਓ ਵੱਲੋਂ ਚਿੰਤਾ ਜਤਾਉਣ ਮਗਰੋਂ ਇਸ ਸਥਿਤੀ ਨੂੰ ਲੈ ਕੇ ਅੱਜ ਜਪਾਨ ਤੇ ਚੀਨ ਨੇ ਇੱਕ ਦੂਜੇ ’ਤੇ ਦੋਸ਼ ਲਾਏ ਹਨ।
ਜਾਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਚੀਨੀ ਲੜਾਕੂ ਜਹਾਜ਼ਾਂ ਨੇ ਪ੍ਰਸ਼ਾਂਤ ਖੇਤਰ ’ਚ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਦੋ ਚੀਨੀ ਬੇੜਿਆਂ ਵਿੱਚੋਂ ਇੱਕ ਤੋਂ ਉਡਾਣ ਭਰੀ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਜਪਾਨ ਨੇ ਇਸ ਸਬੰਧੀ ਚੀਨ ਨੂੰ ਆਪਣੀ ‘ਗੰਭੀਰ ਚਿੰਤਾ’ ਤੋਂ ਜਾਣੂ ਕਰਵਾਇਆ ਹੈ ਕਿ ਜਹਾਜ਼ਾਂ ਦੇ ਇਸ ਤਰ੍ਹਾਂ ਬੇਹੱਦ ਨੇੜੇ ਆਉਣ ਕਾਰਨ ਟੱਕਰ ਹੋ ਸਕਦੀ ਹੈ।
ਜਪਾਨ ਮੁਤਾਬਕ ਚੀਨੀ ਜੇ-15 ਲੜਾਕੂ ਜੈੱਟ ਨੇ ਸ਼ਨਿਚਰਵਾਰ ਨੂੰ ਜਹਾਜ਼ ਢੋਆ-ਢੁਆਈ ਵਾਲੇ ਬੇੜੇ ਸ਼ਾਨਡੌਗ ਏਅਰਕ੍ਰਾਫਟ ਕਰੀਅਰ ਤੋਂ ਉਡਾਣ ਭਰੀ ਅਤੇ ਜਪਾਨੀ ਪੀ-3ਸੀ ਜਹਾਜ਼ ਦਾ 40 ਮਿੰਟ ਤੱਕ ਲਗਪਗ 45 ਮੀਟਰ ਦੀ ‘‘ਗ਼ੈਰਸਧਾਰਨ ਤੌਰ ’ਤੇ ਘੱਟ ਦੂਰੀ’’ ਤੱਕ ਪਿੱਛਾ ਕੀਤਾ। ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਇੱਕ ਚੀਨੀ ਜੈੱਟ ਨੇ ਵੀ ਲਗਪਗ 80 ਮਿੰਟ ਤੱਕ ਜਪਾਨੀ ਪੀ-3ਸੀ ਦੇ ਸਾਹਮਣੇ 900 ਮੀਟਰ ਦੀ ਦੂਰੀ ਤੈਅ ਕੀਤੀ। ਦੂਜੇ ਪਾਸੇ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਚੀਨ ਦੀਆਂ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਕੌਮਾਂਤਰੀ ਕਾਨੂੰਨ ਦੇ ਮੁਤਾਬਕ ਦੱਸਦਿਆਂ ਇਸ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਜਪਾਨੀ ਬੇੜਿਆਂ ਤੇ ਹਵਾਈ ਜਹਾਜ਼ਾਂ ’ਤੇ ਚੀਨ ਦੀਆਂ ਫੌਜੀ ਸਰਗਰਮੀਆਂ ਦੀ ਨਿਗਰਾਨੀ ਕਰਨ ਦਾ ਦੋਸ਼ ਲਾਇਆ। ਇਹ ਘਟਨਾਵਾਂ ਪ੍ਰਸ਼ਾਂਤ ਖੇਤਰ ’ਚ ਵਾਪਰੀਆਂ ਜਿੱਥੇ ਜਪਾਨ ਦੀ ਸੈਲਫ ਡਿਫ਼ੈਂਸ ਫੋਰਸ ਨੇ ਦੋ ਬੇੜਿਆਂ ਸ਼ਾਨਡੌਂਗ ਅਤੇ ਲਿਆਓਨਿੰਗ ਨੂੰ ਦੱਖਣੀ ਜਪਾਨ ਟਾਪੂਆਂ ਨੇੜੇ ਚਲਦੇ ਹੋਏ ਦੇਖਿਆ। -ਏਪੀ