ਤਾਇਵਾਨ ਨੇੜੇ ਚੀਨ ਦੀ ਉਕਸਾਊ ਕਾਰਵਾਈ
ਤਾਇਵਾਨ ’ਤੇ ਫ਼ੌਜੀ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਚੀਨ ਦੀਆਂ ਉਕਸਾਊ ਸਰਗਰਮੀਆਂ ਲਗਾਤਾਰ ਜਾਰੀ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਸਵੇਰੇ 6 ਵਜੇ ਤੱਕ ਚੀਨ ਦੇ 8 ਫ਼ੌਜੀ ਜਹਾਜ਼ ਅਤੇ 3 ਜੰਗੀ ਬੇੜੇ ਸਰਗਰਮੀਆਂ ਕਰਦੇ ਦੇਖੇ ਗਏ ਹਨ। ਮੰਤਰਾਲੇ ਨੇ ਐਕਸ ’ਤੇ ਕਿਹਾ ਕਿ ਇਨ੍ਹਾਂ ’ਚੋਂ ਇੱਕ ਜਹਾਜ਼ ਨੇ ਤਾਇਵਾਨ ਜਲਡਮਰੂ ਦੀ ਮੱਧ ਰੇਖਾ ਨੂੰ ਪਾਰ ਕੀਤਾ ਅਤੇ ਟਾਪੂ ਦੇ ਉੱਤਰੀ ਹਵਾਈ ਰੱਖਿਆ ਪਛਾਣ ਖੇਤਰ ਵਿੱਚ ਦਾਖ਼ਲ ਹੋਇਆ। ਬੀਤੇ ਦਿਨ ਵੀ ਚੀਨ ਦੇ 6 ਜਹਾਜ਼ ਅਤੇ 7 ਬੇੜੇ ਨਜ਼ਰ ਆਏ ਸਨ ਜਿਨ੍ਹਾਂ ’ਚੋਂ ਦੋ ਨੇ ਮੱਧ ਰੇਖਾ ਦੀ ਉਲੰਘਣਾ ਕੀਤੀ ਸੀ। ਤਾਇਵਾਨ ਜਲਡਮਰੂ ਵਿੱਚ ਸਥਿਤ ਇਹ ਮੱਧ ਰੇਖਾ ਚੀਨ ਅਤੇ ਤਾਇਵਾਨ ਵਿਚਾਲੇ ਗ਼ੈਰ-ਰਸਮੀ ਸਰਹੱਦ ਦਾ ਕੰਮ ਕਰਦੀ ਹੈ ਪਰ ਪੇਈਚਿੰਗ ਹਾਲੀਆ ਸਾਲਾਂ ਵਿੱਚ ਇਸ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਇਹ ਕਾਰਵਾਈਆਂ ਪੇਈਚਿੰਗ ਵੱਲੋਂ ਸਵੈ-ਸ਼ਾਸਿਤ ਟਾਪੂ ’ਤੇ ਦਬਾਅ ਬਣਾਉਣ ਦੀ ਮੁਹਿੰਮ ਦਾ ਹਿੱਸਾ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਤਾਇਵਾਨ ਨੇ ਵਾਰ-ਵਾਰ ਕਿਹਾ ਹੈ ਕਿ ਅਜਿਹੀਆਂ ਫ਼ੌਜੀ ਕਾਰਵਾਈਆਂ ਖੇਤਰੀ ਸਥਿਰਤਾ ਲਈ ਖ਼ਤਰਾ ਹਨ ਅਤੇ ਇਹ ਚੀਨ ਦੇ ਵਧਦੇ ਹਮਲਾਵਰ ਰੁਖ਼ ਨੂੰ ਦਰਸਾਉਂਦੀਆਂ ਹਨ।
