Tibet ਉੱਤੇ ਲਗਾਤਾਰ ਸ਼ਿਕੰਜਾ ਕੱਸ ਰਿਹੈ China
ਇੰਟਰਨੈਸ਼ਨਲ ਕੈਂਪੇਨ ਫਾਰ ਤਿੱਬਤ ਨੇ ਰਿਪੋਰਟ ਜਾਰੀ ਕੀਤੀ; ਤਿੱਬਤੀਆਂ ਨੂੰ ਅਹਿਮ ਅਹੁਦਿਆਂ ਤੋਂ ਲਾਂਭੇ ਕੀਤਾ ਜਾ ਰਿਹੈ
ਚੀਨ ਵੱਲੋਂ ਅਹਿਮ ਅਹੁਦਿਆਂ ਤੋਂ ਤਿੱਬਤੀਆਂ ਨੂੰ ਲਾਂਭੇ ਕਰ ਕੇ ਤਿੱਬਤ ’ਚ ਲਗਾਤਾਰ ਆਪਣਾ ਸਿਆਸੀ ਦਾਬਾ ਕਾਇਮ ਕੀਤੀ ਜਾ ਰਿਹਾ ਹੈ। ਅਮਰੀਕਾ ਸਥਿਤ ਸੰਸਥਾ ਇੰਟਰਨੈਸ਼ਨਲ ਕੈਂਪੇਨ ਫਾਰ ਤਿੱਬਤ (ਆਈ ਸੀ ਟੀ) ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ’ਚ ਇਹ ਖ਼ੁਲਾਸਾ ਹੋਇਆ ਹੈ। ਰਿਪੋਰਟ ’ਚ ਮੰਗ ਕੀਤੀ ਗਈ ਹੈ ਕਿ ਭਾਰਤ ਸਥਿਤ ਜਲਾਵਤਨੀ ਤਿੱਬਤੀ ਸਰਕਾਰ ਨੂੰ ਕੌਮਾਂਤਰੀ ਪੱਧਰ ’ਤੇ ਵੱਧ ਤੋਂ ਵੱਧ ਹਮਾਇਤ ਮਿਲਣੀ ਚਾਹੀਦੀ ਹੈ। ਆਈ ਸੀ ਟੀ ਨੇ ਅਮਰੀਕੀ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਭਾਰਤ ਅਤੇ ਨੇਪਾਲ ’ਚ ਤਿੱਬਤੀ ਭਾਈਚਾਰਿਆਂ ਦੀ ਮਾਨਵੀ ਸਹਾਇਤਾ ਲਈ ਫੰਡ ਬਹਾਲ ਕੀਤੇ ਜਾਣ। ਇਸ ਦੇ ਨਾਲ ਹੀ ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀ ਟੀ ਏ) ਦੀ ਸਮਰੱਥਾ ਨੂੰ ਵਧਾਉਣ ਲਈ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ। ਸੀ ਟੀ ਏ ਧਰਮਸ਼ਾਲਾ (ਭਾਰਤ) ’ਚ ਸਥਿਤ ਹੈ, ਜੋ ਵਿਸ਼ਵ ਭਰ ’ਚ ਤਿੱਬਤੀ ਪਰਵਾਸੀਆਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਸਿੱਖਿਆ, ਸਿਹਤ ਸੰਭਾਲ ਵਰਗੀਆਂ ਸੇਵਾਵਾਂ ਚਲਾਉਂਦਾ ਹੈ। 14ਵੇਂ ਦਲਾਈ ਲਾਮਾ ਤਿੱਬਤ ਦੇ ਅਧਿਆਤਮਕ ਆਗੂ ਹਨ ਜਦੋਂ ਕਿ ਸਿਕਯੋਂਗ (ਰਾਸ਼ਟਰਪਤੀ) ਸੀ ਟੀ ਏ ਦੇ ਸਿਆਸੀ ਮੁਖੀ ਹਨ। ਸੰਸਥਾ ਨੇ ਅਮਰੀਕਾ ’ਚ ਪੇਸ਼ ਕੀਤੇ ਗਏ ਐਕਟ ਨੂੰ ਪਾਸ ਕਰਨ ਦੀ ਮੰਗ ਕੀਤੀ ਹੈ ਜੋ ਸੀ ਟੀ ਏ ਨੂੰ ਤਿੱਬਤੀ ਲੋਕਾਂ ਦੇ ਲੋਕਤੰਤਰੀ ਤੌਰ ’ਤੇ ਚੁਣੇ ਹੋਏ ਨੁਮਾਇੰਦੇ ਵਜੋਂ ਮਾਨਤਾ ਦਿੰਦਾ ਹੈ। ਰਿਪੋਰਟ ਮੁਤਾਬਕ ਚੀਨ, ਤਿੱਬਤੀਆਂ ਨੂੰ ਜ਼ਬਰਦਸਤੀ ਆਪਣੇ ’ਚ ਰਲਾਉਣ ਦੀਆਂ ਨੀਤੀਆਂ ਅਪਣਾ ਰਿਹਾ ਹੈ।

