ਮਨੀਲਾ, 24 ਸਤੰਬਰ
ਫਿਲਪੀਨਜ਼ ਨੇ ਅੱਜ ਦੋਸ਼ ਲਾਇਆ ਕਿ ਚੀਨ ਦੇ ਤੱਟ ਰੱਖਿਅਕਾਂ ਨੇ ਵਿਵਾਦਤ ਦੱਖਣੀ ਚੀਨ ਸਾਗਰ ਵਿਚ ਇਕ ‘ਫਲੋਟਿੰਗ ਬੈਰੀਅਰ’ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਫਿਲਪੀਨੀ ਲੋਕਾਂ ਦੇ ਇਸ ਇਲਾਕੇ ਵਿਚ ਦਾਖਲ ਹੋਣ ਉਤੇ ਰੋਕ ਲੱਗ ਗਈ ਹੈ, ਜਦਕਿ ਪਹਿਲਾਂ ਉਹ ਇੱਥੋਂ ਮੱਛੀ ਫੜਦੇ ਹਨ। ਮਨੀਲਾ ਦੇ ਤੱਟ ਰੱਖਿਅਕ ਵਿਭਾਗ ਤੇ ਬਿਊਰੋ ਆਫ ਫਿਸ਼ਰੀਜ਼ ਨੇ ਚੀਨ ਵੱਲੋਂ ਸਕਾਰਬੋਰੋ ਸ਼ੋਲ ਵਿਚ ਬੈਰੀਅਰ ਲਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਖੇਤਰ ਵਿਚੋਂ ਮੱਛੀਆਂ ਫੜ ਕੇ ਆਪਣਾ ਗੁਜ਼ਾਰਾ ਕਰਦੇ ਹਨ। ਤੱਟ ਰੱਖਿਅਕਾਂ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਸਾਰੀਆਂ ਸਬੰਧਤ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਇਸ ਚੁਣੌਤੀ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਨ ਤਾਂ ਕਿ ਸਮੁੰਦਰੀ ਖੇਤਰ ਨਾਲ ਸਬੰਧਤ ਹੱਕ ਬਹਾਲ ਹੋ ਸਕਣ ਤੇ ਫਿਲਪੀਨਜ਼ ਆਪਣੇ ਇਲਾਕੇ ਦੀ ਰਾਖੀ ਕਰ ਸਕੇ। ਮਨੀਲਾ ਸਥਿਤ ਚੀਨ ਦੇ ਦੂਤਾਵਾਸ ਨੇ ਹਾਲੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਸਾਊਥ ਚਾਈਨਾ ਸੀਅ’ ਦੇ 90 ਫੀਸਦ ਹਿੱਸੇ ਉਤੇ ਚੀਨ ਆਪਣਾ ਦਾਅਵਾ ਜਤਾਉਂਦਾ ਹੈ। -ਰਾਇਟਰਜ਼