CBC ਨੇ 9/11 ਹਮਲੇ ਨੂੰ Terrorist Attack ਕਹਿਣ ਦੀ ਦਿੱਤੀ ਛੋਟ
ਵਿਰੋਧ ਮਗਰੋਂ ਕੈਨੇਡਾ ਦੇ ਸਰਕਾਰੀ ਬ੍ਰਾਡਕਾਸਟਰ ਨੂੰ ਨੀਤੀ ’ਚ ਤਬਦੀਲੀ ਕਰਨੀ ਪਈ
ਕੈਨੇਡਾ ਦੇ ਸਰਕਾਰੀ ਬ੍ਰਾਡਕਾਸਟਰ ਸੀ ਬੀ ਸੀ ਨੇ ਆਪਣੀ ਨੀਤੀ ਵਿੱਚ ਤਬਦੀਲੀ ਕਰਦਿਆਂ 9/11 ਦੇ ਹਮਲਿਆਂ ਨੂੰ ਅਤਿਵਾਦੀ ਹਮਲੇ ਮੰਨ ਲਿਆ ਹੈ। ਇਸ ਤੋਂ ਪਹਿਲਾਂ ਸੰਸਥਾ ਦੇ ਨਿਯਮਾਂ ਅਨੁਸਾਰ ਪੱਤਰਕਾਰਾਂ ਨੂੰ ਕਿਸੇ ਦੇ ਹਵਾਲੇ ਤੋਂ ਬਿਨਾਂ ਇਨ੍ਹਾਂ ਹਮਲਿਆਂ ਨੂੰ ਅਤਿਵਾਦੀ ਹਮਲੇ ਕਹਿਣ ਦੀ ਮਨਾਹੀ ਸੀ।
ਹਮਲਿਆਂ ਦੀ 25ਵੀਂ ਬਰਸੀ ਤੋਂ ਪਹਿਲਾਂ ਪੱਤਰਕਾਰਾਂ ਨੂੰ ਭੇਜਿਆ ਗਿਆ ਮੀਮੋ ਲੀਕ ਹੋਣ ਮਗਰੋਂ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਵਿੱਚ ਉਨ੍ਹਾਂ ਨੂੰ 9/11 ਦੀ ਘਟਨਾ ਨੂੰ ‘ਅਤਿਵਾਦੀ ਹਮਲਾ’ ਲਿਖਣ ਤੋਂ ਵਰਜਿਆ ਗਿਆ ਸੀ। ਐੱਫ ਬੀ ਆਈ ਦੇ ਡਾਇਰੈਕਟਰ, ਕੈਨੇਡਾ ਵਿੱਚ ਅਮਰੀਕੀ ਰਾਜਦੂਤ ਅਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਸੀ ਬੀ ਸੀ ਦੀ ਸਖ਼ਤ ਆਲੋਚਨਾ ਕੀਤੀ ਸੀ। ਵਿਰੋਧ ਵਧਦਾ ਦੇਖ ਕੇ ਸੀ ਬੀ ਸੀ ਦੇ ਸੀਨੀਅਰ ਡਾਇਰੈਕਟਰ ਬਾਸੇਮ ਬੋਸ਼ਰਾ ਨੇ ਸਪੱਸ਼ਟ ਕੀਤਾ ਕਿ 9/11 ਦੇ ਹਮਲਿਆਂ ਲਈ ਇਸ ਨਿਯਮ ਵਿੱਚ ਛੋਟ ਦਿੱਤੀ ਜਾਵੇਗੀ ਤਾਂ ਕਿ ਲੋਕਾਂ ਵਿੱਚ ਕੋਈ ਭੁਲੇਖਾ ਨਾ ਰਹੇ। ਹਾਲਾਂਕਿ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਲਈ ਪਹਿਲਾਂ ਵਾਂਗ ਅਧਿਕਾਰੀਆਂ ਦੇ ਹਵਾਲੇ ਨਾਲ ਹੀ ਰਿਪੋਰਟਿੰਗ ਕੀਤੀ ਜਾਵੇਗੀ।
ਇਸੇ ਦੌਰਾਨ ਕੈਨੇਡਾ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਾਰਕ ਮਿਲਰ ਨੇ ਸੀ ਬੀ ਸੀ ਦੀ ਇਸ ਤਬਦੀਲੀ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਵੀ ਕਿਹਾ ਸੀ ਕਿ ਕੈਨੇਡਾ ਹਮੇਸ਼ਾ 9/11 ਨੂੰ ਇਤਿਹਾਸ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਦਾ ਰਿਹਾ ਹੈ।
ਐੱਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਅਤੇ ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੇ ਪਹਿਲਾਂ ਜਾਰੀ ਕੀਤੇ ਗਏ ਮੀਮੋ ’ਤੇ ਸਖ਼ਤ ਨਾਰਾਜ਼ਗੀ ਜਤਾਈ ਸੀ। ਹਾਲਾਂਕਿ, ਸੀ ਬੀ ਸੀ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਅਤਿਵਾਦ ਸ਼ਬਦ ਦੀ ਵਰਤੋਂ ਲਈ ਹਵਾਲਾ ਦੇਣ ਦੀ ਨੀਤੀ ਦੁਨੀਆ ਭਰ ਦੀਆਂ ਪ੍ਰਮੁੱਖ ਖ਼ਬਰ ਏਜੰਸੀਆਂ ਵੱਲੋਂ ਵਰਤੀ ਜਾਂਦੀ ਹੈ।
ਟਰੰਪ ਪੈਂਟਾਗਨ ਵਿੱਚ 9/11 ਦੀ ਬਰਸੀ ਮਨਾਉਣਗੇ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 11 ਸਤੰਬਰ ਨੂੰ 9/11 ਹਮਲਿਆਂ ਦੀ 25ਵੀਂ ਬਰਸੀ ਮੌਕੇ ਪੈਂਟਾਗਨ ’ਚ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਨੇ ਹਿਊਸਟਨ ਤੋਂ ਪਰਤਣ ਮਗਰੋਂ ਇਸ ਦੀ ਪੁਸ਼ਟੀ ਕੀਤੀ। ਇਸੇ ਦੌਰਾਨ ਉਪ ਰਾਸ਼ਟਰਪਤੀ ਜੇ ਡੀ ਵੈਂਸ ਨਿਊਯਾਰਕ ਸਮਾਗਮ ਵਿੱਚ ਹਿੱਸਾ ਲੈਣਗੇ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਸ਼ੈਂਕਸਵਿਲੇ ਜਾਣਗੇ। ਜ਼ਿਕਰਯੋਗ ਹੈ ਕਿ ਅਲ-ਕਾਇਦਾ ਦੇ ਇਨ੍ਹਾਂ ਹਮਲਿਆਂ ਵਿੱਚ ਕਰੀਬ ਤਿੰਨ ਹਜ਼ਾਰ ਲੋਕ ਮਾਰੇ ਗਏ ਸਨ। -ਏਪੀ

