ਅਮਰੀਕਾ ਵੱਲੋਂ ਲਾਏ ਗਏ ਨਵੇਂ ਵਪਾਰਕ ਟੈਰਿਫਾਂ ਦੇ ਵਿਰੋਧ ਵਿੱਚ ਕੈਨੇਡਾ ਦੇ ਲੋਕਾਂ ਨੇ ਅਮਰੀਕੀ ਵਸਤਾਂ ਅਤੇ ਸੇਵਾਵਾਂ ਤੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੇ ਮੀਡੀਆ ਅਦਾਰੇ ਸੀ ਟੀ ਵੀ ਨਿਊਜ਼ ਵੱਲੋਂ ਕਰਵਾਏ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਸਿਰਫ਼ ਉਤਪਾਦਾਂ ਦਾ ਹੀ ਨਹੀਂ, ਸਗੋਂ ਅਮਰੀਕੀ ਸੈਰ-ਸਪਾਟੇ, ਮਨੋਰੰਜਨ ਅਤੇ ਬਹੁ-ਕੌਮੀ ਕੰਪਨੀਆਂ ਦਾ ਵੀ ਬਾਈਕਾਟ ਕਰ ਰਹੇ ਹਨ। ਸਰਵੇਖਣ ਦੌਰਾਨ ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਦੀਆਂ ਅਗਾਊਂ ਕਰਵਾਈਆਂ ਸੈਰ-ਸਪਾਟਾ ਬੁਕਿੰਗਾਂ ਰੱਦ ਕਰਵਾ ਦਿੱਤੀਆਂ ਹਨ। ਕੁਝ ਲੋਕਾਂ ਨੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਵੀ ਬਾਈਕਾਟ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਕੈਨੇਡਾ ਵਿੱਚ ਅਮਰੀਕੀ ਵਸਤਾਂ ਸਸਤੀਆਂ ਮਿਲਦੀਆਂ ਹਨ, ਪਰ ਦੇਸ਼ ਭਗਤੀ ਖ਼ਾਤਰ ਉਹ ਵੱਧ ਪੈਸੇ ਖਰਚਣ ਲਈ ਵੀ ਤਿਆਰ ਹਨ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਰਗੀਆਂ ਟਿੱਪਣੀਆਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਹ ਇਸ ਬਾਈਕਾਟ ਰਾਹੀਂ ਅਮਰੀਕੀ ਕਾਰੋਬਾਰੀਆਂ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਹਨ ਕਿ ਇਹ ਉਨ੍ਹਾਂ ਵੱਲੋਂ ਟਰੰਪ ਨੂੰ ਚੁਣਨ ਦੀ ਸਜ਼ਾ ਹੈ। ਹਾਲਾਂਕਿ, ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਸਰਕਾਰ ਦੀਆਂ ਨੀਤੀਆਂ ਦੀ ਸਜ਼ਾ ਆਮ ਅਮਰੀਕੀ ਉਤਪਾਦਕਾਂ ਨੂੰ ਨਹੀਂ ਮਿਲਣੀ ਚਾਹੀਦੀ।
‘ਪੰਜਾਬੀ ਟ੍ਰਿਬਿਊਨ’ ਵੱਲੋਂ ਕੈਨੇਡਾ ਰਹਿੰਦੇ ਪੰਜਾਬੀਆਂ ਨਾਲ ਕੀਤੀ ਗਈ ਗੱਲਬਾਤ ਵਿੱਚ ਵੀ ਇਸੇ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਰਗੇ ਵਿਕਸਤ ਮੁਲਕ ਦੇ ਰਾਸ਼ਟਰਪਤੀ ਤੋਂ ਅਜਿਹੀ ਬੇਤੁਕੀ ਬਿਆਨਬਾਜ਼ੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

