ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੁੰਬਈ ਪੁੱਜੇ
ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕਰਨਗੇ; ਕਾਰਨੀ ਦਾ ਪ੍ਰਧਾਨ ਮੰਤਰੀ ਵਜੋਂ ਪਹਿਲਾ ਦੌਰਾ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਪਤਨੀ ਡਾਇਨਾ ਫੌਕਸ ਕਾਰਨੀ ਨਾਲ ਚਾਰ-ਦਿਨਾ ਭਾਰਤ ਦੌਰੇ ਦੀ ਸ਼ੁਰੂਆਤ ਕਰਦਿਆਂ ਅੱਜ ਮੁੰਬਈ ਪੁੱਜੇ। ਇੱਥੇ ਕੌਮਾਂਤਰੀ ਹਵਾਈ ਅੱਡੇ ’ਤੇ ਮਹਾਰਾਸ਼ਟਰ ਦੇ ਪ੍ਰੋਟੋਕੋਲ ਅਤੇ ਮਾਰਕੀਟਿੰਗ ਮੰਤਰੀ ਜੈਕੁਮਾਰ ਰਾਵਲ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਵਿਦੇਸ਼ ਮੰਤਰਾਲੇ (ਐੱਮ ਈ ਏ) ਦੇ ਤਰਜਮਾਨ ਰਣਧੀਰ ਜੈਸਵਾਲ ਨੇ ਬਿਆਨ ਜਾਰੀ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੈਨੇਡੀਅਨ ਨੇਤਾ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਇੱਕ ਵੱਡਾ ਮੀਲ ਪੱਥਰ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ 27 ਫਰਵਰੀ ਤੋਂ 2 ਮਾਰਚ ਤੱਕ ਦੌਰਾ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ।
ਜੈਸਵਾਲ ਨੇ ਐਕਸ ’ਤੇ ਕਿਹਾ, ‘‘ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਭਾਰਤ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ ਉੱਤੇ ਮੁੰਬਈ ਪਹੁੰਚਣ ’ਤੇ ਨਿੱਘਾ ਸਵਾਗਤ ਹੈ। ਭਾਰਤ-ਕੈਨੇਡਾ ਭਾਈਵਾਲੀ ਸਾਂਝੇ ਲੋਕਤੰਤਰੀ ਮੁੱਲਾਂ, ਮਜ਼ਬੂਤ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਟਿਕੀ ਹੋਈ ਹੈ।’’
ਜਸਟਿਨ ਟਰੂਡੋ ਅਧੀਨ ਪਿਛਲੇ ਪ੍ਰਸ਼ਾਸਨ ਦੇ ਕਾਰਜਕਾਲ ਤੋਂ ਬਾਅਦ ਕਿਸੇ ਕੈਨੇਡੀਅਨ ਸਰਕਾਰ ਦੇ ਮੁਖੀ ਦਾ ਇਹ ਪਹਿਲਾ ਭਾਰਤ ਦੌਰਾ ਹੈ। ਟਰੂਡੋ ਸਰਕਾਰ ਜਿਸ ਦੌਰਾਨ ਦੁਵੱਲੇ ਸਬੰਧਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਮੁੰਬਈ ਵਿੱਚ ਪ੍ਰਮੁੱਖ ਕਾਰਪੋਰੇਟ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਰੁਝੇਵਿਆਂ ਤੋਂ ਬਾਅਦ ਉਹ 2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਹਿਮ ਗੱਲਬਾਤ ਲਈ ਨਵੀਂ ਦਿੱਲੀ ਜਾਣਗੇ। ਉਹ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ ਅਤੇ ਕੌਮੀ ਰਾਜਧਾਨੀ ਵਿੱਚ ਭਾਰਤ-ਕੈਨੇਡਾ ਸੀ ਈ ਓ ਫੋਰਮ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ ਪਿਛਲੇ ਨਵੰਬਰ ਵਿੱਚ ਜੋਹਾਨਸਬਰਗ ਵਿੱਚ ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨਾਲ ਗੱਲਬਾਤ ਕੀਤੀ ਸੀ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਭਾਰਤ 2030 ਤੱਕ 5000 ਅਮਰੀਕੀ ਡਾਲਰ ਦੇ ਦੁਵੱਲੇ ਵਪਾਰ ਦੇ ਮੀਲ ਪੱਥਰ ਨੂੰ ਪ੍ਰਾਪਤ ਕਰਨ ਦਾ ਇਰਾਦਾ ਰੱਖਦਾ ਹੈ।
ਕਾਰੋਬਾਰੀਆਂ ਨੂੰ ਟੈਕਸ ਮੁਕਤ ਵਪਾਰਕ ਸਮਝੌਤੇ ਿਸਰੇ ਚੜ੍ਹਨ ਦੀ ਉਮੀਦ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੇ ਬਹੁਤੇ ਕਾਰੋਬਾਰੀਆਂ ਦੀ ਨਜ਼ਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਹਿਲੀ ਭਾਰਤ ਫੇਰੀ ’ਤੇ ਟਿਕੀ ਹੋਈ ਹੈ। ਬਹੁਤੇ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਮਾਰਕ ਕਾਰਨੀ ਆਰਥਿਕ ਮਾਹਰ ਹੋਣ ਕਰ ਕੇ ਟੈਕਸ ਮੁਕਤ ਵਪਾਰਕ ਸਮਝੌਤੇ ਅਤੇ ਹੋਰ ਭਾਈਵਾਲੀਆਂ ਕਰ ਕੇ ਪਰਤਣਗੇ। ਕਈਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਯੂਰੋਪ ਵਿੱਚ ਵਪਾਰਕ ਸਮਝੌਤਿਆਂ ਵਿੱਚ ਮਿਲੀ ਸਫਲਤਾ ਨੂੰ ਆਧਾਰ ਬਣਾ ਕੇ ਅਜਿਹੀ ਉਮੀਦ ਨਹੀਂ ਲਾਉਣੀ ਚਾਹੀਦੀ ਕਿਉਂਕਿ ਭਾਰਤ ਦੇ ਹਾਲਾਤ ਯੂਰੋਪ ਵਰਗੇ ਨਹੀਂ। ਕੁਝ ਆਰਥਿਕ ਮਾਹਿਰਾਂ ਦੀ ਰਾਇ ਹੈ ਕਿ ਵਪਾਰਕ ਲੋੜਾਂ ਦੋਵਾਂ ਦੇਸ਼ਾਂ ਦੀ ਮਜਬੂਰੀ ਹੈ ਅਤੇ ਕਾਰੋਬਾਰੀਆਂ ਦੀ ਲੋੜ ਮੂਹਰੇ ਪਿਛਲੇ ਗਿਲੇ-ਸ਼ਿਕਵੇ ਭੁੱਲ ਜਾਣਗੇ ਤੇ ਮਾਰਕ ਕਾਰਨੀ ਵਪਾਰ ਦੇ ਨਾਲ-ਨਾਲ ਸਮਾਜਿਕ ਸਾਂਝ ਦਾ ਪੁਲ ਉਸਾਰ ਕੇ ਪਰਤਣਗੇ। ਕੈਨੇਡਾ ਦੇ ਵਪਾਰਕ ਹਲਕਿਆਂ ਵਿੱਚ ਹਰ ਥਾਂ ਮਾਰਕ ਕਾਰਨੀ ਦੇ ਭਾਰਤ ਦੌਰੇ ਦੇ ਚਰਚੇ ਹਨ।

