ਕੈਨੇਡਾ ਦੀ ਅਰਥਵਿਵਸਥਾ ਨੇ ਦੂਜੀ ਤਿਮਾਹੀ ਵਿੱਚ ਤੇਜ਼ੀ ਨਾਲ ਵਾਪਸੀ ਕਰਦਿਆਂ 3.3 ਫ਼ੀਸਦੀ ਸਾਲਾਨਾ ਦਰ ਨਾਲ ਵਿਕਾਸ ਦਰਜ ਕੀਤਾ। ਸਟੈਟਿਸਟਿਕਸ ਕੈਨੇਡਾ ਮੁਤਾਬਕ ਇਹ 2023 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ। ਪਹਿਲੀ ਤਿਮਾਹੀ ਦੀ ਵਿਕਾਸ ਦਰ ਨੂੰ ਸੋਧ ਕੇ 0.3 ਫ਼ੀਸਦੀ ਕੀਤਾ ਗਿਆ, ਜਿਸ ਨਾਲ ਕੈਨੇਡਾ ਤਕਨੀਕੀ ਮੰਦੀ ਤੋਂ ਬਚ ਗਿਆ।
ਦੂਜੀ ਤਿਮਾਹੀ ਵਿੱਚ ਘਰੇਲੂ ਮੰਗ, ਖ਼ਪਤਕਾਰ ਖ਼ਰਚ ਅਤੇ ਕਾਰੋਬਾਰੀ ਨਿਵੇਸ਼ ਵਿੱਚ ਮਜ਼ਬੂਤੀ ਨੇ ਅਰਥਵਿਵਸਥਾ ਨੂੰ ਸਹਾਰਾ ਦਿੱਤਾ। ਕੁੱਲ ਘਰੇਲੂ ਮੰਗ ਪਹਿਲੀ ਤਿਮਾਹੀ ਵਿੱਚ ਕੁਝ ਘੱਟ ਰਹਿਣ ਦੇ ਬਾਅਦ 1 ਫ਼ੀਸਦੀ ਵਧੀ। ਘਰੇਲੂ ਖ਼ਪਤ 0.8 ਫ਼ੀਸਦੀ ਵਧੀ, ਜੋ ਤਿੰਨ ਤਿਮਾਹੀਆਂ ਵਿੱਚ ਸਭ ਤੋਂ ਵੱਧ ਹੈ। ਇਸ ਵਾਧੇ ਪਿੱਛੇ ਵਧੀਆਂ ਤਨਖ਼ਾਹਾਂ ਅਤੇ ਸਰਕਾਰੀ ਲਾਭਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।
ਕਾਰੋਬਾਰੀ ਨਿਵੇਸ਼ ਵੀ 2.3 ਫ਼ੀਸਦੀ ਵਧਿਆ, ਜਦਕਿ ਪਹਿਲੀ ਤਿਮਾਹੀ ਵਿੱਚ ਇਹ 1.3 ਫ਼ੀਸਦੀ ਘਟਿਆ ਸੀ। ਦੂਜੀ ਤਿਮਾਹੀ ਦੇ ਵਿਕਾਸ ਦਾ ਸਭ ਤੋਂ ਵੱਡਾ ਕਾਰਨ ਬਰਾਮਦ ਸੀ, ਜਿਸ ਵਿੱਚ 3.6 ਫ਼ੀਸਦੀ ਦਾ ਵਾਧਾ ਹੋਇਆ ਜੋ ਬੀਤੇ ਤਿੰਨ ਵਰ੍ਹਿਆਂ ਵਿੱਚ ਸਭ ਤੋਂ ਵੱਧ ਹੈ। ਹਾਲਾਂਕਿ ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ ’ਤੇ ਨਵਾਂ 50 ਫ਼ੀਸਦੀ ਟੈਰਿਫ ਲਾਏ ਜਾਣ ਨਾਲ ਆਰਥਿਕ ਭਵਿੱਖ ਮੁਤੱਲਕ ਬੇਯਕੀਨੀ ਵਧੀ ਹੈ। ਕੈਨੇਡਾ ਨੇ ਵੀ ਜਵਾਬੀ ਕਦਮ ਚੁੱਕੇ ਹਨ। ਜੂਨ ਵਿੱਚ ਅਰਥਵਿਵਸਥਾ 0.3 ਫ਼ੀਸਦੀ ਵਧੀ, ਜਦਕਿ ਜੁਲਾਈ ਲਈ ਸ਼ੁਰੂਆਤੀ ਅੰਕੜੇ ਲਗਪਗ ਸਥਿਰ ਵਿਕਾਸ ਵੱਲ ਇਸ਼ਾਰਾ ਕਰਦੇ ਹਨ।
ਕਿਸਾਨਾਂ ਨੂੰ ਮੁਆਵਜ਼ਾ ਦੇਵੇਗਾ ਫਰਾਂਸ
ਪੈਰਿਸ: ਅਤਿ ਦੀ ਗਰਮੀ ਅਤੇ ਸੋਕੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਤੋਂ ਬਾਅਦ ਫਰਾਂਸ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਮੁਲਕ ਦੇ ਖੇਤੀ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਹਫ਼ਤੇ ਵਿਸਥਾਰ ਵਿੱਚ ਜਾਰੀ ਕੀਤੇ ਜਾਣ ਵਾਲੇ ਇਸ ਸਹਾਇਤਾ ਪੈਕੇਜ ਤਹਿਤ ਕਿਸਾਨਾਂ ਨੂੰ ਲੱਖਾਂ ਯੂਰੋ ਮੁਆਵਜ਼ੇ ਦੇ ਰੂਪ ਵਿੱਚ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਯੂਰੋਪ ਵਿੱਚ ਹਾਲ ਹੀ ਵਿੱਚ ਕਾਫ਼ੀ ਗਰਮੀ ਪਈ ਹੈ। ਗਰਮ ਅਤੇ ਖ਼ੁਸ਼ਕ ਦੌਰ ਨੇ ਫ਼ਸਲਾਂ, ਚਰਾਗਾਹਾਂ ਤੇ ਪਾਣੀ ਦੀ ਸਪਲਾਈ ਨੂੰ ਨੁਕਸਾਨ ਪਹੁੰਚਾਇਆ ਹੈ। ਫਰਾਂਸ ਦੇ ਲਗਪਗ 65 ਪ੍ਰਤੀਸ਼ਤ ਹਿੱਸੇ ਵਿੱਚ ਸੋਕਾ ਪਿਆ ਹੈ। ਜਦਕਿ ਜ਼ਮੀਨਦੋਜ਼ ਪਾਣੀ ਦਾ ਪੱਧਰ ਵੀ ਆਮ ਨਾਲੋਂ ਡਿੱਗ ਗਿਆ ਹੈ। -ਰਾਇਟਰਜ਼

