Canada-US Border Infrastructure: ਗੋਰਡੀ ਹੋਵ ਪੁਲ ਆਵਾਜਾਈ ਲਈ ਜਲਦੀ ਖੁੱਲ੍ਹੇਗਾ
ਕੈਨੇਡਾ ਅਤੇ ਅਮਰੀਕਾ ’ਚ ਦੁਵੱਲੀ ਆਵਾਜਾਈ ਲਈ ਡੈਟਰੌਇਟ ਦਰਿਆ ’ਤੇ ਬਣਾਏ ਗਏ ਢਾਈ ਕਿਲੋਮੀਟਰ ਲੰਮੇ ਪੁਲ ਨੂੰ ਚਾਲੂ ਹੋਣ ਲਈ ਹਰੀ ਝੰਡੀ ਮਿਲ ਗਈ ਹੈ। ਇਹ ਪੁਲ 123 ਫੁੱਟ ਚੌੜਾ ਅਤੇ 272 ਫੁੱਟ ਉੱਚਾ ਹੈ ਜੋ ਕੈਨੇਡਾ ਦੇ ਸ਼ਹਿਰ ਵਿੰਡਸਰ...
ਕੈਨੇਡਾ ਅਤੇ ਅਮਰੀਕਾ ’ਚ ਦੁਵੱਲੀ ਆਵਾਜਾਈ ਲਈ ਡੈਟਰੌਇਟ ਦਰਿਆ ’ਤੇ ਬਣਾਏ ਗਏ ਢਾਈ ਕਿਲੋਮੀਟਰ ਲੰਮੇ ਪੁਲ ਨੂੰ ਚਾਲੂ ਹੋਣ ਲਈ ਹਰੀ ਝੰਡੀ ਮਿਲ ਗਈ ਹੈ। ਇਹ ਪੁਲ 123 ਫੁੱਟ ਚੌੜਾ ਅਤੇ 272 ਫੁੱਟ ਉੱਚਾ ਹੈ ਜੋ ਕੈਨੇਡਾ ਦੇ ਸ਼ਹਿਰ ਵਿੰਡਸਰ ਅਤੇ ਅਮਰੀਕੀ ਸੂਬੇ ਮਿਸ਼ੀਗਨ ਦੇ ਸ਼ਹਿਰ ਡੈਟਰੌਇਟ ਨੂੰ ਕੈਨੇਡਾ ਦੇ ਹਾਈਵੇਅ 401 ਅਤੇ ਅਮਰੀਕਾ ਦੇ ਹਾਈਵੇਅ 75 ਨਾਲ ਜੋੜੇਗਾ। ਇਸ ਪੁਲ ਦੀ ਉਸਾਰੀ ਸਾਲ 2018 ’ਚ ਸ਼ੁਰੂ ਹੋਈ ਸੀ ਜੋ 8 ਸਾਲਾਂ ਮਗਰੋਂ ਮੁਕੰਮਲ ਹੋਈ ਹੈ। ਇਹ 90 ਸਾਲ ਪੁਰਾਣੇ ਅੰਬੈਸਡਰ ਪੁਲ ਦੀ ਥਾਂ ਲਵੇਗਾ, ਜੋ ਦੁਵੱਲੀ ਆਵਾਜਾਈ ਝੱਲਣ ਤੋਂ ਆਕੀ ਹੈ। ਇਸ ਪੁਲ ਦਾ ਨਾਂ ਅਮਰੀਕਾ ਦੇ ਪ੍ਰਸਿੱਧ ਆਈਸ ਹਾਕੀ ਖਿਡਾਰੀ ਦੇ ਨਾਂ ’ਤੇ ਰੱਖਿਆ ਗਿਆ ਹੈ। ਕੁੱਲ 6 ਅਰਬ ਡਾਲਰ ਨਾਲ ਤਿਆਰ ਇਸ ਪੁਲ ਦੇ ਲਾਗਤ ਹਿੱਸੇ ਦੀ ਵੰਡ ਦੋਵਾਂ ਮੁਲਕਾਂ ਨੇ ਬਰਾਬਰ ਕੀਤੀ ਹੈ। ਪ੍ਰਾਈਵੇਟ ਕੰਪਨੀ ਦੀ ਮਾਲਕੀ ਵਾਲੇ ਅੰਬੈਸਡਰ ਪੁਲ ਵਾਂਗ ਵਾਹਨਾਂ ਨੂੰ ਇਸ ਦੀ ਵਰਤੋਂ ਬਦਲੇ ਟੌਲ ਭਰਨਾ ਪਵੇਗਾ। ਪੁਲ ਦੀ ਠੇਕੇਦਾਰ ਕੰਪਨੀ ਵੱਲੋਂ ਇਸ ਨੂੰ ਪਹਿਲੀ ਜੂਨ ਤੋਂ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਦੋਵਾਂ ਮੁਲਕਾਂ ਦੇ ਖ਼ਦਸ਼ਿਆਂ ਕਾਰਨ ਦੇਰੀ ਹੁੰਦੀ ਚਲੀ ਗਈ ਤੇ ਅਖ਼ੀਰ ਦੋਵਾਂ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਇਸ ਨੂੰ ਚਾਲੂ ਕਰਨਾ ਦਾ ਐਲਾਨ ਕੀਤਾ ਗਿਆ ਹੈ। ਇੱਕ-ਦੋ ਦਿਨਾਂ ’ਚ ਇਸ ਦੇ ਰਸਮੀ ਉਦਘਾਟਨ ਦਾ ਦਿਨ ਐਲਾਨਿਆ ਜਾ ਸਕਦਾ ਹੈ।

