Canadaਵੱਲੋਂ ਤਿੰਨ ਮੁਲਕੀ ਸਮਝੌਤੇ ਦੀ ਮਿਆਦ ਵਧਾਉਣ ਦੀ ਤਜਵੀਜ਼
ਟਰੰਪ ਪ੍ਰਸ਼ਾਸਨ ਵੱਲੋਂ ਸਮਝੌਤੇ ’ਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਤਿਅਾਰੀ
ਕੈਨੇਡਾ ਨੇ ਕੈਨੇਡਾ-ਅਮਰੀਕਾ-ਮੈਕਸਿਕੋ ਮੁਕਤ ਵਪਾਰ ਸਮਝੌਤੇ ਦੀ ਮਿਆਦ 16 ਸਾਲ ਹੋਰ ਵਧਾਉਣ ਦੀ ਤਜਵੀਜ਼ ਰੱਖੀ ਹੈ। ਕੈਨੇਡਾ ਨੇ ਸਟੀਲ, ਐਲੂਮੀਨੀਅਮ ਅਤੇ ਆਟੋਮੋਬੀਲ ਖੇਤਰਾਂ ’ਤੇ ਲੱਗੇ ਟੈਰਿਫਾਂ ਸਬੰਧੀ ਵੱਖਰੀ ਗੱਲਬਾਤ ਦੀ ਮੰਗ ਵੀ ਕੀਤੀ ਹੈ। ਕੈਨੇਡਾ ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਇਸ ਸਾਲ ਸਮਝੌਤੇ ਦੀ ਲਾਜ਼ਮੀ ਸਮੀਖਿਆ ਹੋਣੀ ਹੈ। ਸੂਤਰਾਂ ਮੁਤਾਬਕ ਟਰੰਪ ਪ੍ਰਸ਼ਾਸਨ ਅਮਰੀਕਾ-ਮੈਕਸਿਕੋ-ਕੈਨੇਡਾ ਸਮਝੌਤੇ ਵਿੱਚ ਵੱਡੀਆਂ ਤਬਦੀਲੀਆਂ ਦੀ ਤਜਵੀਜ਼ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਵਪਾਰਕ ਵਿਸ਼ਲੇਸ਼ਕਾਂ ਅਨੁਸਾਰ ਇਹ ਕਦਮ ਉੱਤਰੀ ਅਮਰੀਕਾ ਵਿੱਚ ਵਾਹਨ ਨਿਰਮਾਣ ਨੂੰ ਮੁੜ ਅਮਰੀਕਾ ਵੱਲ ਖਿੱਚਣ ਦੀ ਵੱਡੀ ਰਣਨੀਤੀ ਦਾ ਹਿੱਸਾ ਹੈ। ਤਿੰਨ ਧਿਰੀ ਸਮਝੌਤਾ 2020 ਵਿੱਚ ਲਾਗੂ ਹੋਇਆ ਸੀ ਅਤੇ ਇਸ ਨੇ ਪੁਰਾਣੇ ਐੱਨ ਏ ਐੱਫ ਟੀ ਏ ਸਮਝੌਤੇ ਦੀ ਥਾਂ ਲਈ ਸੀ।
ਵਪਾਰ ਮੰਤਰੀ ਡੋਮੀਨਿਕ ਲੇਬਲਾਂ ਅਮਰੀਕੀ ਵਪਾਰ ਪ੍ਰਤੀਨਿਧੀਆਂ ਨਾਲ ਮੀਟਿੰਗ ਕਰ ਰਹੇ ਹਨ। ਉਧਰ, ਅਮਰੀਕਾ ਅਤੇ ਮੈਕਸਿਕੋ ਨੇ ਸਮਝੌਤੇ ਵਿੱਚ ਤਬਦੀਲੀਆਂ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ। ਕੈਨੇਡਾ ਤੇ ਮੈਕਸਿਕੋ ਇਸ ਵਪਾਰ ਸਮਝੌਤੇ ਨੂੰ ਕਾਇਮ ਰੱਖਣ ਦੇ ਹੱਕ ਵਿੱਚ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਾਰਲੀਮੈਂਟ ਹਿੱਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਨੇ ਸਮਝੌਤੇ ਨਾਲ ਸਬੰਧਤ ਮੈਕਸਿਕੋ ਦੇ ਕਰੀਬ 60 ਮੁੱਦੇ ਉਠਾਏ ਹਨ, ਜੋ ਕੈਨੇਡਾ ਨਾਲ ਜੁੜੇ ਮੁੱਦਿਆਂ ਦੀ ਗਿਣਤੀ ਤੋਂ ਲਗਪਗ ਦੁੱਗਣੇ ਹਨ। ਇਸ ਦੌਰਾਨ ਟਰੰਪ ਨੇ ਸੋਮਵਾਰ ਰਾਤੀਂ ਕੈਨੇਡੀਅਨ ਅਰਥਚਾਰੇ ਦੇ ਤਕਨੀਕੀ ਮੰਦੀ ਵਿੱਚ ਦਾਖਲ ਹੋਣ ਬਾਰੇ ਖ਼ਬਰ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ ‘51ਵਾਂ ਸੂਬਾ’ ਮਗਰੋਂ ਕੈਨੇਡਾ ਵਿੱਚ ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੇ ਟਰੰਪ ਦੀ ਇਹ ਪੋਸਟ ਸਾਂਝੀ ਕੀਤੀ।

