ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ ਪ੍ਰਭੂਸੱਤਾ ਸੰਪੰਨ ਦੇਸ਼ ਹੈ ਅਤੇ ਰਹੇਗਾ: ਕਿੰਗ ਚਾਰਲਸ

ਬਰਤਾਨਵੀ ਸਮਰਾਟ ਨੇ ਕੈਨੇਡਾ ਦੀ 45ਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਕੀਤਾ ਸੰਬੋਧਨ; ਕਾਰਨੀ ਸਰਕਾਰ ਦੀ ਪਿੱਠ ਥਾਪੜੀ
ਬਰਤਾਨੀਆ ਦੇ ਸਮਰਾਟ ਕਿੰਗ ਚਾਰਲਸ ਤੇ ਕੈਮਿਲਾ ਨਾਲ ਗੱਲਬਾਤ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ। -ਫੋਟੋ: ਰਾਇਟਰਜ਼
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 28 ਮਈ

Advertisement

ਬਰਤਾਨੀਆ ਦੇ ਸਮਰਾਟ ਕਿੰਗ ਚਾਰਲਸ (ਤੀਜੇ) ਨੇ ਅੱਜ ਕੈਨੇਡਾ ਦੀ 45ਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਪ੍ਰਭੂਸੱਤਾ ਸੰਪੰਨ ਦੇਸ਼ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਰਹੇਗਾ। ਉਨ੍ਹਾਂ ਯੂਰਪੀਅਨ ਯੂਨੀਅਨ ਵਿੱਚ ਆਏ ਵੱਡੇ ਬਦਾਲਅ ਦੀ ਗੱਲ ਕਰਦਿਆਂ ਕਿਹਾ ਕਿ ਏਕਤਾ ਸਮੇਂ ਦੀ ਲੋੜ ਹੈ ਤੇ ਯੂਨੀਅਨ ਕੈਨੇਡਾ ਨੂੰ ਆਪਣਾ ਹਿੱਸੇਦਾਰ ਮੰਨਦੀ ਹੈ। ਕਿੰਗ ਚਾਰਲਸ ਨੇ ਕਿਹਾ ਕਿ ਸ਼ਾਇਦ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਨੂੰ ਪਹਿਲੀ ਵਾਰ ਇੰਜ ਦੇ ਮਾੜੇ ਦੌਰ ’ਚੋਂ ਲੰਘਣਾ ਪੈ ਰਿਹਾ ਹੈ। ਪਰ ਨਾਲ ਹੀ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀਆਂ ਯੋਜਨਾਵਾਂ ਦੇਸ਼ ਨੂੰ ਉਭਾਰ ਲੈਣਗੀਆਂ। ਸੰਸਦ ਨੂੰ ਸੰਬੋਧਨ ਮੌਕੇ ਕਿੰਗ ਚਾਰਲਸ ਦੀ ਪਤਨੀ ਕੈਮਿਲਾ ਵੀ ਉਨ੍ਹਾਂ ਦੇ ਨਾਲ ਸੱਜੇ ਪਾਸੇ ਬੈਠੀ ਹੋਈ ਸੀ। ਹਾਲ ਵਿੱਚ ਸਾਰੇ ਸੰਸਦ ਮੈਂਬਰਾਂ ਦੇ ਨਾਲ ਨਾਲ ਜਸਟਿਨ ਟਰੂਡੋ ਅਤੇ ਸਟੀਵਨ ਹਾਰਪਰ ਸਮੇਤ ਕਈ ਸਾਬਕਾ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਰਾਣੀ ਐਲਿਜ਼ਾਬੈਥ ਨੇ 1977 ਵਿੱਚ ਕੈਨੇਡਿਆਈ ਸੰਸਦ ਨੂੰ ਸੰਬੋਧਨ ਕੀਤਾ ਸੀ। ਪਹਿਲੀ ਜੁਲਾਈ 1867 ਤੋਂ ਕੈਨੇਡਾ ਦੇ ਸੰਸਥਾਗਤੀ ਢਾਂਚੇ ਵਿੱਚ ਬਰਤਾਨੀਆ ਦੇ ਰਾਜਗੱਦੀ ਨਸ਼ੀਨ ਨੂੰ ਸਤਿਕਾਰ ਵਜੋਂ ਆਪਣੇ ਮੁੱਖੀ ਵਜੋਂ ਸਤਿਕਾਰਿਆ ਜਾਂਦਾ ਹੈ।

ਕਿੰਗ ਚਾਰਲਸ ਨੇ ਕਿਹਾ ਕਿ ਇਹ ਬੜੀ ਫਖ਼ਰ ਵਾਲੀ ਗੱਲ ਹੈ ਕਿ ਕੈਨੇਡਾ ਨੇ ਆਲਮੀ ਪੱਧਰ ’ਤੇ ਆਪਣੇ ਵਿਹਾਰ, ਕਦਰਾਂ ਕੀਮਤਾਂ, ਵਿਅਕਤੀਗਤ ਆਜ਼ਾਦੀ ਅਤੇ ਨਿਆਸਰਿਆਂ ਦਾ ਆਸਰਾ ਬਣਨ ਦੀਆਂ ਉਦਾਰਹਣਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਸਰਹੱਦਾਂ ਦੀ ਸੁਰੱਖਿਆ ਵਿੱਚ ਵੱਡੇ ਸੁਧਾਰ ਕਰ ਕੇ ਇਸ ਨੂੰ ਮਜ਼ਬੂਤ ਕਰਨ ਦੀ ਯੋਜਨਾ ਦੇ ਅਸਰ ਛੇਤੀ ਦਿਸਣ ਲੱਗਣਗੇ।

Advertisement