Canada George Massey Tunnel: ਲੰਮੀ ਉਡੀਕ ਤੋਂ ਬਾਅਦ ਮੈਸੀ ਟਨਲ ਦੇ ਦੁੱਗਣੇ ਚੌੜੇ ਵਿਕਲਪ ਨੂੰ ਮਿਲੀ ਹਰੀ ਝੰਡੀ
ਬ੍ਰਿਟਿਸ਼ ਕੋਲੰਬੀਆ ਵਿੱਚ ਫ਼ਰੇਜ਼ਰ ਦਰਿਆ ਦੇ ਹੇਠੋਂ ਰਸਤਾ ਬਣਾ ਕੇ ਲੋਕਾਂ ਨੂੰ ਵੈਨਕੂਵਰ ਨਾਲ ਜੋੜਦੀ 70 ਸਾਲ ਪੁਰਾਣੀ ਚਾਰ ਲੇਨ ਦੀ 'ਜੌਰਜ ਮੈਸੀ ਟਨਲ' ਦੇ ਵਿਕਲਪ ਵਜੋਂ ਉਸਾਰੀ ਜਾਣ ਵਾਲੀ ਨਵੀਂ ਇੱਕ ਕਿਲੋਮੀਟਰ ਲੰਮੀ ਅਤੇ 8 ਲੇਨ ਸੁਰੰਗ ਦੀ ਉਸਾਰੀ...
ਬ੍ਰਿਟਿਸ਼ ਕੋਲੰਬੀਆ ਵਿੱਚ ਫ਼ਰੇਜ਼ਰ ਦਰਿਆ ਦੇ ਹੇਠੋਂ ਰਸਤਾ ਬਣਾ ਕੇ ਲੋਕਾਂ ਨੂੰ ਵੈਨਕੂਵਰ ਨਾਲ ਜੋੜਦੀ 70 ਸਾਲ ਪੁਰਾਣੀ ਚਾਰ ਲੇਨ ਦੀ 'ਜੌਰਜ ਮੈਸੀ ਟਨਲ' ਦੇ ਵਿਕਲਪ ਵਜੋਂ ਉਸਾਰੀ ਜਾਣ ਵਾਲੀ ਨਵੀਂ ਇੱਕ ਕਿਲੋਮੀਟਰ ਲੰਮੀ ਅਤੇ 8 ਲੇਨ ਸੁਰੰਗ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਹੈ। 10 ਸਾਲਾਂ ਤੋਂ ਲਟਕੀ ਹੋਈ ਇਸ ਉਸਾਰੀ ਲਈ ਫੈਡਰਲ ਸਰਕਾਰ ਨੇ 3 ਅਰਬ ਡਾਲਰ ਦੇਣ ਦੀ ਮਨਜ਼ੂਰੀ ਦਿੱਤੀ ਹੈ।
ਸੂਬਾਈ ਮੁੱਖ ਮੰਤਰੀ ਡੇਵਿਡ ਈ ਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਂਝੇ ਤੌਰ ‘ਤੇ ਐਲਾਨ ਕਰਦਿਆਂ ਦੱਸਿਆ ਕਿ ਫੰਡਾਂ ਦੀ ਘਾਟ ਅਤੇ ਕੁਝ ਵਿਭਾਗੀ ਮਨਜ਼ੂਰੀਆਂ ਕਾਰਨ ਰੁਕੀ ਹੋਈ ਉਸਾਰੀ ਤੁਰੰਤ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜੁਲਾਈ 2017 ਤੱਕ ਸੱਤਾ ਵਿੱਚ ਰਹੀ ਬੀ ਸੀ ਲਿਬਰਲ ਪਾਰਟੀ ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਸਰਕਾਰ ਨੇ ਮੈਸੀ ਟਨਲ ਦੀ ਥਾਂ 6 ਲੇਨ ਦਾ ਓਵਰ ਬ੍ਰਿਜ ਮਨਜ਼ੂਰ ਕੀਤਾ ਸੀ, ਉਸ ਦੀ ਉਸਾਰੀ ਸ਼ੁਰੂ ਹੋਣ ਵਾਲੀ ਸੀ ਕਿ ਚੋਣਾਂ ਵਿੱਚ ਸੂਬਾਈ ਸੱਤਾ ਉੱਤੇ ਐੱਨ ਡੀ ਪੀ ਦਾ ਕਬਜ਼ਾ ਹੋ ਗਿਆ ਅਤੇ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ। 8 ਸਾਲ ਵਿਚਾਰ-ਚਰਚਾ ਤੋਂ ਬਾਅਦ ਆਖਰ 8 ਲੇਨ ਟਨਲ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ।
8 ਸਾਲ ਦੀ ਉਸਾਰੀ ਉਪਰੰਤ 1956 ਵਿੱਚ ਵਾਹਨ ਆਵਾਜਾਈ ਲਈ ਚਾਲੂ ਹੋਈ ਜੌਰਜ ਮੈਸੀ ਟਨਲ ਵੱਡ-ਅਕਾਰੀ ਫ਼ਰੇਜ਼ਰ ਦਰਿਆ ਹੇਠੋਂ ਲੰਘਦੀ ਹੈ। ਸ਼ੁਰੂਆਤ ਮੌਕੇ ਇਸ ਵਿੱਚੋਂ ਰੋਜ਼ਾਨਾ 5500 ਵਾਹਨ ਲੰਘਦੇ ਸੀ, ਪਰ ਮੌਜੂਦਾ ਆਵਾਜਾਈ ਅੰਕੜਾ 65 ਹਜ਼ਾਰ ਤੋਂ ਵੱਧ ਹੈ। ਵਾਹਨ ਇਸ ਵਿੱਚੋਂ ਲੰਘ ਕੇ ਫ਼ਰੇਜ਼ਰ ਦੇ ਆਰ-ਪਾਰ ਹੁੰਦੇ ਹਨ। ਅਮਰੀਕਾ ਬਾਰਡਰ ਤੋਂ ਆਉਂਦੇ ਹਾਈਵੇਅ 99 ਦਾ ਵੈਨਕੂਵਰ ਪਹੁੰਚਣ ਲਈ ਇਹੀ ਮੁੱਖ ਰਸਤਾ ਹੈ।
ਮੈਸੀ ਟਨਲ ਦੇ ਆਵਾਜਾਈ ਪ੍ਰਬੰਧਨ ਲਈ ਆਰ ਅਤੇ ਪਾਰ ਲਈ ਦੋ-ਦੋ ਲੇਨਾਂ ਵਰਤੀਆਂ ਜਾਂਦੀਆਂ ਹਨ, ਪਰ ਭੀੜ ਘੱਟ ਕਰਨ ਲਈ ਸਵੇਰੇ 6 ਤੋਂ 9 ਵਜੇ ਤੱਕ ਉੱਤਰੀ ਪਾਸੇ ਦੀ ਆਵਾਜਾਈ ਲਈ ਤਿੰਨ ਲੇਨਾਂ ਵਰਤੀਆਂ ਜਾਂਦੀਆਂ ਹਨ ਅਤੇ ਸ਼ਾਮ ਨੂੰ 3 ਤੋਂ 6 ਵਜੇ ਤੱਕ ਇਸ ਦੇ ਉਲਟ ਦੱਖਣੀ ਆਵਾਜਾਈ ਵਾਸਤੇ ਤਿੰਨ ਲੇਨਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਕਤੀ ਪ੍ਰਬੰਧਾਂ ਦੇ ਬਾਵਜੂਦ ਵਾਹਨਾਂ ਨੂੰ ਵਾਰੀ ਦੀ ਉਡੀਕ ਵਿੱਚ ਕਾਫ਼ੀ ਸਮਾਂ ਖ਼ਰਾਬ ਕਰਨਾ ਪੈਂਦਾ ਹੈ।
