ਭਾਰਤ ਵਿੱਚ ਦੁਨੀਆ ਲਈ ਨਿਰਮਾਣ ਕਰੋ: Nirmala Sitharaman
ਵਿੱਤ ਮੰਤਰੀ ਨੇ ਆਲਮੀ ਨਿਵੇਸ਼ਕਾਂ ਤੇ ਵਪਾਰਕ ਆਗੂਆਂ ਨਾਲ ਗੋਲਮੇਜ਼ ਮੀਟਿੰਗ ਕੀਤੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਲਮੀ ਨਿਵੇਸ਼ਕਾਂ ਨੂੰ ਭਾਰਤ ’ਚ ਨਿਰਮਾਣ ਆਧਾਰ ਅਤੇ ਤਕਨਾਲੋਜੀ ਤੇ ਖੋਜ ਕੇਂਦਰ ਸਥਾਪਤ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਨੂੰ ਭਾਰਤ ਦੇ ਹੁਨਰ ਅਤੇ ਮੌਕਿਆਂ ਦਾ ਲਾਭ ਲੈ ਕੇ ਦੁਨੀਆ ਲਈ ਨਿਰਮਾਣ ਕਰਨ ਦਾ ਸੱਦਾ ਦਿੱਤਾ ਹੈ। ਸ਼ਿਕਾਗੋ ’ਚ ਬੀਤੇ ਦਿਨ ਅਹਿਮ ਨਿਵੇਸ਼ਕਾਂ ਅਤੇ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਬਿਜ਼ਨਸ ਗੋਲਮੇਜ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਤਾਰਾਮਨ ਨੇ ਭਾਰਤ ਦੇ ਵਿਕਾਸ, ਸੁਧਾਰਾਂ ਦੀ ਰਫ਼ਤਾਰ ਅਤੇ ਲੰਮੇ ਸਮੇਂ ਦੇ ਨਿਵੇਸ਼ ਲਈ ਵਧਦੇ ਮੌਕਿਆਂ ’ਤੇ ਰੋਸ਼ਨੀ ਪਾਈ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਨਿਵੇਸ਼ ਤਜਵੀਜ਼ ਕਿਸੇ ਇੱਕ ਖੇਤਰ ’ਤੇ ਨਹੀਂ ਸਗੋਂ ਪਿਛਲੇ ਦਹਾਕੇ ’ਚ ਮਾਪਦੰਡ, ਵਿਕਾਸ, ਹੁਨਰ, ਬੁਨਿਆਦੀ ਢਾਂਚੇ, ਤਕਨਾਲੋਜੀ ਅਤੇ ਲਗਾਤਾਰ ਸੁਧਾਰਾਂ ’ਤੇ ਆਧਾਰਤ ਹੈ। ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਮੰਚ ਦੇ ਸਹਿਯੋਗ ਨਾਲ ਸ਼ਿਕਾਗੋ ’ਚ ਭਾਰਤ ਦੇ ਕੌਂਸਲਖ਼ਾਨੇ ਵੱਲੋਂ ਕਰਵਾਈ ਗੋਲਮੇਜ਼ ਮੀਟਿੰਗ ’ਚ ਉਨ੍ਹਾਂ ਕਿਹਾ ਨੀਤੀਗਤ ਮਾਹੌਲ ਕਾਰੋਬਾਰਾਂ ਨੂੰ ਨਿਵੇਸ਼ ਕਰਨ, ਨਿਰਮਾਣ ਕਰਨ, ਨਵੀਆਂ ਖੋਜਾਂ ਕਰਨ ਅਤੇ ਵਿਸਥਾਰ ਕਰਨ ਵਿੱਚ ਸਮਰੱਥ ਬਣਾਉਣ ਉੱਤੇ ਤੇਜ਼ੀ ਨਾਲ ਕੇਂਦਰਿਤ ਹੋ ਰਿਹਾ ਹੈ। ਵਿੱਤ ਮੰਤਰੀ ਨੇ ਆਲਮੀ ਭਾਈਵਾਲਾਂ ਨੂੰ ਸਹਿ-ਵਿਕਾਸ, ਸਹਿ-ਉਤਪਾਦਨ ਅਤੇ ਆਲਮੀ ਬਾਜ਼ਾਰਾਂ ਲਈ ਨਿਰਮਾਣ ਕਰਨ ਲਈ ਸੱਦਾ ਦਿੱਤਾ।
ਸੀਤਾਰਾਮਨ ਨੇ ਕਿਹਾ ਕਿ ਭਾਰਤ ਨੂੰ ਸਿਰਫ਼ ਸੇਵਾ ਮੁਹੱਈਆ ਕਰਨ ਵਾਲੇ ਬਾਜ਼ਾਰ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ ਸਗੋਂ ਭਾਰਤ ਦੀ ਇੰਜਨੀਅਰਿੰਗ ਪ੍ਰਤਿਭਾ, ਨਿਰਮਾਣ ਸਮਰੱਥਾ ਅਤੇ ਤਕਨਾਲੋਜੀ ਆਧਾਰਿਤ ਪ੍ਰਣਾਲੀ ਦਾ ਲਾਭ ਲੈ ਕੇ ਦੁਨੀਆ ਲਈ ਨਿਰਮਾਣ ਕਰਨਾ ਚਾਹੀਦਾ ਹੈ। ਮੀਟਿੰਗ ਦਾ ਮੁੱਖ ਵਿਸ਼ਾ ਭਾਰਤ ਵਿੱਚ ਨਿਰਮਾਣ ‘ਭਾਰਤ ਲਈ ਅਤੇ ਦੁਨੀਆ ਲਈ’, ਸੀ ਜਿਸ ਵਿੱਚ ਨਿਰਮਾਣ, ਏ ਆਈ ਅਤੇ ਡਿਜੀਟਲ ਵਿੱਤੀ ਸੇਵਾਵਾਂ, ਬੁਨਿਆਦੀ ਢਾਂਚਾ, ਖ਼ੁਰਾਕ ਪ੍ਰੋਸੈਸਿੰਗ, ਰੱਖਿਆ ਅਤੇ ਉੱਨਤ ਤਕਨਾਲੋਜੀਆਂ ਦੇ ਮੌਕੇ ਸ਼ਾਮਲ ਸਨ।

