ਬਰਤਾਨੀਆ: Indian Restaurant ’ਚ ਅੱਗ ਲਾਉਣ ਵਾਲੇ 2 Teenagers ਨੂੰ ਕੈਦ
ਪੂਰਬੀ ਲੰਡਨ ਵਿੱਚ ਭਾਰਤੀ ਰੈਸਟੋਰੈਂਟ ’ਚ ਅੱਗ ਲਾਉਣ ਕਾਰਨ 17 ਸਾਲਾ ਦੇ ਦੋ ਲੜਕਿਆਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅੱਗ ਲੱਗਣ ਵੇਲੇ ਉਥੇ ਖਾਣਾ ਖਾ ਰਹੇ ਗਾਹਕ ਗੰਭੀਰ ਜ਼ਖ਼ਮੀ ਹੋਏ ਸਨ। ਲੰਡਨ ਦੀ ਓਲਡ ਬੇਲੀ ਅਦਾਲਤ...
ਪੂਰਬੀ ਲੰਡਨ ਵਿੱਚ ਭਾਰਤੀ ਰੈਸਟੋਰੈਂਟ ’ਚ ਅੱਗ ਲਾਉਣ ਕਾਰਨ 17 ਸਾਲਾ ਦੇ ਦੋ ਲੜਕਿਆਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅੱਗ ਲੱਗਣ ਵੇਲੇ ਉਥੇ ਖਾਣਾ ਖਾ ਰਹੇ ਗਾਹਕ ਗੰਭੀਰ ਜ਼ਖ਼ਮੀ ਹੋਏ ਸਨ। ਲੰਡਨ ਦੀ ਓਲਡ ਬੇਲੀ ਅਦਾਲਤ ਨੂੰ ਪਿਛਲੇ ਹਫਤੇ ਦੱਸਿਆ ਗਿਆ ਸੀ ਕਿ ਇਹ ਨਾਬਾਲਗ ਅਗਸਤ 2025 ਵਿੱਚ ਗੈਂਟਸ ਹਿੱਲ ਸਥਿਤ ‘ਇੰਡੀਅਨ ਅਰੋਮਾ’ ਰੈਸਟੋਰੈਂਟ ਵਿੱਚ ਦਾਖਲ ਹੋਣ ਵੇਲੇ ਦਾਤਰ ਤੇ ਤਲਵਾਰਾਂ ਵਰਗੇ ਹਥਿਆਰ ਲੈ ਕੇ ਗਏ ਸਨ। ਉਨ੍ਹਾਂ ਦਰਵਾਜ਼ੇ ਬੰਦ ਕੀਤੇ ਹੋਏ ਸਨ, ਜਦੋਂ ਕਿ ਤੀਜੇ ਨੇ ਕਮਰੇ ਵਿੱਚ ਚਾਰੇ ਪਾਸੇ ਤੇਲ ਛਿੜਕ ਕੇ ਅੱਗ ਲਾ ਦਿੱਤੀ ਸੀ।
ਸਜ਼ਾ ਸੁਣਾਉਣ ਦੌਰਾਨ ਜੱਜ ਮਾਈਕਲ ਗਰੀਵ ਨੇ ਲੜਕਿਆਂ ਨੂੰ ਕਿਹਾ, ‘‘ਤੁਸੀਂ ਦੋਵੇਂ ਇਸ ਦੇ ਗੰਭੀਰ ਨਤੀਜਿਆਂ ਤੋਂ ਪੂਰੀ ਤਰ੍ਹਾਂ ਜਾਣੂ ਸੀ।’’ ਪੀੜਤਾਂ ਦਾ ਜ਼ਿਕਰ ਕਰਦਿਆਂ ਜਸਟਿਸ ਗਰੀਵ ਨੇ ਕਿਹਾ ਕਿ ਉਨ੍ਹਾਂ ਨੇ ਦਰਦਨਾਕ ਅਤੇ ਜ਼ਿੰਦਗੀ ਬਦਲ ਦੇਣ ਵਾਲੇ ਜ਼ਖ਼ਮ ਝੱਲੇ ਹਨ ਅਤੇ ਇਹ ਇਸ ਨਾਲੋਂ ਵੀ ਮਾੜਾ ਹੋ ਸਕਦਾ ਸੀ। ਉਨ੍ਹਾਂ ਨੌਜਵਾਨਾਂ ’ਤੇ ਸੋਚ-ਸਮਝ ਕੇ ਹਮਲਾ ਕਰਨ ਦਾ ਦੋਸ਼ ਲਾਇਆ।
ਅਦਾਲਤ ਨੇ ਲੜਕਿਆਂ ਨੂੰ 10-10 ਸਾਲ ਦੀ ਜੇਲ੍ਹ ਅਤੇ ਇਸ ਤੋਂ ਬਾਅਦ ਸਖ਼ਤ ਸ਼ਰਤਾਂ ਤਹਿਤ ਤਿੰਨ ਸਾਲਾਂ ਦੀ ਵਾਧੂ ਮਿਆਦ ਵਾਲੀ ਸਜ਼ਾ ਸੁਣਾਈ ਹੈ। ਨਾਬਾਲਗ ਹੋਣ ਕਾਰਨ ਨੌਜਵਾਨਾਂ ਦੀ ਪਛਾਣ ਗੁਪਤ ਰੱਖੀ ਗਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਇਹ ਨਾਬਾਲਗ ਤੀਜੇ ਵਿਅਕਤੀ ਨਾਲ ਰੈਸਟੋਰੈਂਟ ਵਿੱਚ ਦਾਖਲ ਹੋਏ ਸਨ ਜਦੋਂ ਅੱਠ ਗਾਹਕ ਖਾਣਾ ਖਾ ਰਹੇ ਸਨ। ਤੀਜਾ ਵਿਅਕਤੀ ਰੈਸਟੋਰੈਂਟ ਦੇ ਪਿਛਲੇ ਹਿੱਸੇ ਵਿੱਚ ਗਿਆ ਅਤੇ ਫਰਸ਼ ਤੇ ਮੇਜ਼ਾਂ ’ਤੇ ਪੈਟਰੋਲ ਛਿੜਕ ਦਿੱਤਾ।

