ਗ੍ਰੀਨਲੈਂਡ ’ਤੇ ਕਬਜ਼ੇ ਦੇ ਬਿਆਨ ਮਗਰੋਂ ਟਰੰਪ ਨੂੰ ਕੋਰਾ ਜਵਾਬ
ਬਹੁਤ ਹੋ ਗਿਆ, ਕਬਜ਼ੇ ਬਾਰੇ ਕਾਲਪਨਿਕ ਗੱਲਾਂ ਬੰਦ ਹੋਣ: ਨੀਲਸਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦੀ ਇੱਛਾ ਮੁੜ ਜ਼ਾਹਰ ਕਰਨ ਤੋਂ ਬਾਅਦ ਇਸ ਟਾਪੂ ਦੇ ਆਗੂਆਂ ਅਤੇ ਯੂਰੋਪੀਅਨ ਸਹਿਯੋਗੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ-ਫਰੈਡਰਿਕ ਨੀਲਸਨ ਨੇ ਕਿਹਾ, ‘‘ਬਹੁਤ ਹੋ ਗਿਆ।’’ ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ, ‘‘ਦੋਸਤਾਂ ਵਿਚਾਲੇ ਧਮਕੀਆਂ, ਦਬਾਅ ਅਤੇ ਕਬਜ਼ੇ ਦੀਆਂ ਗੱਲਾਂ ਦੀ ਕੋਈ ਥਾਂ ਨਹੀਂ ਹੈ। ਹੁਣ ਬਹੁਤ ਹੋ ਗਿਆ... ਕਬਜ਼ੇ ਬਾਰੇ ਕਾਲਪਨਿਕ ਗੱਲਾਂ ਹੁਣ ਬੰਦ ਹੋਣੀਆਂ ਚਾਹੀਦੀਆਂ ਹਨ।’’ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੂੰ ਸੁਰੱਖਿਆ ਲਈ ਗ੍ਰੀਨਲੈਂਡ ਦੀ ਸਖ਼ਤ ਲੋੜ ਹੈ, ਉਹ ਕੁਝ ਹਫ਼ਤਿਆਂ ਵਿੱਚ ਇਸ ਵਿਸ਼ੇ ’ਤੇ ਦੁਬਾਰਾ ਗੱਲ ਕਰਨਗੇ। ਡੈੱਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੇ ਅਮਰੀਕੀ ਟਿੱਪਣੀਆਂ ਨੂੰ ਬੇਤੁਕਾ ਕਰਾਰ ਦਿੱਤਾ ਹੈ। ਉੱਧਰ, ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨੇ ਐਕਸ ’ਤੇ ਕਿਹਾ ਕਿ ਗ੍ਰੀਨਲੈਂਡ ਅਤੇ ਡੈੱਨਮਾਰਕ ਦਾ ਫੈਸਲਾ ਕੋਈ ਹੋਰ ਨਹੀਂ, ਸਗੋਂ ਉੱਥੋਂ ਦੇ ਲੋਕ ਹੀ ਕਰਨਗੇ। ਫਰਾਂਸ ਨੇ ਵੀ ਗ੍ਰੀਨਲੈਂਡ ਦੇ ਲੋਕਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ ਹੈ।

