ਲਹਿੰਦੇ ਪੰਜਾਬ ’ਚ Bhagat Singh ਦੀ Birth Anniversary ਮਨਾਈ
ਭਗਤ ਸਿੰਘ ਨੂੰ ‘ਨਿਸ਼ਾਨ-ਏ-ਪਾਕਿਸਤਾਨ’ ਅਤੇ ‘ਭਾਰਤ ਰਤਨ’ ਦੇਣ ਦੀ ਮੰਗ
ਲਹਿੰਦੇ ਪੰਜਾਬ ਵਿੱਚ ਅੱਜ ਇਨਕਲਾਬੀ ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਨੇ ਲਾਹੌਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕਰੈਟਿਕ ਲਾਅਨ ਵਿੱਚ ਕੇਕ ਕੱਟਿਆ ਜਿਸ ਦੌਰਾਨ ਵਕੀਲਾਂ, ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਅਤੇ ਭਗਤ ਸਿੰਘ ਦੇ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ ਦਾ ਸੰਘਰਸ਼ ਉਪ ਮਹਾਦੀਪ ਦੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਦਾ ਅਹਿਮ ਹਿੱਸਾ ਹੈ ਅਤੇ ਉਨ੍ਹਾਂ ਦੀ ਹਿੰਮਤ, ਸਿਆਸੀ ਚੇਤਨਾ ਅਤੇ ਕੁਰਬਾਨੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਵੀ ਪ੍ਰਸੰਗਕ ਹਨ। ਕੁਰੈਸ਼ੀ ਨੇ ਕਿਹਾ, ‘‘ਭਗਤ ਸਿੰਘ ਸਿਰਫ਼ ਕਿਸੇ ਖਾਸ ਖਿੱਤੇ ਜਾਂ ਭਾਈਚਾਰੇ ਦੇ ਇਤਿਹਾਸ ਦਾ ਹਿੱਸਾ ਨਹੀਂ ਹੈ ਸਗੋਂ ਉਹ ਉਪ ਮਹਾਦੀਪ ਦੇ ਸਾਂਝੇ ਇਤਿਹਾਸਕ ਵਿਰਸੇ ਦਾ ਅਹਿਮ ਹਿੱਸਾ ਹੈ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਲਹਿਰ ਦੇ ਇਤਿਹਾਸ ਤੋਂ ਇਤਿਹਾਸਕ ਥਾਵਾਂ, ਦਸਤਾਵੇਜ਼ਾਂ, ਅਦਾਲਤੀ ਰਿਕਾਰਡਾਂ ਅਤੇ ਕੌਮੀ ਵਿਰਾਸਤ ਦੇ ਹੋਰ ਰੂਪਾਂ ਰਾਹੀਂ ਜਾਣੂ ਕਰਵਾਇਆ ਜਾਵੇ, ਨਾ ਕਿ ਇਸ ਨੂੰ ਸਿਰਫ਼ ਪਾਠ-ਪੁਸਤਕਾਂ ਤੱਕ ਹੀ ਸੀਮਤ ਰੱਖਿਆ ਜਾਵੇ।
ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਭਗਤ ਸਿੰਘ ਦੇ ਇਤਿਹਾਸਕ ਸੰਘਰਸ਼ ਅਤੇ ਕੁਰਬਾਨੀ ਨੂੰ ਮਾਨਤਾ ਦਿੰਦਿਆਂ ਉਸ ਨੂੰ ‘ਨਿਸ਼ਾਨ-ਏ-ਪਾਕਿਸਤਾਨ’ ਨਾਲ ਸਨਮਾਨਿਤ ਕਰਨ ’ਤੇ ਵਿਚਾਰ ਕਰੇ। ਮਤੇ ਵਿੱਚ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਭਗਤ ਸਿੰਘ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ’ਤੇ ਵਿਚਾਰ ਕਰੇ।

