
ਕਰਾਚੀ ਵਿੱਚ ਈਦੀ ਫਾਊਂਡੇਸ਼ਨ ਦੇ ਵਾਲੰਟੀਅਰ ਹਨੇਰੇ ਵਿੱਚ ਕੰਮ ਕਰਦੇ ਹੋਏ। -ਫੋਟੋ: ਰਾਇਟਰਜ਼
ਇਸਲਾਮਾਬਾਦ, 23 ਜਨਵਰੀ
ਕੌਮੀ ਗਰਿੱਡ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਅੱਜ ਪੂਰੇ ਪਾਕਿਸਤਾਨ ਦੀ ਬੱਤੀ ਗੁੱਲ ਹੋ ਗਈ ਅਤੇ ਕਰੋੜਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿੱਤੀ ਸੰਕਟ ਦਾ ਸਾਹਮਣੇ ਕਰ ਰਹੇ ਦੇਸ਼ ਨੂੰ ਲਗਪਗ ਪਿਛਲੇ ਚਾਰ ਮਹੀਨਿਆਂ ਵਿੱਚ ਦੂਜੀ ਵਾਰ ਬਿਜਲੀ ਸੰਕਟ ਨਾਲ ਜੂਝਣਾ ਪਿਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਬਿਜਲੀ ਸੰਕਟ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਉੱਚ ਪੱਧਰੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਹਨ।
ਊਰਜਾ ਮੰਤਰਾਲੇ ਮੁਤਾਬਕ ਸਵੇਰੇ 7.34 ਵਜੇ ਕੌਮੀ ਗਰਿੱਡ ਵਿੱਚ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਪੂਰੇ ਦੇਸ਼ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ। ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਨੁਕਸਾਨ ਨੂੰ ਠੀਕ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।’’
ਊਰਜਾ ਮੰਤਰੀ ਖੁਰਮ ਦਸਤਗੀਰ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਨੂੰ ਛੇਤੀ ਦੇਸ਼ ਵਿੱਚ ਬਿਜਲੀ ਸਪਲਾਈ ਬਹਾਲ ਹੋਣ ਦੀ ਉਮੀਦ ਹੈ। ਨੈਸ਼ਨਲ ਪਾਵਰ ਕੰਸਟਰੱਕਸ਼ਨ ਕਾਰਪੋਰੇਸ਼ਨ (ਐੱਨਪੀਸੀਸੀ) ਨਾਲ ਜੁੜੇ ਸੂਤਰਾਂ ਨੇ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੂੰ ਦੱਸਿਆ ਕਿ ਊਰਜਾ ਮੰਤਰੀ ਦਸਤਗੀਰ ਨੇ ਅਧਿਕਾਰੀਆਂ ਨੂੰ ਰਾਤ ਦਸ ਵਜੇ ਤੱਕ ਦੇਸ਼ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਦਾ ਸਮਾਂ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੇ ਸਰਦੀਆਂ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਘਟਣ ਕਾਰਨ ਲਾਗਤ ਘਟਾਉਣ ਲਈ ਰਾਤ ਨੂੰ ਪਾਵਰ ਜੈਨਰੇਟਰ ਯੂਨਿਟ ਬੰਦ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਸਿਸਟਮ ਮੁੜ ਚਾਲੂ ਕੀਤਾ ਗਿਆ ਤਾਂ ਦੇਸ਼ ਦੇ ਦੱਖਣੀ ਹਿੱਸੇ ਵਿੱਚ ਬਿਜਲੀ ਸਪਲਾਈ ਵਿੱਚ ਸਮੱਸਿਆ ਆਉਣ ਸ਼ੁਰੂ ਹੋ ਗਈ ਅਤੇ ਪਾਵਰ ਜੈਨਰੇਟਰ ਯੂਨਿਟ ਇੱਕ ਇੱਕ ਕਰ ਕੇ ਬੰਦ ਹੋ ਗਏ। ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ਵਾਸੀਆਂ ਦੀ ਅੱਜ ਸਵੇਰੇ ਜਦੋਂ ਜਾਗ ਖੁੱਲ੍ਹੀ ਤਾਂ ਸ਼ਹਿਰ ਵਿੱਚ ਕਿਤੇ ਵੀ ਬਿਜਲੀ ਨਹੀਂ ਸੀ। ਵੇਰਵਿਆਂ ਮੁਤਾਬਕ, ਪਾਕਿਸਤਾਨ ਦੇ ਹੋਰ ਸ਼ਹਿਰਾਂ ਵਿੱਚ ਵੀ ਬਿਜਲੀ ਦੇ ਵੱਡੇ ਕੱਟੇ ਲੱਗੇ ਰਹੇ, ਪਰ ਕਰਾਚੀ ਵਿੱਚ ਹਾਲਤ ਬਦਤਰ ਸੀ।
23 ਲੱਖ ਦੀ ਅਬਾਦੀ ਵਾਲੇ ਸ਼ਹਿਰ ਪਿਸ਼ਵਾਰ ਵਿੱਚ ਵੀ ਇਹੋ ਜਿਹੇ ਹਾਲਾਤ ਸਨ। ਬਿਜਲੀ ਨਾ ਆਉਣ ਕਾਰਨ ਕਈ ਥਾਈਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆਉਣ ਦੀ ਰਿਪੋਰਟ ਹੈ। ਜ਼ਿਕਰਯੋਗ ਹੈ ਕਿ ਪਿਛਲੇ ਅਕਤੂਬਰ ਵਿੱਚ ਵੀ ਤਕਨੀਕੀ ਨੁਕਸ ਪੈਣ ਕਾਰਨ ਪੂਰਾ ਪਾਕਿਸਤਾਨ ਲਗਪਗ 12 ਘੰਟੇ ਹਨੇਰੇ ਵਿੱਚ ਡੁੱਬਿਆ ਰਿਹਾ ਸੀ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ