Bangladesh: ਵਿਰੋਧੀ ਧਿਰ ਦੇ ਨੇਤਾ ਨੇ ਭਾਰਤੀ ਲਾਂਘੇ ਵਿਰੁੱਧ ਚਿਤਾਵਨੀ ਦਿੱਤੀ
ਗੰਗਾ ਦੇ ਪਾਣੀ ਦੇ ਨਿਆਂਇਕ ਸਮਝੌਤੇ ਦੀ ਮੰਗ ਕੀਤੀ
ਬੰਗਲਾਦੇਸ਼ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਦੇਸ਼ ਵਿੱਚੋਂ ਭਾਰਤੀ ਲਾਂਘੇ ਨੂੰ ਸੌਖਾ ਬਣਾਉਣ ਵਾਲੇ ਕਿਸੇ ਵੀ ਕਦਮ ਵਿਰੁੱਧ ਚਿਤਾਵਨੀ ਜਾਰੀ ਕੀਤੀ ਹੈ। ਵਿਰੋਧੀ ਨੇਤਾ ਨੇ ਦਸੰਬਰ ਵਿੱਚ ਗੰਗਾ ਸਮਝੌਤੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਨਵੀਂ ਦਿੱਲੀ ਨਾਲ ਪਾਣੀ ਦੀ ਵੰਡ ਦੇ ਨਿਆਂਇਕ ਸਮਝੌਤੇ ਦੀ ਮੰਗ ਕੀਤੀ ਹੈ। ਨੈਸ਼ਨਲ ਸਿਟੀਜ਼ਨ ਪਾਰਟੀ (ਐੱਨ ਸੀ ਪੀ) ਦੇ ਕਨਵੀਨਰ ਨਾਹਿਦ ਇਸਲਾਮ ਨੇ ਢਾਕਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ, ਜਿਸ ਵਿੱਚ ਸੈਂਕੜੇ ਸਮਰਥਕਾਂ ਨੇ ਹਿੱਸਾ ਲਿਆ।
ਇਸ ਰੈਲੀ ਦਾ ਮੁੱਖ ਉਦੇਸ਼ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਸਲਾਹੂਦੀਨ ਅਹਿਮਦ ਅਤੇ ਬਿਜਲੀ, ਊਰਜਾ ਤੇ ਖਣਿਜ ਸਰੋਤ ਮੰਤਰੀ ਇਕਬਾਲ ਹਸਨ ਮਹਿਮੂਦ ਤੁਕੂ ਦੇ ਅਸਤੀਫੇ ਦੀ ਮੰਗ ਕਰਨਾ ਸੀ, ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਗੈਸ ਤੇ ਬਿਜਲੀ ਦੀ ਕਿੱਲਤ ਨੂੰ ਦੂਰ ਕਰਨ ਵਿੱਚ ਕਥਿਤ ਤੌਰ ’ਤੇ ਅਸਫਲ ਰਹੇ ਹਨ। ਰੈਲੀ ਵਿੱਚ ਐੱਨ ਸੀ ਪੀ ਨੇਤਾ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਰਕਾਰ ’ਤੇ ਦੇਸ਼ ਰਾਹੀਂ ਭਾਰਤੀ ਟਰਾਂਜ਼ਿਟ ਲਾਂਘਾ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ।
ਬੰਗਲਾਦੇਸ਼ੀ ਅਖਬਾਰ ‘ਪ੍ਰੋਥਮ ਆਲੋ’ ਅਤੇ ‘ਬੀ ਡੀ ਨਿਊਜ਼24’ ਵੈੱਬਸਾਈਟ ਮੁਤਾਬਕ, ਉਨ੍ਹਾਂ ਇਹ ਧਮਕੀ ਵੀ ਦਿੱਤੀ ਹੈ ਕਿ ਜੇ ਗੰਗਾ ਪਾਣੀ ਵੰਡ ਸਮਝੌਤੇ ਨੂੰ ਅਜਿਹੀਆਂ ਸ਼ਰਤਾਂ ’ਤੇ ਨਵਿਆਇਆ ਨਹੀਂ ਗਿਆ, ਜੋ ਬੰਗਲਾਦੇਸ਼ ਦੇ ਨਦੀ ਦੇ ਪਾਣੀ ਦੇ ਹਿੱਸੇ ਦੀ ਰਾਖੀ ਕਰਦੀਆਂ ਹੋਣ, ਤਾਂ ਨਵੇਂ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ‘ਬੀ ਡੀ ਨਿਊਜ਼24’ ਨੇ ਨਾਹਿਦ ਦੇ ਹਵਾਲੇ ਨਾਲ ਕਿਹਾ, ‘‘ਜਪਾਨ ਇੱਕ ਵਾਰ ਫਿਰ ਬੰਗਲਾਦੇਸ਼ ਰਾਹੀਂ ਲਾਂਘਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।’’

