Bangladesh: ਸ਼ਿਪਬ੍ਰੇਕਿੰਗ ਯਾਰਡ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਘੱਟੋ-ਘੱਟ ਅੱਠ ਮਜ਼ਦੂਰਾਂ ਦੀ ਮੌਤ
ਬੰਗਲਾਦੇਸ਼ ਦੇ ਦੱਖਣ-ਪੂਰਬੀ ਹਿੱਸੇ ਵਿੱਚ ਇੱਕ ਸ਼ਿਪਬ੍ਰੇਕਿੰਗ ਯਾਰਡ 'ਚ ਸ਼ੁੱਕਰਵਾਰ ਨੂੰ ਸ਼ੱਕੀ ਗੈਸ ਲੀਕ ਹੋਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਸਰਵਿਸ ਤੋਂ ਮੁਕਤ ਕੀਤੇ ਗਏ ਇੱਕ ਜਹਾਜ਼ ਨੂੰ ਤੋੜਨ ਦੌਰਾਨ ਵਾਪਰਿਆ।...
ਬੰਗਲਾਦੇਸ਼ ਦੇ ਦੱਖਣ-ਪੂਰਬੀ ਹਿੱਸੇ ਵਿੱਚ ਇੱਕ ਸ਼ਿਪਬ੍ਰੇਕਿੰਗ ਯਾਰਡ 'ਚ ਸ਼ੁੱਕਰਵਾਰ ਨੂੰ ਸ਼ੱਕੀ ਗੈਸ ਲੀਕ ਹੋਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਸਰਵਿਸ ਤੋਂ ਮੁਕਤ ਕੀਤੇ ਗਏ ਇੱਕ ਜਹਾਜ਼ ਨੂੰ ਤੋੜਨ ਦੌਰਾਨ ਵਾਪਰਿਆ।
ਪੁਲੀਸ ਇੰਸਪੈਕਟਰ ਮੋਹੰਮਦ ਆਲਮਗੀਰ ਨੇ ਦੱਸਿਆ ਕਿ ਸੀਤਾਕੁੰਡ ਖੇਤਰ ਵਿੱਚ ਸਥਿਤ ਫਿਰਦੌਸ ਸਟੀਲ ਸ਼ਿਪਬ੍ਰੇਕਿੰਗ ਯਾਰਡ ਵਿੱਚ ਕਈ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਮ੍ਰਿਤਕਾਂ ਦੀ ਗਿਣਤੀ ਛੇ ਸੀ, ਪਰ ਮੌਕੇ ਤੋਂ ਹਟਾਏ ਜਾਣ ਤੋਂ ਬਾਅਦ ਦੋ ਹੋਰ ਲੋਕਾਂ ਦੀ ਮੌਤ ਹੋ ਗਈ।
ਉੱਥੇ ਹੀ ਕੰਪਨੀ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ।
ਸਰਕਾਰੀ ਸਮਾਚਾਰ ਏਜੰਸੀ 'ਬੰਗਲਾਦੇਸ਼ ਸੰਵਾਦ ਸੰਸਥਾ' ਦੇ ਅਨੁਸਾਰ, ਸਰਕਾਰੀ ਕਾਰਖਾਨਾ ਨਿਰੀਖਣ ਵਿਭਾਗ ਦੇ ਸੀਨੀਅਰ ਅਧਿਕਾਰੀ ਮਹਿਬੂਬੁਲ ਹਸਨ ਨੇ ਦੱਸਿਆ ਕਿ ਜਹਾਜ਼ ਵਿੱਚੋਂ ਜ਼ਹਿਰੀਲੀ ਗੈਸ ਨਿਕਲਣ ਕਾਰਨ ਮਜ਼ਦੂਰਾਂ ਦੀ ਮੌਤ ਹੋਈ।
ਉਨ੍ਹਾਂ ਕਿਹਾ, "ਗੈਸ ਨਿਕਲਣ ਦੀ ਵਜ੍ਹਾ ਅਤੇ ਯਾਰਡ ਵਿੱਚ ਕੰਮ ਕਰਨ ਵਾਲਿਆਂ ਲਈ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਸਨ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।"
ਬੰਗਲਾਦੇਸ਼ ਦਾ ਜਹਾਜ਼ ਤੋੜਨ ਦਾ ਉਦਯੋਗ ਕਈ ਅਰਬ ਡਾਲਰ ਦਾ ਇੱਕ ਵੱਡਾ ਆਲਮੀ ਕਾਰੋਬਾਰ ਹੈ, ਜੋ ਚਟਗਾਂਵ ਵਿੱਚ ਸੀਤਾਕੁੰਡ ਤੱਟ ਦੇ 20 ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ।
ਦੁਨੀਆ ਭਰ ਵਿੱਚ ਜਹਾਜ਼ਾਂ ਨੂੰ ਤੋੜਨ ਦੇ ਕੰਮ ਵਿੱਚ ਲਗਪਗ 36 ਪ੍ਰਤੀਸ਼ਤ ਹਿੱਸੇਦਾਰੀ ਰੱਖਣ ਵਾਲਾ ਇਹ ਖੇਤਰ ਕਰੀਬ 150 ਰਜਿਸਟਰਡ ਯਾਰਡਾਂ ਦਾ ਕੇਂਦਰ ਹੈ। ਇੱਥੇ ਸਾਲਾਨਾ 2.46 ਅਰਬ ਅਮਰੀਕੀ ਡਾਲਰ ਦਾ ਕਾਰੋਬਾਰ ਹੁੰਦਾ ਹੈ ਅਤੇ ਦੇਸ਼ ਵਿੱਚ ਇਸਤੇਮਾਲ ਹੋਣ ਵਾਲੇ ਕਬਾੜ ਸਟੀਲ ਦੀ ਅੱਧੇ ਤੋਂ ਵੱਧ ਸਪਲਾਈ ਇੱਥੋਂ ਹੀ ਹੁੰਦੀ ਹੈ। ਇਸ ਉਦਯੋਗ ਵਿੱਚ ਹਜ਼ਾਰਾਂ ਲੋਕ ਕੰਮ ਕਰਦੇ ਹਨ।

