Australia Federal Elections ਆਸਟਰੇਲਿਆਈ ਚੋਣਾਂ ’ਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ
ਨੇਤਾਵਾਂ ਨੂੰ ਨਸਲਵਾਦ ਖ਼ਿਲਾਫ਼ ਡਟਣ ਦੀ ਸਲਾਹ
ਆਸਟਰੇਲੀਆ ਦੀ ਸਿਆਸਤ ਵਿੱਚ ਪਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਮੁੜ ਚਰਚਾ ਵਿੱਚ ਹੈ। ‘ਦਿ ਸਿਡਨੀ ਮੌਰਨਿੰਗ’ ਦੀ ਰਿਪੋਰਟ ਮੁਤਾਬਕ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ‘ਵਨ ਨੇਸ਼ਨ’ ਪਾਰਟੀ ਦੀ ਪ੍ਰਸਿੱਧੀ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ’ਤੇ ਦਬਾਅ ਵਧ ਰਿਹਾ ਹੈ। ਆਵਾਸ ’ਤੇ ਆਉਂਦੇ ਦਸ ਸਾਲਾਂ ਲਈ ਰੋਕ ਦੀ ਚਰਚਾ ਹੈ। ਵਨ ਨੇਸ਼ਨ ਦੀ ਸਥਾਪਨਾ ਪੌਲੀਨ ਹੈਨਸਨ ਨੇ 1996 ਵਿੱਚ ਕੀਤੀ ਸੀ। ਉਹ ਆਪਣੇ ਤਿੱਖੇ ਅਤੇ ਵਿਵਾਦਿਤ ਖ਼ਾਸ ਕਰ ਕੇ ਪਰਵਾਸੀਆਂ ਅਤੇ ਮੂਲ ਨਿਵਾਸੀ ਲੋਕਾਂ ਬਾਰੇ ਬਿਆਨਾਂ ਲਈ ਮਸ਼ਹੂਰ ਰਹੀ ਹੈ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਵਿੱਚ ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਵੱਡੀਆਂ ਸਿਆਸੀ ਪਾਰਟੀਆਂ ਫ਼ਿਕਰਮੰਦ ਹਨ। ਰਿਪੋਰਟ ਮੁਤਾਬਕ ਵੱਖ-ਵੱਖ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਮੁਲਕ ਵਿੱਚ ਨਸਲਵਾਦ ਹਾਵੀ ਹੋ ਰਿਹਾ ਹੈ, ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਸਿਆਸੀ ਨੇਤਾ ‘ਵਨ ਨੇਸ਼ਨ’ ਦੇ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਅਤੇ ਨੀਤੀਆਂ ਅਪਣਾਉਣ ਲੱਗ ਪਏ ਹਨ। ਇਹ ਬਹੁ ਕੌਮੀ ਭਾਈਚਾਰਿਆਂ ’ਚ ਵੰਡੀ ਪਾਉਣ ਦੀ ਬੇਤੁਕੀ ਦਿਸ਼ਾ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਪਰਵਾਸੀ ਭਾਈਚਾਰਿਆਂ ’ਤੇ ਪੈ ਸਕਦਾ ਹੈ, ਜਿਨ੍ਹਾਂ ਵਿੱਚ ਭਾਰਤੀ, ਪੰਜਾਬੀ ਅਤੇ ਹੋਰ ਏਸ਼ਿਆਈ ਸਮੂਹ ਸ਼ਾਮਲ ਹਨ। ਆਸਟਰੇਲੀਆ ਵਿੱਚ ਰਹਿੰਦੇ ਕਈ ਪਰਵਾਸੀ ਪਹਿਲਾਂ ਹੀ ਮਹਿੰਗਾਈ, ਨੌਕਰੀਆਂ ਅਤੇ ਵੀਜ਼ਾ ਸਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਨਸਲਵਾਦੀ ਸਿਆਸਤ ਉਨ੍ਹਾਂ ਵਿੱਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ।

