ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਿਹਤ ਵਿਭਾਗ ਦੀ ਵੈੱਬਸਾਈਟ ’ਚ ਓਪਨ ਏ ਆਈ ਏਜੰਟ ਵੱਲੋਂ ਸੰਨ੍ਹ ਲਾਏ ਜਾਣ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਏ ਆਈ ਕੰਪਨੀ ਨੇ ਘਟਨਾ ਦੀ ਜਾਣਕਾਰੀ ਸਰਕਾਰ ਨੂੰ ਬਹੁਤ ਦੇਰ ਨਾਲ ਦਿੱਤੀ।
ਐਲਬਨੀਜ਼ ਮੁਤਾਬਕ ਓਪਨ ਏ ਆਈ ਦੇ ਏਜੰਟ ਨੇ 18 ਜੁਲਾਈ ਨੂੰ ਮੈਡੀਕੇਅਰ ਅੰਕੜਾ ਰਿਪੋਰਟਿੰਗ ਸੇਵਾ ਪੋਰਟਲ ਤਕ ਗ਼ੈਰ-ਕਾਨੂੰਨੀ ਪਹੁੰਚ ਕੀਤੀ। ਇਸ ਪੋਰਟਲ ’ਤੇ ਮੈਡੀਕਲ ਖ਼ਰਚਿਆਂ ਅਤੇ ਦਵਾਈਆਂ ’ਤੇ ਮਿਲਣ ਵਾਲੀਆਂ ਸਬਸਿਡੀਆਂ ਨਾਲ ਸਬੰਧਤ ਡੇਟਾ ਮੌਜੂਦ ਸੀ। ਸਰਕਾਰ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਨਹੀਂ ਕੀਤੀ ਗਈ। ਐਲਬਨੀਜ਼ ਨੇ ਓਪਨ ਏ ਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਆਲਟਮੇੈਨ ਨਾਲ ਟੈਲੀਫੋਨ ’ਤੇ ਗੱਲਬਾਤ ਕਰਨ ਬਾਅਦ ਸੰਨ੍ਹ ਲਾਏ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ। ਉਹ ਦੋਵੇਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰਨ ਲਈ ਨਿਊਯਾਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਓਪਨ ਏ ਆਈ ਨੇ 10 ਸਤੰਬਰ ਨੂੰ ਸਰਕਾਰੀ ਵਿਭਾਗ ਦੇ ਈਮੇਲ ਪਤੇ ’ਤੇ ਘਟਨਾ ਦੀ ਜਾਣਕਾਰੀ ਦਿੱਤੀ ਸੀ। ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਐਲਬਨੀਜ਼ ਨੇ ਕਿਹਾ ਕਿ ਜਾਂਚ ਵਿੱਚ ਇਹ ਵੀ ਦੇਖਿਆ ਜਾਵੇਗਾ ਕਿ ਕੀ ਓਪਨ ਏ ਆਈ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾ ਸਕਦੀ ਹੈੈ।

