ਵੈਨਜ਼ੁਏਲਾ ’ਤੇ ਹਮਲੇ ਨਾਲ ਲਾਤੀਨੀ ਅਮਰੀਕਾ ’ਚ ਵੰਡੀਆਂ
ਕੁਝ ਮੁਲਕਾਂ ਨੇ ਟਰੰਪ ਦਾ ਪੱਖ ਪੂਰਿਆ ਤੇ ਕੁਝ ਹੋਰਨਾਂ ਵੱਲੋਂ ਅਮਰੀਕੀ ਧਡ਼ਵੈਲਪੁਣੇ ਦਾ ਵਿਰੋਧ
ਵੈਨੇਜ਼ੁਏਲਾ ਦੇ ਤਾਕਤਵਰ ਆਗੂ ਨਿਕੋਲਸ ਮਾਦੂਰੋ ਨੂੰ ਫੜਨ ਮਗਰੋਂ ਲਾਤੀਨੀ ਅਮਰੀਕਾ ’ਚ ਮੈਕੋਸਿਕੋ ਤੋਂ ਲੈ ਕੇ ਅਰਜਨਟੀਨਾ ਤੱਕ ਹਾਲਾਤ ਬਦਲ ਗਏ ਹਨ। ਟਰੰਪ ਪੱਖੀ ਆਗੂਆਂ ਨੇ ਕਾਰਵਾਈ ਦਾ ਸਵਾਗਤ ਕੀਤਾ ਪਰ ਕਈ ਹੋਰ ਮੁਲਕ ਇਸ ਦੇ ਵਿਰੋਧ ’ਚ ਹਨ। ਵੈਨੇਜ਼ੁਏਲਾ ਦੇ ਲੋਕ ਨਾਟਕੀ ਢੰਗ ਨਾਲ ਅਮਰੀਕੀ ਫ਼ੌਜੀ ਕਾਰਵਾਈ ਤੋਂ ਹਾਲੇ ਤੱਕ ਨਹੀਂ ਉਭਰੇ ਹਨ। ਉਥੇ ਜ਼ਿਆਦਾਤਰ ਸਟੋਰ, ਰੈਸਟੋਰੈਂਟ ਅਤੇ ਗਿਰਜੇ ਬੰਦ ਪਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਵੱਖੋ-ਵੱਖਰੇ ਤਰੀਕਿਆਂ ਨਾਲ ਲਾਤੀਨੀ ਅਮਰੀਕੀ ਸਿਆਸਤ ਦਾ ਮੁਹਾਂਦਰਾ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਟਰੰਪ ਦੀ ਵਿਚਾਰਧਾਰਾ ਨਾਲ ਸਹਿਮਤ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੇਈ ਨੇ ਰਲਿਆ ਮਿਲਿਆ ਪ੍ਰਤੀਕਰਮ ਦਿੱਤਾ। ਉਨ੍ਹਾਂ ਲੋਕਤੰਤਰ, ਜੀਵਨ, ਆਜ਼ਾਦੀ ਅਤੇ ਸੰਪਤੀ ਦੀ ਰੱਖਿਆ ਦਾ ਪੱਖ ਪੂਰਿਆ ਪਰ ਨਾਲ ਹੀ ਆਖਿਆ ਕਿ ਨਾਰਕੋ-ਅਤਿਵਾਦ ਅਤੇ ਤਾਨਾਸ਼ਾਹੀ ਖ਼ਿੱਤੇ ਲਈ ਕੈਂਸਰ ਵਾਂਗ ਹੈ। ਦੱਖਣੀ ਅਮਰੀਕਾ ਦੇ ਹੋਰ ਸੱਜੇ ਪੱਖੀ ਆਗੂਆਂ ਨੇ ਵੀ ਮਾਦੂਰੋ ਦੇ ਸੱਤਾ ਤੋਂ ਲਾਂਭੇ ਹੋਣ ਦਾ ਫਾਇਦਾ ਉਠਾਉਂਦਿਆਂ ਟਰੰਪ ਨਾਲ ਆਪਣੀ ਵਿਚਾਰਧਾਰਕ ਸਾਂਝ ਦਾ ਪ੍ਰਗਟਾਵਾ ਕੀਤਾ ਹੈ। ਇਕੁਆਡੋਰ ਵਿੱਚ ਰੂੜ੍ਹੀਵਾਦੀ ਰਾਸ਼ਟਰਪਤੀ ਡੈਨੀਅਲ ਨੋਬੋਆ ਨੇ ਹਿਊਗੋ ਸ਼ਾਵੇਜ਼ (ਮਾਦੁਰੋ ਦੇ ਮਾਰਗ ਦਰਸ਼ਕ ਅਤੇ ਬੋਲੀਵੇਰੀਅਨ ਕ੍ਰਾਂਤੀ ਦੇ ਸੰਸਥਾਪਕ) ਦੇ ਸਾਰੇ ਪੈਰੋਕਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਹਸ਼ਰ ਵੀ ਮਾਦੂਰੋ ਵਰਗਾ ਹੋਵੇਗਾ। ਚਿਲੀ ਦੇ ਮਨੋਨੀਤ ਰਾਸ਼ਟਰਪਤੀ ਜੋਸ ਅੰਤੋਨੀਓ ਕਾਸਟ ਨੇ ਅਮਰੀਕੀ ਹਮਲੇ ਦਾ ਸਵਾਗਤ ਕੀਤਾ।
ਉਧਰ, ਲਾਤੀਨੀ ਅਮਰੀਕਾ ਦੇ ਖੱਬੇ ਪੱਖੀ ਰਾਸ਼ਟਰਪਤੀਆਂ, ਜਿਨ੍ਹਾਂ ਵਿੱਚ ਬ੍ਰਾਜ਼ੀਲ ਦੇ ਲੂਈਜ਼ ਇਨਾਸੀਓ ਲੂਲਾ ਡਾ ਸਿਲਵਾ, ਮੈਕਸਿਕੋ ਦੀ ਕਲੌਡੀਆ ਸ਼ੀਨਬੌਮ, ਚਿਲੀ ਦੇ ਮੌਜੂਦਾ ਰਾਸ਼ਟਰਪਤੀ ਗੈਬਰੀਅਲ ਬੋਰਿਕ ਅਤੇ ਕੋਲੰਬੀਆ ਦੇ ਗੁਸਤਾਵੋ ਪੈਟਰੋ ਸ਼ਾਮਲ ਹਨ, ਨੇ ਵੈਨੇਜ਼ੁਏਲਾ ਖ਼ਿਲਾਫ਼ ਕਾਰਵਾਈ ਨੂੰ ਅਮਰੀਕੀ ਧੱਕੇਸ਼ਾਹੀ ਕਰਾਰ ਦਿੰਦਿਆਂ ਗੰਭੀਰ ਚਿੰਤਾ ਪ੍ਰਗਟਾਈ ਹੈ। ਲੂਲਾ ਨੇ ਕਿਹਾ ਕਿ ਛਾਪਾਮਾਰ ਕਾਰਵਾਈ ਨੇ ਖ਼ਤਰਨਾਕ ਮਿਸਾਲ ਕਾਇਮ ਕਰ ਦਿੱਤੀ ਹੈ। ਸ਼ੀਨਬੌਮ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਖੇਤਰੀ ਅਸਥਿਰਤਾ ਪੈਦਾ ਹੋਵੇਗੀ। ਬੋਰਿਕ ਮੁਤਾਬਕ ਕਾਰਵਾਈ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਪੈਟਰੋ ਨੇ ਇਸ ਨੂੰ ਵੈਨੇਜ਼ੁਏਲਾ ਅਤੇ ਲਾਤੀਨੀ ਅਮਰੀਕਾ ਦੀ ਖੁਦਮੁਖਤਾਰੀ ਖ਼ਿਲਾਫ਼ ਹਮਲਾ ਦੱਸਿਆ।
ਅਮਰੀਕੀ ਕਾਰਵਾਈ ਵਿੱਚ ਕਿਊਬਾ ਦੇ 32 ਅਫਸਰਾਂ ਦੀ ਮੌਤ
ਹਵਾਨਾ: ਕਿਊਬਾ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਵੈਨੇਜ਼ੁਏਲਾ ਵਿੱਚ ਕੀਤੀ ਫੌਜੀ ਕਾਰਵਾਈ ਵਿੱਚ ਕਿਊਬਾ ਦੇ 32 ਅਫਸਰ ਮਾਰੇ ਗਏ। ਇਹ ਅਮਰੀਕੀ ਹਮਲੇ ਵਿੱਚ ਮਰਨ ਵਾਲਿਆਂ ਦੀ ਪਹਿਲੀ ਅਧਿਕਾਰਤ ਗਿਣਤੀ ਹੈ। ਕਿਊਬਾ ਦੇ ਸਰਕਾਰੀ ਟੀ ਵੀ ਦੇ ਬਿਆਨ ਮੁਤਾਬਕ ਵੈਨੇਜ਼ੁਏਲਾ ਦੀ ਸਰਕਾਰ ਦੀ ਅਪੀਲ ’ਤੇ ਕਿਊਬਾ ਦੀ ਫੌਜ ਅਤੇ ਪੁਲੀਸ ਅਧਿਕਾਰੀ ਮਿਸ਼ਨ ’ਤੇ ਕੰਮ ਕਰ ਰਹੇ ਸਨ। ਕਿਊਬਾ ਵੈਨੇਜ਼ੁਏਲਾ ਸਰਕਾਰ ਦਾ ਨੇੜਲਾ ਸਹਿਯੋਗੀ ਹੈ ਅਤੇ ਵਰ੍ਹਿਆਂ ਤੋਂ ਸਰਕਾਰ ਦੀ ਮਦਦ ਲਈ ਫੌਜ ਅਤੇ ਪੁਲੀਸ ਭੇਜਦਾ ਰਹਿੰਦਾ ਹੈ। ਕਿਊਬਾ ਸਰਕਾਰ ਨੇ ਇਸ ਹਮਲੇ ਵਿੱਚ ਮਾਰੇ ਗਏ ਅਫਸਰਾਂ ਲਈ ਦੋ ਦਿਨ ਦਾ ਸੋਗ ਐਲਾਨਿਆ ਹੈ। ਸਾਬਕਾ ਰਾਸ਼ਟਰਪਤੀ ਰਾਊਲ ਕਾਸਤਰੋ ਅਤੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੇੈਨੇਲ ਨੇ ਪੀੜਤ ਪਰਿਵਾਰਾਂ ਨੂੰ ਸੋਗ ਸੁਨੇਹੇ ਭੇਜੇ ਹਨ। -ਏਪੀ

