ਦੱਖਣੀ ਅਫਰੀਕਾ ਵਿੱਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਦੌਰਾਨ ਘੱਟੋ-ਘੱਟ 27 ਲੋਕਾਂ ਦੀ ਮੌਤ
ਘੱਟੋ-ਘੱਟ 26 ਲੋਕ ਗੋਲੀਆਂ ਲੱਗਣ ਕਾਰਨ ਜ਼ਖ਼ਮੀ
ਦੱਖਣੀ ਅਫਰੀਕਾ ਦੇ ਸ਼ਹਿਰਾਂ ਵਿੱਚ ਕੁਝ ਘੰਟਿਆਂ ਦੇ ਅੰਦਰ ਹੋਈਆਂ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਦੌਰਾਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ।
ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਪਹਿਲੀ ਘਟਨਾ ਵਿੱਚ ਇੱਕ ਬਾਰ 'ਚ ਮੌਜੂਦ ਲੋਕਾਂ ਉੱਤੇ ਏਕੇ-47 ਰਾਈਫ਼ਲ ਅਤੇ ਪਿਸਤੌਲ ਨਾਲ ਲੈਸ ਅੱਠ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ। ਪਹਿਲੀ ਘਟਨਾ ਸ਼ਨਿੱਚਵਾਰ ਰਾਤ ਜੋਹਾਨਸਬਰਗ ਦੇ ਨੇੜੇ ਵਾਪਰੀ, ਜਦਕਿ ਦੂਜੀ ਘਟਨਾ ਕੁਝ ਘੰਟਿਆਂ ਬਾਅਦ ਦੇਰ ਰਾਤ ਕੇਪਟਾਊਨ ਦੇ ਨੇੜੇ ਹੋਈ। ਦੋਵਾਂ ਘਟਨਾਵਾਂ ਦੇ ਸਿਲਸਿਲੇ ਵਿੱਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਦੱਖਣੀ ਅਫਰੀਕੀ ਪੁਲੀਸ ਸੇਵਾ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਲਗਪਗ ਸਾਢੇ ਨੌਂ ਵਜੇ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਦੇ ਦੱਖਣ-ਪੱਛਮ ਵਿੱਚ ਸਥਿਤ ਵੇਡੇਲਾ ਟਾਊਨਸ਼ਿਪ 'ਚ ਇੱਕ ਬਾਰ ਅੰਦਰ ਅੱਠ ਸ਼ੱਕੀਆਂ ਨੇ ਗੋਲੀਬਾਰੀ ਕੀਤੀ। ਇਹ ਸ਼ੱਕੀ ਏਕੇ-47 ਰਾਈਫ਼ਲ ਅਤੇ ਪਿਸਤੌਲ ਨਾਲ ਲੈਸ ਸਨ। ਇਸ ਘਟਨਾ ਵਿੱਚ 17 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 13 ਪੁਰਸ਼ ਅਤੇ ਚਾਰ ਮਹਿਲਾਵਾਂ ਸ਼ਾਮਲ ਹਨ। ਪੁਲੀਸ ਅਨੁਸਾਰ, ਘੱਟੋ-ਘੱਟ 15 ਹੋਰ ਲੋਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਭੱਜਣ ਤੋਂ ਪਹਿਲਾਂ ਕੁਝ ਲੋਕਾਂ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਖੋਹ ਲਏ। ਇਸ ਤੋਂ ਬਾਅਦ ਉਹ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ।
ਇਸ ਦੇ ਲਗਪਗ ਚਾਰ ਘੰਟੇ ਬਾਅਦ ਸ਼ਨਿੱਚਰਵਾਰ ਦੇਰ ਰਾਤ ਇੱਕ ਵਜੇ ਤੋਂ ਬਾਅਦ ਦੱਖਣੀ ਅਫਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੇਪਟਾਊਨ ਦੇ ਨੇੜੇ ਲਵਾਂਦਲੇ ਟਾਊਨਸ਼ਿਪ ਵਿੱਚ ਇੱਕ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਉਹ ਕਈ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਹਾਲਾਂਕਿ ਉਸਨੇ ਸ਼ੱਕੀਆਂ ਦੀ ਸਹੀ ਗਿਣਤੀ ਨਹੀਂ ਦੱਸੀ।
ਦੱਖਣੀ ਅਫਰੀਕਾ ਲੰਮੇ ਸਮੇਂ ਤੋਂ ਵੱਡੇ ਪੱਧਰ 'ਤੇ ਹਿੰਸਕ ਅਪਰਾਧ ਦੀਆਂ ਘਟਨਾਵਾਂ ਨਾਲ ਜੂਝ ਰਿਹਾ ਹੈ। ਪੁਲੀਸ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਦੱਖਣੀ ਅਫਰੀਕਾ ਵਿੱਚ ਅਪਰੈਲ ਤੋਂ ਜੂਨ ਦੇ ਵਿਚਕਾਰ 5,427 ਕਤਲ ਹੋਏ ਹਨ।

