ਦੱਖਣੀ ਅਫਰੀਕਾ ਵਿੱਚ ਕਈ ਵਾਹਨਾਂ ਦੀ ਟੱਕਰ; ਘੱਟੋ-ਘੱਟ 21 ਲੋਕਾਂ ਦੀ ਮੌਤ
ਐਤਵਾਰ ਰਾਤ ਵੈਸਟਰਨ ਕੇਪ ਸੂਬੇ ਵਿੱਚ ਵਾਪਰੀ ਘਟਨਾ
ਦੱਖਣੀ ਅਫਰੀਕਾ ਦੇ ਇੱਕ ਮੁੱਖ ਹਾਈਵੇਅ 'ਤੇ ਦੋ 'ਮਿੰਨੀ ਬੱਸ ਟੈਕਸੀਆਂ' ਦੀ ਆਪਸੀ ਟੱਕਰ ਅਤੇ ਇਸ ਤੋਂ ਬਾਅਦ ਇੱਕ ਹੋਰ ਵਾਹਨ ਦੇ ਉਨ੍ਹਾਂ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੜਕ ਆਵਾਜਾਈ ਪ੍ਰਬੰਧਨ ਨਿਗਮ ਨੇ ਦੱਸਿਆ ਕਿ ਐਤਵਾਰ ਰਾਤ ਵੈਸਟਰਨ ਕੇਪ ਸੂਬੇ ਵਿੱਚ ਇਹ ਹਾਦਸਾ ਕੇਪਟਾਊਨ ਤੋਂ ਲਗਪਗ 380 ਕਿਲੋਮੀਟਰ ਪੂਰਬ ਵਿੱਚ ਪ੍ਰਿੰਸ ਐਲਬਰਟ ਅਤੇ ਲੀਊ-ਗਾਮਕਾ ਕਸਬਿਆਂ ਵਿਚਕਾਰ ਵਾਪਰਿਆ।
ਏਜੰਸੀ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਵੈਸਟਰਨ ਕੇਪ ਦੇ ਅਧਿਕਾਰੀ ਘਟਨਾ ਸਥਾਨ ਦਾ ਨਿਰੀਖਣ ਕਰ ਰਹੇ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਿੱਚ ਬਦਲਾਅ ਹੋ ਸਕਦਾ ਹੈ।
'ਮਿੰਨੀ ਬੱਸ ਟੈਕਸੀਆਂ' ਦੱਖਣੀ ਅਫਰੀਕਾ ਵਿੱਚ ਲੱਖਾਂ ਲੋਕਾਂ ਲਈ ਜਨਤਕ ਆਵਾਜਾਈ ਦਾ ਮੁੱਖ ਸਾਧਨ ਹਨ ਅਤੇ ਇਹ ਅਕਸਰ ਜਾਨਲੇਵਾ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ। ਜਨਵਰੀ ਵਿੱਚ 'ਮਿੰਨੀ ਬੱਸ ਟੈਕਸੀ' ਨਾਲ ਜੁੜੇ ਦੋ ਹਾਦਸਿਆਂ ਵਿੱਚ 14 ਬੱਚਿਆਂ ਸਮੇਤ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਦੱਸਿਆ ਕਿ ਐਤਵਾਰ ਰਾਤ ਹੋਏ ਹਾਦਸੇ ਵਿੱਚ ਜ਼ਖਮੀ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
'ਵੈਸਟਰਨ ਕੇਪ ਮੋਬਿਲਿਟੀ' ਵਿਭਾਗ ਦੇ ਅਨੁਸਾਰ, ਅਧਿਕਾਰੀਆਂ ਦਾ ਮੰਨਣਾ ਹੈ ਕਿ ਪਹਿਲਾਂ ਦੋ 'ਮਿੰਨੀ ਬੱਸ ਟੈਕਸੀਆਂ' ਦੀ ਆਹਮੋ-ਸਾਹਮਣੇ ਟੱਕਰ ਹੋਈ ਅਤੇ ਇਸ ਤੋਂ ਬਾਅਦ ਇੱਕ ਐੱਸ ਯੂ ਵੀ (SUV) ਉਨ੍ਹਾਂ ਨਾਲ ਟਕਰਾ ਗਈ।

