ਵਿਨੀਪੈੱਗ ਦੇ ਸਿਨੀਬੋਨੀ ਪਾਰਕ ਵਿੱਚ ਅੱਜ ਕਰਵਾਈ ਗਈ 37ਵੀਂ ਸਾਲਾਨਾ ਟੈਡੀ ਬੀਅਰ ਪਿਕਨਿਕ ਵਿੱਚ ਮੈਨੀਟੋਬਾ ਦੇ ਹਜ਼ਾਰਾਂ ਵਸਨੀਕਾਂ ਨੇ ਆਪਣੇ ਪਿਆਰੇ ਟੈਡੀ ਬੀਅਰ ਅਤੇ ਹੋਰ ਖਿਡੌਣਿਆਂ ਸਣੇ ਸ਼ਮੂਲੀਅਤ ਕੀਤੀ। ਚਿਲਡਰਨ ਹਸਪਤਾਲ ਫਾਊਂਡੇਸ਼ਨ ਆਫ ਮੈਨੀਟੋਬਾ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਤਕਰੀਬਨ 30 ਹਜ਼ਾਰ ਤੋਂ ਵੱਧ ਲੋਕ ਪੁੱਜੇ। ਇਹ ਸਮਾਗਮ 1987 ਵਿੱਚ ਟੈਲੀਥੌਨ ਵਜੋਂ ਸ਼ੁਰੂ ਹੋਇਆ ਸੀ ਅਤੇ ਹੁਣ ਵਿੰਨੀਪੈਗ ਵਿੱਚ ਬੱਚਿਆਂ, ਪਰਿਵਾਰਾਂ ਅਤੇ ਸਿਹਤ ਸੰਭਾਲ ਖੇਤਰ ਨਾਲ ਜੁੜੇ ਲੋਕਾਂ ਲਈ ਸਾਲਾਨਾ ਰਵਾਇਤ ਬਣ ਚੁੱਕਾ ਹੈ। ਇਸ ਦਾ ਮਕਸਦ ਬੱਚਿਆਂ ਨੂੰ ਜਾਨਵਰਾਂ ਦੀ ਸਿਹਤ ਸੰਭਾਲ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਫੰਡ ਇਕੱਠੇ ਕਰਨਾ ਹੈ।
ਇਸ ਸਮਾਗਮ ਵਿੱਚ ਕੁਝ ਪੰਜਾਬੀ ਪਰਿਵਾਰਾਂ ਨੇ ਵੀ ਸ਼ਿਰਕਤ ਕੀਤੀ। ਅਮਨ ਅਤੇ ਜੋਤੀ ਆਪਣੀ ਧੀ ਨਾਲ ਪਿਕਨਿਕ ਵਿੱਚ ਪੁੱਜੇ। ਬੱਚਿਆਂ ਲਈ ਬਣਾਏ ‘ਗੁੱਡ ਬੀਅਰ ਕਲੀਨਿਕ’ ਵਿੱਚ ਉਨ੍ਹਾਂ ਦੀ ਧੀ ਆਜੂਨੀ ਆਪਣੀ ਗੁੱਡੀ ਨੂੰ ਜਾਂਚ ਲਈ ਲੈ ਕੇ ਗਈ। ਉੱਥੇ ਗੁੱਡੀ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਐਨਕ ਵੀ ਲਗਾਈ ਗਈ। 86 ਸਾਲਾ ਅਰਨੈਸਟ ਸ਼ਾਪੇਰਾ ਜੋ ਇਸ ਸਮਾਗਮ ਨਾਲ ਇਸ ਦੀ ਸ਼ੁਰੂਆਤ ਤੋਂ ਹੀ ਵਾਲੰਟੀਅਰ ਵਜੋਂ ਜੁੜੇ ਹੋਏ ਹਨ, ਨੇ ਕਿਹਾ ਕਿ ਉਹ ਇਸ ਸਮਾਗਮ ਦੇ 40ਵੇਂ ਸਾਲ ਤੱਕ ਵੀ ਪਹੁੰਚਣਾ ਚਾਹੁੰਦੇ ਹਨ। ਸਮਾਗਮ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਸਕੌਟ ਮੈਕਡੋਨਲਡ ਨੇ ਕਿਹਾ ਕਿ ਇਸ ਪਿਕਨਿਕ ਦਾ ਮੁੱਖ ਮਕਸਦ ਬੱਚਿਆਂ ਨੂੰ ਹਸਪਤਾਲ ਅਤੇ ਸਿਹਤ ਸੰਭਾਲ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਹੈ, ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਲਈ ਹਸਪਤਾਲ ਜਾਣ ਦਾ ਤਜਰਬਾ ਘੱਟ ਡਰਾਉਣਾ ਹੋਵੇ। ਦਿਨ ਦੀ ਸ਼ੁਰੂਆਤ ਪੈਨਕੇਕ ਨਾਸ਼ਤੇ ਨਾਲ ਹੋਈ। ਇਸ ਤੋਂ ਬਾਅਦ ਬੱਚਿਆਂ ਨੇ ਆਪਣੇ ਟੈਡੀ ਬੀਅਰ ਅਤੇ ਖਿਡੌਣਿਆਂ ਨੂੰ ‘ਗੁੱਡ ਬੀਅਰ ਕਲੀਨਿਕ’ ਵਿੱਚ ਲਿਜਾ ਕੇ ਉਨ੍ਹਾਂ ਦੀ ਮੁਰੰਮਤ ਅਤੇ ਮੁਆਇਨਾ ਕਰਵਾਇਆ।

