ਸਰਬੀਆ ਦੇ ਪੱਤਰਕਾਰਾਂ ਵਿੱਚ ਸਰਕਾਰ ਖਿਲਾਫ਼ ਰੋਹ
ਰਾਸ਼ਟਰਪਤੀ ਦਫ਼ਤਰ ਅੱਗੇ ਆਵਾਜਾਈ ਠੱਪ ਕੀਤੀ; ਮੀਡੀਆ ਉਤੇ ਦਬਾਅ ਬਣਾਉਣ ਦਾ ਦੋਸ਼
ਵੱਡੀ ਗਿਣਤੀ ਪੱਤਰਕਾਰਾਂ ਨੇ ਅੱਜ ਸਰਬੀਆ ਦੇ ਰਾਸ਼ਟਰਪਤੀ ਐਲਗਜ਼ੈਂਡਰ ਵੂਚਿਚ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਬਾਲਕਨ ਮੁਲਕ ਵਿਚ ਮੀਡੀਆ ’ਤੇ ਹਮਲੇ ਅਤੇ ਦਬਾਅ ਵਧ ਰਿਹਾ ਹੈ। ਸਰਬੀਆ ਵਿੱਚ ਸਥਾਨਕ ਚੋਣਾਂ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਉਤੇ ਹਮਲੇ ਹੋਏ ਹਨ। ਚੋਣਾਂ ਵਾਲੇ 10 ਸ਼ਹਿਰਾਂ ਵਿਚੋਂ ਕਰੀਬ ਤਿੰਨ ’ਚ ਹਿੰਸਕ ਘਟਨਾਵਾਂ ਵਾਪਰੀਆਂ ਹਨ।
ਸਰਬੀਆ ’ਚ ਸੁਤੰਤਰ ਪੱਤਰਕਾਰਾਂ ਦੀ ਐਸੋਸੀਏਸ਼ਨ ਨੇ ਬਿਆਨ ਵਿਚ ਕਿਹਾ ਕਿ ਪੱਤਰਕਾਰਾਂ ਉਤੇ ਇਹ ਹਮਲੇ ਕੋਈ ਵਿਰਲੀਆਂ ਘਟਨਾਵਾਂ ਨਹੀਂ ਹਨ, ਬਲਕਿ ਲੋਕਾਂ ਦੇ ਜਾਣਨ ਦੇ ਹੱਕ ਉਤੇ ਨਿਰੰਤਰ ਹੱਲਾ ਬੋਲਿਆ ਜਾ ਰਿਹਾ ਹੈ। ਕੌਮਾਂਤਰੀ ਨਿਗਰਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਐਤਵਾਰ ਨੂੰ ਹਿੰਸਾ ਤੇ ਬੇਨਿਯਮੀਆਂ ਦੇਖੀਆਂ ਹਨ।
ਬਗ਼ਦਾਦ ’ਚ ਅਗਵਾ ਪੱਤਰਕਾਰ ਨੂੰ ਖ਼ਤਰਿਆਂ ਬਾਰੇ ਜਾਣੂ ਕਰਾਇਆ ਗਿਆ ਸੀ
ਬਗ਼ਦਾਦ: ਅਮਰੀਕੀ ਪੱਤਰਕਾਰ ਸ਼ੈਲੀ ਕਿਟਲਸਨ ਜਿਸ ਨੂੰ ਬਗ਼ਦਾਦ ਵਿਚ ਅਗਵਾ ਕਰ ਲਿਆ ਗਿਆ ਸੀ, ਨੇ ਤਿੰਨ ਹਫ਼ਤੇ ਪਹਿਲਾਂ ਸੀਰੀਆ ਤੋਂ ਇਰਾਕ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਰਾਕੀ ਅਧਿਕਾਰੀ ਮੁਤਾਬਕ ਉਦੋਂ ਉਸ ਨੂੰ ਮੋੜ ਦਿੱਤਾ ਗਿਆ ਸੀ। ਅਮਰੀਕੀ ਤੇ ਇਰਾਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੈਲੀ ਕਿਟਲਸਨ ਨੂੰ ਉਸ ਦੇ ਅਗਵਾ ਹੋਣ ਤੋਂ ਕਈ ਦਿਨ ਪਹਿਲਾਂ ਜੋਖ਼ਮਾਂ ਬਾਰੇ ਚਿਤਾਵਨੀ ਦਿੱਤੀ ਗਈ ਸੀ। ਸੁਤੰਤਰ ਰੂਪ ਵਿਚ ਕੰਮ ਕਰਦੀ ਪੱਤਰਕਾਰ ਸ਼ੈਲੀ, ਜਿਸ ਨੇ ਇਰਾਕ ਤੇ ਸੀਰੀਆ ਵਿਚ ਸਾਲਾਂਬੱਧੀ ਕੰਮ ਕੀਤਾ ਹੈ, ਨੂੰ ਇਰਾਕ ਦੀ ਰਾਜਧਾਨੀ ਬਗ਼ਦਾਦ ਦੀ ਇਕ ਸੜਕ ਤੋਂ ਅਗਵਾ ਕਰ ਲਿਆ ਗਿਆ ਸੀ।

