DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

America-Iran ਟਕਰਾਅ ਲੰਮਾ ਚੱਲਣ ਦਾ ਖ਼ਦਸ਼ਾ

Donald Trump ’ਤੇ ਦਬਾਅ ਵਧੇਗਾ; ਅਮਰੀਕਾ ’ਚ ਤੇਲ ਕੀਮਤਾਂ ਦੇ ਸ਼ੂਟ ਵੱਟਣ ਤੇ ਮੱਧਕਾਲੀ ਚੋਣਾਂ ’ਤੇ ਅਸਰ ਪੈਣ ਦੀ ਸੰਭਾਵਨਾ

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਫਲੋਰਿਡਾ ਦੇ ਓਕਾਲਾ ਕੌਮਾਂਤਰੀ ਹਵਾਈ ਅੱਡੇ ’ਤੇ ਮੈਰੀਨ ਵੰਨ ਜਹਾਜ਼ ’ਚੋਂ ਉੱਤਰ ਕੇ ਆਉਂਦੇ ਹੋਏ। -ਫੋਟੋ: ਰਾਇਟਰਜ਼
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਰਾਨ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਟਕਰਾਅ ਦੌਰਾਨ ਨਾ ਤਾਂ ਕੋਈ ਫ਼ੈਸਲਾਕੁਨ ਫ਼ੌਜੀ ਜਿੱਤ ਅਤੇ ਨਾ ਕੋਈ ਕੂਟਨੀਤਕ ਸਫਲਤਾ ਮਿਲੀ ਹੈ। ਟਰੰਪ ਅੱਗੇ ਹੁਣ ਇਹ ਜੋਖ਼ਮ ਹੈ ਕਿ ਇਰਾਨ ਨਾਲ ਟਕਰਾਅ ਅਣਮਿੱਥੇ ਸਮੇਂ ਤੱਕ ਖਿੱਚ ਸਕਦਾ ਹੈ। ਇਸ ਨਾਲ ਨਾ ਸਿਰਫ਼ ਅਮਰੀਕਾ ਬਲਕਿ ਕੁਲ ਆਲਮ ਲਈ, ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੇ ਹਾਲਾਤ ਮੁਕਾਬਲੇ, ਕਿਤੇ ਜ਼ਿਆਦਾ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।

ਦੋਵੇਂ ਧਿਰਾਂ ਹਾਲਾਂਕਿ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦਾ ਹੱਥ ਉੱਤੇ ਹੈ; ਲਿਹਾਜ਼ਾ ਅਜਿਹੇ ਮਾਹੌਲ ਵਿੱਚ ਗੱਲਬਾਤ ਮੁੜ ਸ਼ੁਰੂ ਹੋਣ ਦਾ ਕੋਈ ਸਾਫ਼ ਰਾਹ ਨਜ਼ਰ ਨਹੀਂ ਆਉਂਦਾ, ਹਾਲਾਂਕਿ ਇਰਾਨ ਨੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਨਵੀਂ ਤਜਵੀਜ਼ ਪੇਸ਼ ਕੀਤੀ ਹੈ, ਜਿਸ ਨੂੰ ਟਰੰਪ ਨੇ ਸ਼ੁੱਕਰਵਾਰ ਫ਼ੌਰੀ ਖ਼ਾਰਜ ਕਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਲਈ ਇਸ ਟਕਰਾਅ ਦੇ ਸਿੱਟੇ ਬੇਹੱਦ ਗੰਭੀਰ ਹੋ ਸਕਦੇ ਹਨ। ਇਸ ਅਣਸੁਲਝੇ ਟਕਰਾਅ ਦਾ ਆਲਮੀ ਅਰਥਚਾਰੇ ’ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਤੇਲ ਕੀਮਤਾਂ ਦੇ ਸ਼ੂਟ ਵੱਟਣ ਨਾਲ ਨਾ ਸਿਰਫ਼ ਟਰੰਪ ’ਤੇ ਦਬਾਅ ਵਧੇਗਾ ਬਲਕਿ ਇਹ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਸੰਸਦੀ ਚੋਣਾਂ ਤੋਂ ਪਹਿਲਾਂ ਰਿਪਬਲਿਕਨ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਨੂੰ ਵੀ ਮੱਧਮ ਕਰੇਗਾ। ਇਹ ਜੰਗ ਟਰੰਪ ਵੱਲੋਂ ਦੱਸੇ ਬਹੁਤ ਸਾਰੇ ਟੀਚੇ ਹਾਸਲ ਕਰਨ ਵਿੱਚ ਅਸਫਲ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਤੇ ਇਜ਼ਰਾਇਲੀ ਹਮਲਿਆਂ ਨਾਲ ਇਰਾਨ ਦੀ ਫ਼ੌਜੀ ਸਮਰੱਥਾ ਨੂੰ ਵੱਡੀ ਸੱਟ ਵੱਜੀ ਹੈ। ਟਰੰਪ ਦੇ ਬਹੁਤ ਸਾਰੇ ਟੀਚੇ (ਜੋ ਅਕਸਰ ਬਦਲਦੇ ਰਹੇ ਹਨ) ਜਿਵੇਂ ਇਰਾਨ ’ਚ ਨਿਜ਼ਾਮ ਦੀ ਤਬਦੀਲੀ ਤੋਂ ਲੈ ਕੇ ਪਰਮਾਣੂ ਹਥਿਆਰ ਵਿਕਸਤ ਕਰਨ ਦਾ ਰਾਹ ਰੋਕਣ ਤੱਕ, ਅਧੂਰੇ ਰਹੇ ਹਨ।

Advertisement

ਅਮਰੀਕਾ ਪੰਜ ਹਜ਼ਾਰ ਫ਼ੌਜੀ ਜਰਮਨੀ ਤੋਂ ਵਾਪਸ ਸੱਦੇਗਾ

Advertisement

ਵਾਸ਼ਿੰਗਟਨ: ਅਮਰੀਕਾ ਅਗਲੇ ਛੇ ਤੋਂ 12 ਮਹੀਨਿਆਂ ’ਚ ਜਰਮਨੀ ਤੋਂ ਆਪਣੇ ਕਰੀਬ 5 ਹਜ਼ਾਰ ਫ਼ੌਜੀਆਂ ਨੂੰ ਵਾਪਸ ਸੱਦੇਗਾ। ਅਮਰੀਕਾ ਦਾ ਇਹ ਕਦਮ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਧਮਕੀਆਂ ’ਤੇ ਆਧਾਰਿਤ ਹੈ ਜੋ ਉਨ੍ਹਾਂ ਇਰਾਨ ਨਾਲ ਜੰਗ ਦੇ ਮੁੱਦੇ ਉੱਤੇ ਜਰਮਨ ਆਗੂ ਨਾਲ ਚੱਲ ਰਹੇ ਟਕਰਾਅ ਦੌਰਾਨ ਦਿੱਤੀ ਸੀ। ਟਰੰਪ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਨਾਟੋ ਦੇ ਸਹਿਯੋਗੀ ਜਰਮਨੀ ’ਚੋਂ ਕੁਝ ਫ਼ੌਜੀਆਂ ਨੂੰ ਵਾਪਸ ਸੱਦਣ ਦੀ ਧਮਕੀ ਉਦੋਂ ਸਮੇਂ ਦਿੱਤੀ ਸੀ ਜਦੋਂ ਜਰਮਨ ਚਾਂਸਲਰ ਫਰੈਡਰਿਕ ਮਰਜ਼ ਨੇ ਕਿਹਾ ਸੀ ਕਿ ਅਮਰੀਕਾ ਨੇ ਇਰਾਨੀ ਲੀਡਰਸ਼ਿਪ ਤੋਂ ‘ਬੇਇੱਜ਼ਤੀ’ ਕਰਵਾ ਲਈ ਹੈ। ਉਨ੍ਹਾਂ ਜੰਗ ’ਚ ਅਮਰੀਕਾ ਦੀ ਮਾੜੀ ਰਣਨੀਤੀ ਦੀ ਆਲੋਚਨਾ ਵੀ ਕੀਤੀ ਸੀ। ਜਰਮਨੀ ’ਚ ਇਸ ਸਮੇਂ 36 ਹਜ਼ਾਰ ਅਮਰੀਕੀ ਫ਼ੌਜੀ ਵੱਖ ਵੱਖ ਅਹਿਮ ਥਾਵਾਂ ’ਤੇ ਤਾਇਨਾਤ ਹਨ। -ਏਪੀ

ਹਰਮੁਜ਼ ’ਚ ਰਾਹਦਾਰੀ ਵਸੂਲੀ ’ਤੇ ਰੋਕ ਲੱਗੇਗੀ: ਅਮਰੀਕਾ

ਦੁਬਈ: ਅਮਰੀਕਾ ਨੇ ਸ਼ਿਪਿੰਗ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਹਰਮੁਜ਼ ਜਲ ਮਾਰਗ ’ਚੋਂ ਸੁਰੱਖਿਅਤ ਲੰਘਣ ਲਈ ਇਰਾਨ ਨੂੰ ਰਾਹਦਾਰੀ ਦਾ ਭੁਗਤਾਨ ਕੀਤਾ ਗਿਆ ਤਾਂ ਉਨ੍ਹਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਰਮੁਜ਼ ਜਲ ਮਾਰਗ ’ਤੇ ਕੰਟਰੋਲ ਸਬੰਧੀ ਅਮਰੀਕਾ ਅਤੇ ਇਰਾਨ ਵਿਚਾਲੇ ਜਾਰੀ ਟਕਰਾਅ ਦਰਮਿਆਨ ਅਮਰੀਕੀ ਵਿਦੇਸ਼ ਸੰਪਤੀ ਕੰਟਰੋਲ ਦਫ਼ਤਰ ਵੱਲੋਂ ਦਿੱਤੀ ਗਈ ਚਿਤਾਵਨੀ ਨੇ ਦਬਾਅ ਹੋਰ ਵਧਾ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਇਹ ਚਿਤਾਵਨੀ ਅਦਾਇਗੀ ਦੇ ਕਿਸੇ ਵੀ ਤਰੀਕੇ ’ਤੇ ਲਾਗੂ ਹੋਵੇਗੀ। ਅਮਰੀਕਾ ਦੀ ਨਜ਼ਰ ‘ਟੌਲ ਬੂਥ’ ਉੱਤੇ ਹੈ ਜਿਸ ਰਾਹੀਂ ਇਰਾਨ ਨਗਦੀ ਦੇ ਨਾਲ ਨਾਲ ਹਰ ਤਰ੍ਹਾਂ ਦੀ ਵਸੂਲੀ ਕਰ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਨਾਕੇਬੰਦੀ ਮਗਰੋਂ ਕਰੀਬ 45 ਵਪਾਰਕ ਜਹਾਜ਼ਾਂ ਨੂੰ ਪਿਛਾਂਹ ਮੋੜਿਆ ਗਿਆ ਹੈ। -ਏਪੀ

Advertisement
×