AI companies secret agreement: ਐਂਥਰੋਪਿਕ, ਓਪਨ-ਏ ਆਈ, ਸਪੇਸਐਕਸ-ਏ ਆਈ ਅਤੇ ਗੂਗਲ ਨੇ ਗੁਪਤ ਸਮਝੌਤਾ ਕੀਤਾ
ਨਵੇਂ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਂਥਰੋਪਿਕ, ਓਪਨ-ਏ ਆਈ, ਸਪੇਸਐਕਸ-ਏ ਆਈ ਅਤੇ ਗੂਗਲ ਨੇ ਆਪਣੇ ਨਾਲ ਸਬੰਧਤ ਮਸਨੂਈ ਬੌਧਿਕਤਾ (ਏ ਆਈ) ਵਿਕਾਸ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਗੁਪਤ ਸਮਝੌਤਾ ਕੀਤਾ ਹੈ। ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੀ ਅਮਰੀਕੀ...
ਨਵੇਂ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਂਥਰੋਪਿਕ, ਓਪਨ-ਏ ਆਈ, ਸਪੇਸਐਕਸ-ਏ ਆਈ ਅਤੇ ਗੂਗਲ ਨੇ ਆਪਣੇ ਨਾਲ ਸਬੰਧਤ ਮਸਨੂਈ ਬੌਧਿਕਤਾ (ਏ ਆਈ) ਵਿਕਾਸ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਗੁਪਤ ਸਮਝੌਤਾ ਕੀਤਾ ਹੈ। ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੀ ਅਮਰੀਕੀ ਡਿਸਟ੍ਰਿਕਟ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੇ ਇਸ ਮੁਕੱਦਮੇ ਵਿੱਚ ਤਰਕ ਦਿੱਤਾ ਗਿਆ ਹੈ ਕਿ ਪ੍ਰਮੁੱਖ ਏ ਆਈ ਕੰਪਨੀਆਂ ਨੇ ਰਫ਼ਤਾਰ ਹੌਲੀ ਕਰਨ ਦੇ ਯਤਨਾਂ ਦਾ ਤਾਲਮੇਲ ਕਰ ਕੇ ਐਂਟੀ ਟਰੱਸਟ (ਅਜਾਰੇਦਾਰੀ ਵਿਰੋਧੀ) ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਅਤੇ ਅਜਿਹਾ ਕਰਨ ਨਾਲ ਪੇਡ ਏ ਆਈ ਸਬਸਕ੍ਰਿਪਸ਼ਨਾਂ ਲਈ ਖ਼ਪਤਕਾਰਾਂ ਨੂੰ ਮਿਲਣ ਵਾਲੀ ਕੀਮਤ/ਲਾਭ ਘੱਟ ਜਾਵੇਗਾ।
ਮੁਕੱਦਮੇ ਵਿੱਚ ਤਰਕ ਦਿੱਤਾ ਗਿਆ ਹੈ ਕਿ ਇਹ ਤਾਲਮੇਲ ਮੁੱਖ ਤੌਰ ’ਤੇ 12 ਸਤੰਬਰ ਨੂੰ ਹੋਇਆ ਸੀ, ਜਦੋਂ ਐਂਥਰੋਪਿਕ ਦੇ ਸੀ ਈ ਓ ਡਾਰੀਓ ਅਮੋਦੇਈ ਨੇ ਬਿਹਤਰ ਸੁਰੱਖਿਆ ਉਪਾਵਾਂ ਦੇ ਹੱਕ ਵਿੱਚ ਪੇਸ਼ਕਦਮੀ ਦੀ ਰਫ਼ਤਾਰ ਹੌਲੀ ਕਰਨ ਲਈ ਉਦਯੋਗ-ਵਿਆਪੀ ਸਹਿਯੋਗ ਦੀ ਅਪੀਲ ਕਰਦਿਆਂ ਲੇਖ ਪ੍ਰਕਾਸ਼ਿਤ ਕੀਤਾ ਸੀ। ਉਸੇ ਦਿਨ, ਓਪਨ-ਏ ਆਈ ਦੇ ਸੀ ਈ ਓ ਸੈਮ ਆਲਟਮੈਨ, ਸਪੇਸਐਕਸ-ਏ ਆਈ ਦੇ ਸੀ ਈ ਓ ਐਲਨ ਮਸਕ ਅਤੇ ਗੂਗਲ ਡੀਪਮਾਈਂਡ ਦੇ ਸਹਿ-ਸੰਸਥਾਪਕ ਤੇ ਚੇਅਰਮੈਨ ਡੈਮਿਸ ਹਸਾਬਿਸ ਵਿੱਚੋਂ ਹਰੇਕ ਨੇ ਅਮੋਦੇਈ ਦੀਆਂ ਤਜਵੀਜ਼ਾਂ ਨਾਲ ਸਹਿਮਤੀ ਜਤਾਉਂਦੇ ਹੋਏ ਜਨਤਕ ਤੌਰ ’ਤੇ ਜਵਾਬ ਦਿੱਤਾ ਸੀ।
ਵਾਦੀਆਂ ਦਾ ਤਰਕ ਹੈ ਕਿ ਏ ਆਈ ਦੇ ਮੁੱਖ ਵਿਰੋਧੀਆਂ ਵਿਚਕਾਰ ਇਹ ਸਮਝੌਤਾ ਬਿਲਕੁਲ ਸਪੱਸ਼ਟ ਹੈ ਕਿ ਉਨ੍ਹਾਂ ਦੀ ਪ੍ਰਗਤੀ ਉਸ ਨਾਲੋਂ ਹੌਲੀ ਹੋਣੀ ਚਾਹੀਦੀ ਹੈ ਜੋ ਆਮ ਮੁਕਾਬਲੇ ਨਾਲ ਹੁੰਦੀ, ਜਿਸ ਦਾ ਖ਼ਪਤਕਾਰਾਂ ’ਤੇ ਮੁਕਾਬਲਾ-ਵਿਰੋਧੀ ਅਸਰ ਪੈਂਦਾ ਹੈ। ਚਾਰ ਨਾਮਜ਼ਦ ਵਾਦੀਆਂ (ਜੋ ਚੈਟ-ਜੀ ਪੀ ਟੀ, ਕਲਾਊਡ, ਗਰੋਕ ਜਾਂ ਜੈਮਿਨੀ ਦੀਆਂ ਸਬਸਕ੍ਰਿਪਸ਼ਨਾਂ ਲਈ ਭੁਗਤਾਨ ਕਰਦੇ ਹਨ) ਦੀ ਪ੍ਰਤੀਨਿਧਤਾ ਕਰਨ ਵਾਲੇ ਵਕੀਲ ਇਹ ਮੁਕੱਦਮਾ ਇਨ੍ਹਾਂ ਸੇਵਾਵਾਂ ਦੇ ਹੋਰ ਪੇਡ ਸਬਸਕ੍ਰਾਈਬਰਾਂ ਦੇ ਤਰਵੀਜ਼ਤ ਦੇਸ਼-ਵਿਆਪੀ ਸਮੂਹ (ਕਲਾਸ) ਵੱਲੋਂ ਦਾਇਰ ਕਰ ਰਹੇ ਹਨ।
ਵਾਦੀਆਂ ਦੇ ਮੁੱਖ ਵਕੀਲ ਨਿਕ ਰਾਉਲੇਅ ਨੇ ਕਿਹਾ, ‘‘ਏ ਆਈ ਬਹੁਤ ਤੇਜ਼ੀ ਨਾਲ ਮਨੁੱਖੀ ਕੰਟਰੋਲ ਤੋਂ ਬਾਹਰ ਹੋ ਜਾਵੇਗੀ ਅਤੇ ਸਾਡੀ ਸਭ ਦੀ ਜਾਨ ਲੈ ਸਕਦੀ ਹੈ, ਜੇ ਅਸੀਂ ਏ ਆਈ ਸੁਰੱਖਿਆ ਅਤੇ ਪ੍ਰੋਟੋਕੋਲ ਨੂੰ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਅਤੇ ਲਾਭ ਕਮਾਉਣ ਵਾਲੀਆਂ ਤਕਨਾਲੋਜੀ ਕੰਪਨੀਆਂ ਵਿਚਕਾਰ ਨਿੱਜੀ ਸਵਾਰਥੀ ਸਮਝੌਤਿਆਂ ਰਾਹੀਂ ਕੰਟਰੋਲ ਕਰਨ ਦੀ ਇਜਾਜ਼ਤ ਦਿੰਦੇ ਹਾਂ।’’
ਐਂਥਰੋਪਿਕ, ਓਪਨ-ਏ ਆਈ, ਗੂਗਲ ਅਤੇ ਸਪੇਸਐਕਸ-ਏ ਆਈ ਦੇ ਨੁਮਾਇੰਦਿਆਂ ਨੇ ਸ਼ਨਿਚਰਵਾਰ ਨੂੰ ਟਿੱਪਣੀ ਦੀ ਬੇਨਤੀ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ।

