ਅਮਰੀਕਾ ਦੇ ਫ਼ੌਜੀ ਗੁਮਾਨ ਨੂੰ ਝਟਕਾ
ਇਰਾਨ ਨੇ ਫੁੰਡੇ ਦੋ ਜੈੱਟ; ਅਮਰੀਕਾ ਨੂੰ 23 ਸਾਲਾਂ ਬਾਅਦ ਭਾਰੀ ਨੁਕਸਾਨ; ਇਰਾਨ ਨੇ ਹਮਲਿਆਂ ਦੇ ਬਾਵਜੂਦ ਘਾਤਕ ਹੋਣ ਦਾ ਸਬੂਤ ਦਿੱਤਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਰਾਨ ਦੀ ਫ਼ੌਜੀ ਤਾਕਤ ਪੂਰੀ ਤਰ੍ਹਾਂ ਨਾਲ ਤਬਾਹ ਹੋਣ ਦੇ ਭਾਵੇਂ ਲੱਖ ਦਾਅਵੇ ਕਰ ਰਹੇ ਹੋਣ, ਪਰ ਤਹਿਰਾਨ ਨੇ ਅਮਰੀਕੀ ਫ਼ੌਜ ਦੇ ਦੋ ਜਹਾਜ਼ ਫੁੰਡ ਕੇ ਉਸ ਨੂੰ 23 ਸਾਲਾਂ ’ਚ ਸਭ ਤੋਂ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਇਰਾਨ ਹਾਲੇ ਵੀ ਜ਼ੋਰਦਾਰ ਜਵਾਬ ਦੇਣ ਦੀ ਤਾਕਤ ਰੱਖਦਾ ਹੈ। ਇਰਾਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਐੱਫ15-ਈ ਸਟਰਾਈਕ ਈਗਲ ਲੜਾਕੂ ਜੈੱਟ ਨੂੰ ਫੁੰਡ ਦਿੱਤਾ ਸੀ ਅਤੇ ਉਸ ਦਾ ਇਕ ਪਾਇਲਟ ਬਚਾਅ ਲਿਆ ਗਿਆ ਤੇ ਦੂਜੇ ਦੀ ਭਾਲ ਜਾਰੀ ਹੈ। ਇਰਾਨੀ ਮੀਡੀਆ ਮੁਤਾਬਕ ਉਨ੍ਹਾਂ ਦੀ ਫ਼ੌਜ ਨੇ ਅਮਰੀਕਾ ਦੇ ਏ-10 ਜੈੱਟ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਹਵਾਈ ਸੈਨਾ ਦੇ ਸਾਬਕਾ ਬ੍ਰਿਗੇਡੀਅਰ ਜਨਰਲ ਅਤੇ ਐੱਫ-16 ਜਹਾਜ਼ ਦੇ ਪਾਇਲਟ ਹਿਊਸਟਨ ਕੈਂਟਵੈੱਲ ਨੇ ਕਿਹਾ ਕਿ ਇਸ ਤੋਂ ਪਹਿਲਾਂ 2003 ’ਚ ਇਰਾਕ ’ਤੇ ਚੜ੍ਹਾਈ ਦੌਰਾਨ ਅਮਰੀਕਾ ਦਾ ਲੜਾਕੂ ਜੈੱਟ ਏ-10 ਥੰਡਰਬੋਲਟ 2 ਡਿੱਗਿਆ ਸੀ। ਅਮਰੀਕੀ ਸੈਂਟਰਲ ਕਮਾਂਡ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਮਰੀਕੀ ਫ਼ੌਜ ਨੇ ਇਰਾਨ ਜੰਗ ’ਚ 13 ਹਜ਼ਾਰ ਤੋਂ ਵੱਧ ਉਡਾਣਾਂ ਭਰੀਆਂ ਅਤੇ 12300 ਨਿਸ਼ਾਨਿਆਂ ਨੂੰ ਫੁੰਡਿਆ। ਵਾਸ਼ਿੰਗਟਨ ’ਚ ਰੱਖਿਆ ਨਾਲ ਜੁੜੀ ਫਾਊਂਡੇਸ਼ਨ ਦੇ ਸੀਨੀਅਰ ਡਾਇਰੈਕਟਰ ਬੇਹਨਾਮ ਬੇਨ ਟਾਲੇਬਲੂ ਨੇ ਕਿਹਾ ਕਿ ਨਾਕਾਮ ਕੀਤੀ ਗਈ ਹਵਾਈ ਰੱਖਿਆ ਪ੍ਰਣਾਲੀ ਦਾ ਮਤਲਬ ਇਹ ਨਹੀਂ ਕਿ ਉਹ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਅਮਰੀਕੀ ਜਹਾਜ਼ ਘੱਟ ਉਚਾਈ ’ਤੇ ਮਿਸ਼ਨਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਲਈ ਇਰਾਨ ਦੀਆਂ ਮਿਜ਼ਾਈਲਾਂ ਦਾ ਨਿਸ਼ਾਨਾ ਬਣਨ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਇਰਾਨ ਕਮਜ਼ੋਰ ਹੋਣ ਦੇ ਬਾਵਜੂਦ ਹਾਲੇ ਵੀ ਘਾਤਕ ਹੈ। ਸੇਵਾਮੁਕਤ ਜਨਰਲ ਕੈਂਟਵੈੱਲ ਨੇ ਕਿਹਾ ਕਿ ਜੈੱਟਾਂ ਦੀ ਬਜਾਏ ਹੈਲੀਕਾਪਟਰਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ ਕਿਉਂਕਿ ਉਹ ਬਹੁਤ ਹੇਠਾਂ ਉੱਡ ਰਹੇ ਹੁੰਦੇ ਹਨ।

