ਦੱਖਣੀ ਲੈਬਨਾਨ ਵਿੱਚ ਇਜ਼ਰਾਇਲੀ ਹਵਾਈ ਹਮਲੇ ਵਿੱਚ ਤਿੰਨ ਲੈਬਨਾਨੀ ਫ਼ੌਜੀਆਂ ਸਣੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂ ਦੋਵਾਂ ਧਿਰਾਂ ਨੇ ਪਿਛਲੇ ਦਿਨੀਂ ਨਵਾਂ ਜੰਗਬੰਦੀ ਸਮਝੌਤਾ ਸਿਰੇ ਚੜ੍ਹਨ ਦਾ ਦਾਅਵਾ ਕੀਤਾ ਹੈ।
ਲੈਬਨਾਨੀ ਫ਼ੌਜ ਨੇ ਕਿਹਾ ਕਿ ਨਬਾਤੀਏਹ ਸ਼ਹਿਰ ਨੂੰ ਮਾਰਜੇਓਨ ਕਸਬੇ ਨਾਲ ਜੋੜਨ ਵਾਲੀ ਸੜਕ ’ਤੇ ਸਵੇਰੇ ਹਵਾਈ ਹਮਲਾ ਹੋਇਆ ਜਿਸ ਵਿੱਚ ਬ੍ਰਿਗੇਡੀਅਰ ਜਨਰਲ, ਕੈਪਟਨ ਅਤੇ ਇੱਕ ਹੋਰ ਸਿਪਾਹੀ ਮਾਰੇ ਗਏ। ਬਿਆਨ ਵਿੱਚ ਫੌਰੀ ਪੀੜਤਾਂ ਦੇ ਨਾਂ ਨਹੀਂ ਦੱਸੇ ਗਏ ਹਨ। ਇਸ ਦੌਰਾਨ ਇਕ ਹੋਰ ਹਵਾਈ ਹਮਲੇ ਵਿੱਚ ਦੱਖਣੀ ਪਿੰਡ ਸਾਕਸਕੀਆ ਵਿੱਚ ਛੇ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਚਾਰ ਜਣੇ ਜ਼ਖ਼ਮੀ ਹੋ ਗਏ। ਫ਼ੌਜ ਨੇ ਬਿਆਨ ਵਿੱਚ ਕਿਹਾ, ‘‘ਲੈਬਨਾਨ, ਇਸ ਦੇ ਲੋਕਾਂ ਅਤੇ ਇਸ ਦੀ ਫ਼ੌਜ ਵਿਰੁੱਧ ਲਗਾਤਾਰ, ਜਾਣਬੁੱਝ ਕੇ ਅਤੇ ਵਾਰ-ਵਾਰ ਕੀਤਾ ਜਾ ਰਿਹਾ ਹੈ। ਇਜ਼ਰਾਇਲੀ ਹਮਲਾ ਸਾਡੇ ਇਰਾਦੇ, ਵਿਸ਼ਵਾਸ ਅਤੇ ਦ੍ਰਿੜ੍ਹਤਾ ਨੂੰ ਮਜ਼ਬੂਤ ਕਰਦਾ ਹੈ।’’ ਉੱਧਰ, ਇਜ਼ਰਾਇਲੀ ਫ਼ੌਜ ਨੇ ਇਨ੍ਹਾਂ ਹਵਾਈ ਹਮਲਿਆਂ ਬਾਰੇ ਫ਼ੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਜ਼ਰਾਇਲੀ ਗੋਲੀ ਨਾਲ ਸੱਤ ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਮੌਤ
ਕਾਹਿਰਾ (ਮਿਸਰ): ਫ਼ਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਜ਼ਰਾਇਲੀ ਫ਼ੌਜੀਆਂ ਵੱਲੋਂ ਆਪਣੇ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਵਾਹਨ ’ਤੇ ਕੀਤੀ ਗੋਲੀਬਾਰੀ ਵਿੱਚ ਕਾਰ ਸਵਾਰ ਸੱਤ ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਮੌਤ ਹੋ ਗਈ। ਸ਼ੁੱਕਰਵਾਰ ਸ਼ਾਮ ਦੀ ਇਸ ਘਟਨਾ ਵਿੱਚ ਸੈਮ ਫ਼ਾਹਿਦ ਅਬੂ ਹਾਇਕਲ ਦੀ ਜਾਨ ਜਾਂਦੀ ਰਹੀ, ਜਦੋਂਕਿ ਉਸ ਦੇ ਮਾਪੇ, ਜੋ ਹਰਬਨ ਸ਼ਹਿਰ ਦੇ ਦੱਖਣ ਵਿੱਚ ਤਲ ਰੁਮੇਦਾ ਇਲਾਕੇ ਵਿੱਚ ਸਫ਼ਰ ਕਰ ਰਹੇ ਸਨ, ਜ਼ਖ਼ਮੀ ਹੋ ਗਏ। ਸਰਕਾਰੀ ਫ਼ਲਸਤੀਨੀ ਨਿਊਜ਼ ਏਜੰਸੀ ਨੇ ਕਿਹਾ ਕਿ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਕਿਉਂਕਿ ਉਸ ਦੇ ਜਬਾੜੇ ਵਿੱਚ ਗੋਲੀ ਲੱਗੀ ਸੀ। ਮਗਰੋਂ ਉਸ ਦੀ ਮੌਤ ਹੋ ਗਈ। -ਏਪੀ

