ਭਾਰਤ-ਜਪਾਨ ਸਬੰਧਾਂ ਦੀ 75ਵੀਂ ਵਰ੍ਹੇਗੰਢ: ਕ੍ਰਿਕਟ, ਕਲਾ ਅਤੇ ਐਨੀਮੇਸ਼ਨ ਪ੍ਰੋਗਰਾਮਾਂ ਨਾਲ ਮਨਾਇਆ ਜਾਵੇਗਾ ਜਸ਼ਨ
ਸਾਲ 2027 ਨੂੰ ‘ਭਾਰਤ-ਜਪਾਨ ਸਾਂਝਾ ਵਰ੍ਹਾ’ ਵਜੋਂ ਮਨਾਉਣਗੀਆਂ ਦੋਵੇਂ ਸਰਕਾਰਾਂ
ਭਾਰਤ ਅਤੇ ਜਪਾਨ ਵਿਚਾਲੇ ਰਾਜਨਾਇਕ ਸਬੰਧ ਸਥਾਪਤ ਹੋਣ ਦੀ 75ਵੀਂ ਵਰ੍ਹੇਗੰਢ ਅਗਲੇ ਸਾਲ (2027 ਵਿੱਚ) ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਇਤਿਹਾਸਕ ਮੌਕੇ ’ਤੇ ਇੱਕ ਦੋਸਤਾਨਾ ਕ੍ਰਿਕਟ ਮੈਚ ਦੇ ਆਯੋਜਨ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੀ ਕਲਾ, ਸਭਿਆਚਾਰ ਅਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਹੋਰ ਰੰਗਾਰੰਗ ਪ੍ਰੋਗਰਾਮ ਉਲੀਕੇ ਜਾਣਗੇ। ਇਸ ਤੋਂ ਇਲਾਵਾ, ਭਾਰਤੀ ਵਪਾਰਕ ਕੰਪਲੈਕਸ ਅਤੇ ਜਪਾਨੀ ਖੇਤਰੀ ਬੈਂਕਾਂ ਵਿਚਕਾਰ ਸਿੱਧੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਮੰਚ ਵੀ ਤਿਆਰ ਕੀਤਾ ਜਾਵੇਗਾ।
ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਦੋਵੇਂ ਸਰਕਾਰਾਂ ਆਪਣੇ-ਆਪਣੇ ਸਬੰਧਤ ਹਿੱਸੇਦਾਰਾਂ ਦੇ ਸਹਿਯੋਗ ਨਾਲ ਸਾਲ 2027 ਨੂੰ ‘ਭਾਰਤ-ਜਪਾਨ ਸਾਂਝਾ ਵਰ੍ਹਾ’ (India-Japan Year of Shared Horizons) ਵਜੋਂ ਮਨਾਉਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਜਪਾਨੀ ਹਮਰੁਤਬਾ ਸਨਾਏ ਤਕਾਈਚੀ ਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਰਾਜਨਾਇਕ ਸਬੰਧਾਂ ਦੀ ਇਸ 75ਵੀਂ ਵਰ੍ਹੇਗੰਢ ਦੇ ਰੋਡਮੈਪ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਹ ਗੱਲਬਾਤ ਤਕਾਈਚੀ ਦੀ ਭਾਰਤ ਯਾਤਰਾ ਦੌਰਾਨ ਹੋਈ, ਜੋ ਸ਼ੁੱਕਰਵਾਰ ਨੂੰ ਸਮਾਪਤ ਹੋਈ।
