ਲੰਡਨ, 3 ਫਰਵਰੀ
ਵੈਸਟ ਮਿੱਡਲੈਂਡਜ਼ ਦੇ ਓਲਡਬਰੀ ਵਿੱਚ ਸਾਲ 2020 ‘ਚ ਇਕ ਸਿੱਖ ਜੋੜੇ ਦੀ ਹੱਤਿਆ ਦੇ ਮਾਮਲੇ ਨਾਲ ਸਬੰਧਤ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਦੇ ਹਿੰਸਕ ਵਿਵਹਾਰ ਤੇ ਖ਼ਰਾਬ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਤੋਂ ਇਹਤਿਆਤੀ ਕਦਮ ਉਠਾਏ ਜਾਂਦੇ ਤਾਂ ਜੋੜੇ ਦੀ ਜਾਨ ਬਚਾਈ ਜਾ ਸਕਦੀ ਸੀ। ਸਿੱਖ ਜੋੜੇ ਦੀ ਹੱਤਿਆ ਦੇ ਮਾਮਲੇ ਨਾਲ ਸਬੰਧਤ ਹਾਲ ‘ਚ ਪੇਸ਼ ਇਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
ਪੈਰੋਲ ਲਈ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਅਨਮੋਲ ਚਾਨਾ ਨੂੰ ਅਗਸਤ 2020 ਵਿੱਚ ਬਰਮਿੰਘਮ ਕਰਾਊਨ ਅਦਾਲਤ ਵੱਲੋਂ ਘੱਟੋ-ਘੱਟ 36 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਨਮੋਲ ਨੂੰ ਆਪਣੀ ਮਾਂ ਜਸਬੀਰ ਕੌਰ (52) ਅਤੇ ਪਿਤਾ ਰੁਪਿੰਦਰ ਸਿੰਘ ਬਾਸਨ (51) ਨੂੰ ਕਈ ਵਾਰ ਚਾਕੂ ਮਾਰੇ ਜਾਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪੁਲੀਸ ਨੇ ਫਰਵਰੀ 2020 ਵਿੱਚ ਬਰਤਾਨਵੀ ਸਿੱਖ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚੋਂ ਬਰਾਮਦ ਕੀਤੀਆਂ ਸਨ।
ਇਸ ਮਾਮਲੇ ਵਿੱਚ ਸੇਫਰ ਸੈਂਡਵੈੱਲ ਪਾਰਟਨਰਸ਼ਿਪ ਲੋਕਲ ਪੁਲੀਸ ਐਂਡ ਕ੍ਰਾਈਮ ਬੋਰਡ ਵੱਲੋਂ ਛਾਪੀ ਗਈ ਇੰਡੀਪੈਂਡੈਂਟ ਡੋਮੈਸਟਿਕ ਹੋਮੀਸਾਈਡ ਰੀਵਿਊ’ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਨਸਿਕ ਰੋਗ ਮਾਹਿਰ ਅਨਮੋਲ ਦਾ ‘ਰਸਮੀ ਮੁਲਾਂਕਣ’ ਕਰਨ ਵਿੱਚ ਅਸਫਲ ਰਹੇ।
ਰਿਪੋਰਟ ਵਿੱਚ 2002 ਤੋਂ 2020 ਤੱਕ ਪਰਿਵਾਰ ਦੇ ਡਾਕਟਰਾਂ ਵੱਲੋਂ ਪ੍ਰਦਾਨ ਕੀਤੇ ਗਏ ਵਿਆਪਕ ਵੇਰਵੇ ਵੀ ਸ਼ਾਮਲ ਹਨ। ਸੇਫਰ ਸੈਂਡਵੈੱਲ ਦੀ ਚੀਫ ਸੁਪਰਡੈਂਟ ਮਾਰੀਆ ਫੌਕਸ ਨੇ ਕਿਹਾ, ”ਰਿਪੋਰਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਮੁਲਜ਼ਮ ਦੇ ਹਿੰਸਕ ਵਤੀਰੇ ਤੇ ਖਰਾਬ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਹੱਲ ਕਰਨ ਲਈ ਕਦਮ ਉਠਾਏ ਜਾ ਸਕਦੇ ਸਨ। ਉਸ ਦੀ ਮਾਂ ਤੇ ਭੈਣ ਜੋ ਕਿ ਇਸ ਡਰ ਵਿੱਚ ਰਹਿ ਰਹੀਆਂ ਸਨ ਕਿ ਅੱਗੇ ਉਹ ਪਤਾ ਨਹੀਂ ਕੀ ਕਰੇਗਾ, ਨੂੰ ਵੀ ਬਿਹਤਰ ਸਹਾਇਤਾ ਮੁਹੱਈਆ ਕੀਤੀ ਜਾ ਸਕਦੀ ਸੀ। ਬੀਬੀਸੀ ਵੱਲੋਂ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚਾਨਾ ਦਾ ਕਦੇ ਮਾਨਸਿਕ ਸਿਹਤ ਮਾਹਿਰਾਂ ਵੱਲੋਂ ਚੰਗੀ ਤਰ੍ਹਾਂ ਇਲਾਜ ਨਹੀਂ ਕੀਤਾ ਗਿਆ। -ਪੀਟੀਆਈ