ਮਾਸਕੋ, 18 ਅਪਰੈਲ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਆਲੋਚਕ ਅਲੈਕਸੀ ਨਵਾਲਨੀ ਦੇ ਡਾਕਟਰ ਦਾ ਕਹਿਣਾ ਹੈ ਕਿ ਨਵਾਲਨੀ ‘ਕਿਸੇ ਵੀ ਸਮੇਂ ਮਰ ਸਕਦਾ ਹੈ।’ ਦੱਸਣਯੋਗ ਹੈ ਕਿ 44 ਸਾਲਾ ਨਵਾਲਨੀ ਤਿੰਨ ਹਫ਼ਤਿਆਂ ਤੋਂ ਭੁੱਖ ਹੜਤਾਲ ਉਤੇ ਹੈ ਤੇ ਉਸ ਦੀ ਸਿਹਤ ਵਿਗੜਦੀ ਜਾ ਰਹੀ ਹੈ। ਡਾਕਟਰ ਨੇ ਕਿਹਾ ਕਿ ਟੈਸਟ ਵਿਚ ਪਤਾ ਲੱਗਾ ਹੈ ਕਿ ਨਵਾਲਨੀ ਦੇ ਸਰੀਰ ਵਿਚ ਪੋਟਾਸ਼ੀਅਮ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਇਸ ਨਾਲ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਉਸ ਦੀਆਂ ਕਿਡਨੀਆਂ ਵੀ ਖ਼ਰਾਬ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਨਵਾਲਨੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਖੁੱਲ੍ਹੇਆਮ ਵਿਰੋਧ ਕਰਨ ਵਾਲਿਆਂ ਵਿਚੋਂ ਇਕ ਹੈ ਤੇ ਪੂਤਿਨ ਦਾ ਕੱਟੜ ਵਿਰੋਧੀ ਹੈ। ਉਸ ਨੂੰ ਪਹਿਲਾਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਨਵਾਲਨੀ ਦਾ ਜਰਮਨੀ ਵਿਚ ਇਲਾਜ ਹੋਇਆ ਸੀ ਤੇ ਉਸ ਨੇ ਰੂਸ ’ਤੇ ਹੀ ਜ਼ਹਿਰ ਦੇਣ ਦਾ ਦੋਸ਼ ਲਾਇਆ ਸੀ। -ਏਪੀ