ਅਮਰੀਕੀ ਸੂਬੇ ਆਇਡਾਹੋ ਦੇ ਦੱਖਣ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਇਨ-ਐੱਨ-ਆਊਟ ਬਰਗਰ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਟਵਿਨ ਫਾਲਜ਼ ਸ਼ਹਿਰ ਦੇ ਤਰਜਮਾਨ ਨੇ ਦਿੱਤੀ।
ਟਵਿਨ ਫਾਲਜ਼ ਦੇ ਜਨਤਕ ਸੂਚਨਾ ਅਧਿਕਾਰੀ (ਪੀ ਆਈ ਓ) ਜੋਸ਼ ਪਾਮਰ ਨੇ ਦੱਸਿਆ ਕਿ ਮੌਕੇ ’ਤੇ ਪੁੱਜੀ ਪੁਲੀਸ ਨੂੰ ਰੈਸਟੋਰੈਂਟ ਨੇੜਲੇ ਇਲਾਕੇ ਵਿੱਚ ਸ਼ੱਕੀ ਬੰਦੂਕਧਾਰੀ ਦੀ ਲਾਸ਼ ਮਿਲੀ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਸ਼ੱਕੀ ਵਿਅਕਤੀ ਮ੍ਰਿਤਕਾਂ ਦੀ ਗਿਣਤੀ ਵਿੱਚ ਸ਼ਾਮਲ ਹੈ ਜਾਂ ਨਹੀਂ। ਅਧਿਕਾਰੀ ਅਜੇ ਵੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਦਾ ਕੰਮ ਕਰ ਰਹੇ ਹਨ, ਇਸ ਲਈ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਲੋਕਾਂ ਦੇ ਨਾਮ, ਉਮਰ ਜਾਂ ਹੋਰ ਵੇਰਵੇ ਅਜੇ ਜਾਰੀ ਨਹੀਂ ਕੀਤੇ ਜਾ ਰਹੇ। ਜ਼ਖ਼ਮੀ ਹੋਏ ਕੁਝ ਲੋਕਾਂ ਦੀ ਹਾਲਤ ਗੰਭੀਰ ਹੈ।
ਟਵਿਨ ਫਾਲਜ਼ ਦੇ ਪੁਲੀਸ ਮੁਖੀ ਮੈਥਿਊ ਹਿਕਸ ਨੇ ਸ਼ਨਿਚਰਵਾਰ ਨੂੰ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪੁਲੀਸ ਅਜੇ ਵੀ ਹਮਲਾਵਰ ਦੀ ਪਛਾਣ ਅਤੇ ਮਕਸਦ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਿਕਸ ਨੇ ਕਿਹਾ, ‘‘ਸੁਣਦੇ ਹਾਂ ਕਿ ਭਾਈਚਾਰੇ ਲਈ ਖ਼ਤਰਾ ਟਲ ਚੁੱਕਾ ਹੈ। ਇਹ ਬਹੁਤ ਹੀ ਹਫੜਾ-ਦਫੜੀ ਵਾਲਾ ਦ੍ਰਿਸ਼ ਸੀ।’’ ਪਾਮਰ ਨੇ ਕਿਹਾ ਕਿ ਜਾਂਚ ਕਰਤਾ ਅਜੇ ਵੀ ਗੋਲੀਬਾਰੀ ਦੇ ਗਵਾਹਾਂ ਤੋਂ ਪੁੱਛ-ਪੜਤਾਲ ਕਰ ਰਹੇ ਹਨ। ਇਹ ਰੈਸਟੋਰੈਂਟ ਭੀੜ-ਭੜੱਕੇ ਵਾਲੇ ਸ਼ਾਪਿੰਗ ਪਲਾਜ਼ਾ ਵਿੱਚ ਹੈ ਅਤੇ ਜਦੋਂ ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਤਾਂ ਉਸ ਸਮੇਂ ਇਲਾਕੇ ਵਿੱਚ ਸੈਂਕੜੇ ਲੋਕ ਮੌਜੂਦ ਸਨ।

