Heavy Rainfall: ਖ਼ੈਬਰ ਪਖ਼ਤੂਨਖ਼ਵਾ ’ਚ ਮੀਂਹ ਤੇ ਹੜ੍ਹਾਂ ਕਾਰਨ 12 ਮੌਤਾਂ
ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਭਾਰੀ ਮੀਂਹ ਅਤੇ ਅਚਾਨਕ ਆਏ ਹੜ੍ਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ’ਚ ਪੰਜ ਬੱਚਿਆਂ ਸਣੇ ਘੱਟੋ-ਘੱਟ 12 ਜਣਿਆਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਰਿਪੋਰਟ...
ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਭਾਰੀ ਮੀਂਹ ਅਤੇ ਅਚਾਨਕ ਆਏ ਹੜ੍ਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ’ਚ ਪੰਜ ਬੱਚਿਆਂ ਸਣੇ ਘੱਟੋ-ਘੱਟ 12 ਜਣਿਆਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ।
ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਰਿਪੋਰਟ ਅਨੁਸਾਰ ਮਕਾਨਾਂ ਦੀਆਂ ਛੱਤਾਂ ਅਤੇ ਕੰਧਾਂ ਢਹਿਣ ਅਤੇ ਅਚਾਨਕ ਆਏ ਹੜ੍ਹ ’ਚ ਲੋਕਾਂ ਦੇ ਰੁੜ੍ਹਨ ਕਾਰਨ ਇਹ ਮੌਤਾਂ ਹੋਈਆਂ ਹਨ। ਵੱਖ-ਵੱਖ ਹਾਦਸਿਆਂ ’ਚ ਛੇ ਪੁਰਸ਼, ਪੰਜ ਬੱਚਿਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ। ਅੱਠ ਪੁਰਸ਼, ਦੋ ਔਰਤਾਂ ਅਤੇ ਅੱਠ ਬੱਚੇ ਜ਼ਖ਼ਮੀ ਵੀ ਹੋਏ ਹਨ। ਪਿਸ਼ਾਵਰ, ਖ਼ੈਬਰ, ਮਰਦਾਨ, ਬੁਨੇਰ, ਬਾਜੌਲ, ਹੇਠਲਾ ਚਿਤਰਾਲ, ਐਬਟਾਬਾਦ, ਮਾਨਸੇਹਰਾ, ਤੋਰਘਰ ਅਤੇ ਕੁੱਰਮ ਜ਼ਿਲ੍ਹਿਆਂ ’ਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਭਾਰੀ ਮੀਂਹ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਕੁੱਲ 14 ਮਕਾਨ ਨੁਕਸਾਨੇ ਗਏ। ਇਨ੍ਹਾਂ ਵਿੱਚੋਂ ਇੱਕ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ, ਬਾਕੀ ਮਕਾਨਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ। ਪ੍ਰਬੰਧਨ ਅਥਾਰਿਟੀ, ਰੈਸਕਿਊ 1122, ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ। ਪ੍ਰਬੰਧਨ ਅਥਾਰਿਟੀ ਦੇ ਡਾਇਰੈਕਟਰ ਜਨਰਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਭਾਵਿਤ ਪਰਿਵਾਰਾਂ ਤੱਕ ਤੁਰੰਤ ਰਾਹਤ ਸਮੱਗਰੀ ਪਹੁੰਚਾਉਣਾ ਯਕੀਨੀ ਬਣਾਉਣ।

