ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 40 ਮੁਕਤਿਆਂ ਨੂੰ ਬਖਸ਼ਿਸ਼ਾਂ ਦੇ ਗੱਫੇ ਵੰਡੇ
ਗੁਰੂ ਗੋਬਿੰਦ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਦੀ ਦੁਨੀਆ ਦੀ ਵਿਲੱਖਣ ਅਤੇ ਅਸਾਵੀਂ ਜੰਗ ਲੜਨ ਤੋਂ ਬਾਅਦ ਮਾਛੀਵਾੜਾ, ਲੱਲਾ, ਕਟਾਣੀ, ਰਾਮਪੁਰ, ਕਨੇਚ, ਆਲਮਗੀਰ, ਜੋਧਾਂ, ਮੋਹੀ, ਲੰਮੇ ਜੱਟਪੁਰੇ, ਦੀਨਾ ਨਗਰ ਆਦਿ ਥਾਵਾਂ ਤੋਂ ਹੁੰਦੇ ਹੋਏ ਕੋਟਕਪੂਰੇ ਪੁੱਜੇ ਅਤੇ ਫਿਰ ਉੱਥੋਂ ਜੈਤੋ...
ਗੁਰੂ ਗੋਬਿੰਦ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਦੀ ਦੁਨੀਆ ਦੀ ਵਿਲੱਖਣ ਅਤੇ ਅਸਾਵੀਂ ਜੰਗ ਲੜਨ ਤੋਂ ਬਾਅਦ ਮਾਛੀਵਾੜਾ, ਲੱਲਾ, ਕਟਾਣੀ, ਰਾਮਪੁਰ, ਕਨੇਚ, ਆਲਮਗੀਰ, ਜੋਧਾਂ, ਮੋਹੀ, ਲੰਮੇ ਜੱਟਪੁਰੇ, ਦੀਨਾ ਨਗਰ ਆਦਿ ਥਾਵਾਂ ਤੋਂ ਹੁੰਦੇ ਹੋਏ ਕੋਟਕਪੂਰੇ ਪੁੱਜੇ ਅਤੇ ਫਿਰ ਉੱਥੋਂ ਜੈਤੋ ਦੀ ਜੂਹ ਗਏ। ਜਦੋਂ ਪਤਾ ਲੱਗਾ ਕਿ ਸਰਹਿੰਦ ਦਾ ਵਜ਼ੀਰ ਖਾਨ ਵੀ ਪਿੱਛੇ ਲੱਗਾ ਹੋਇਆ ਹੈ ਤਾਂ ਗੁਰੂ ਜੀ ਹੋਣ ਵਾਲੀ ਜੰਗ ਦਾ ਪੱਕਾ ਅੰਦਾਜ਼ਾ ਲਾ ਕੇ ਖਿਦਰਾਣੇ ਦੀ ਢਾਬ ਵੱਲ ਚੱਲ ਪਏ ਅਤੇ ਖਿਦਰਾਣੇ ਦੀ ਢਾਬ ’ਤੇ ਕਬਜ਼ਾ ਕਰਕੇ ਆਪਣਾ ਟਿਕਾਣਾ ਇੱਕ ਉੱਚੇ ਟਿੱਬੇ ’ਤੇ ਕਰ ਲਿਆ।
ਅਸੀਂ ਜਾਣਦੇ ਹਾਂ ਕਿ ਖਿਦਰਾਣੇ ਦੀ ਢਾਬ ’ਤੇ ਗੁਰੂ ਜੀ ਨੂੰ ਸਿੰਘਾਂ ਸਮੇਤ ਗਹਿਗੱਚ ਲੜਾਈ ਕਰਨੀ ਪਈ ਸੀ ਅਤੇ ਅੰਤ ਵਿੱਚ ਗੁਰੂ ਜੀ ਦੀ ਫ਼ਤਹਿ ਹੋਈ, ਪਰ ਇਸ ਜੰਗ ਵਿੱਚ ਗੁਰੂ ਜੀ ਦੇ ਸੂਰਬੀਰਾਂ ਨੇ ਅਨੋਖੀ ਬਹਾਦਰੀ ਦਿਖਾਉਂਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਸਿੰਘਾਂ ਵਿੱਚ ਕੁਝ ਸਿੰਘ ਉਹ ਵੀ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਇਸ ਗਹਿਗੱਚ ਲੜਾਈ ਵਿੱਚ ਜਿੱਥੇ ਇਹ 40 ਸਿੰਘ ਸ਼ਹੀਦ ਹੋਏ, ਉੱਥੇ ਤਕਰੀਬਨ ਢਾਈ ਸੌ ਤੁਰਕ ਅਤੇ ਤਿੰਨ ਸੌ ਘੋੜੇ ਸਿੰਘਾਂ ਦੇ ਹੱਥੋਂ ਮਾਰੇ ਗਏ ਸਨ।
ਜਦੋਂ ਦੁਸ਼ਮਣ ਫੌਜਾਂ ਮੂੰਹ ਦੀ ਖਾ ਕੇ ਵਾਪਸ ਪਾਣੀ ਦੀ ਭਾਲ ਵਿੱਚ ਚਲੀਆਂ ਗਈਆਂ ਤਾਂ ਮੈਦਾਨ ਹੱਥ ਆਇਆ ਦੇਖ ਗੁਰੂ ਜੀ ਕੁਝ ਨਿਕਟਵਰਤੀ ਸਿੰਘਾਂ ਸਮੇਤ ਯੁੱਧ ਦੀ ਥਾਂ ’ਤੇ ਪੁੱਜੇ ਅਤੇ ਆਪਣੇ ਕਰ-ਕਮਲਾਂ ਨਾਲ ਲਾਸ਼ਾਂ ਚੁੱਕੀਆਂ, ਰੁਮਾਲ ਨਾਲ ਮੁੱਖੜੇ ਸਾਫ਼ ਕੀਤੇ, ਸੀਸ ਗੋਦ ਵਿੱਚ ਲੈ ਕੇ ਪਿਆਰ ਜਤਾਇਆ ਅਤੇ ਬਖਸ਼ਿਸ਼ਾਂ ਦਾ ਮੀਂਹ ਵਰਸਾਇਆ। ਅੱਜ ਸੰਸਾਰ ਵਿੱਚ ਕੋਈ ਵੀ ਗੁਰਸਿੱਖ ਜਦੋਂ ਜੰਗ ਦੇ ਉਸ ਨਜ਼ਾਰੇ ਦਾ ਦ੍ਰਿਸ਼ ਆਪਣੇ ਮਨ ਵਿੱਚ ਚਿੱਤਰਦਾ ਹੈ ਤਾਂ ਦੇਖਦਾ ਹੈ ਕਿ ਕਿਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਲੱਗੇ ਹਨ ਅਤੇ ਦਸਮੇਸ਼ ਪਿਤਾ ਆਪਣੇ ਸਿੰਘਾਂ ਦੇ ਸਰੀਰਾਂ ਕੋਲ ਜਾ-ਜਾ ਕੇ ਉਨ੍ਹਾਂ ਦੀ ਬਹਾਦਰੀ, ਦਲੇਰੀ ਅਤੇ ਧਰਮ ਲਈ ਮਿਟ ਜਾਣ ’ਤੇ ਇੱਕ-ਇੱਕ ਨੂੰ ਆਪਣਾ ਪੁੱਤਰ ਜਾਣ ਕੇ ਲਾਡ ਲਡਾਉਂਦੇ ਹਨ ਅਤੇ ਅਸੀਸਾਂ ਦਿੰਦੇ ਹਨ, ਤਾਂ ਹਰ ਉਸ ਗੁਰਸਿੱਖ ਦਾ ਮਨ ਗੁਰੂ ਲਈ ਸ਼ਰਧਾ ਨਾਲ ਝੁਕ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਦਾਤਾਰ ਤਾਂ ਦਾਤਾਂ ਦਾ ਭੰਡਾਰ ਹੈ, ਉਸ ਦੇ ਖਜ਼ਾਨੇ ਭਰਪੂਰ ਹਨ। ਉਸ ਦੇ ਘਰੋਂ ਕੋਈ ਵੀ ਕੁਝ ਵੀ ਮੰਗ ਸਕਦਾ ਹੈ। ਗੁਰੂ ਜੀ ਵੀ ਰੱਜ-ਰੱਜ ਕੇ ਇਨ੍ਹਾਂ ਸਿੰਘਾਂ ਨੂੰ ਬਖਸ਼ਿਸ਼ਾਂ ਦੇ ਰਹੇ ਸਨ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ, ਭਾਈ ਰਾਇ ਸਿੰਘ ਦੇ ਪੁੱਤਰ ਭਾਈ ਮਹਾਂ ਸਿੰਘ ਕੋਲ ਗਏ ਤਾਂ ਉਨ੍ਹਾਂ ਵਿੱਚ ਹਾਲੇ ਸਾਹ ਬਾਕੀ ਸਨ। ਗੁਰੂ ਗੋਬਿੰਦ ਸਿੰਘ ਨੇ ਬੀਰ ਆਸਣ ਲਗਾ ਕੇ ਸੀਸ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਮਹਾਂ ਸਿੰਘ ਦਾ ਮੂੰਹ, ਜੋ ਉਸ ਸਮੇਂ ਲਹੂ-ਲੁਹਾਨ ਸੀ, ਪੂੰਝਿਆ ਅਤੇ ਮੂੰਹ ਵਿੱਚ ਜਲ ਪਾਇਆ। ਇਸ ਮਗਰੋਂ ਮਹਾਂ ਸਿੰਘ ਨੇ ‘'ਵਾਹਿਗੁਰੂ'’ ਤੇ ‘ਧੰਨ ਗੁਰੂ'’ ਉਚਾਰਿਆ ਤਾਂ ਗੁਰੂ ਜੀ ਨੇ ਕਿਹਾ, ‘ਮਹਾਂ ਸਿੰਘ ਜੋ ਮੰਗਣਾ ਏ ਮੰਗ ਲਓ।’ ਪਰ ਮਹਾਂ ਸਿੰਘ ਨੇ ਕਿਹਾ, ‘ਜੇ ਤੁਠੇ ਹੋ ਤਾਂ ਟੁੱਟੀ ਮੇਲੋ।’ ਤਾਂ ਦਸਮੇਸ਼ ਜੀ ਨੇ ਕਿਹਾ, ‘ਵਾਹ ਵਾਹ ਖਾਲਸਾ, ਧੰਨ ਖਾਲਸਾ! ਧੰਨ ਟੁੱਟੀ ਮੇਲੀ ਖਾਲਸੇ ਨੇ।’ ਇੰਨਾ ਸੁਣ ਭਾਈ ਮਹਾਂ ਸਿੰਘ ਜੀ ਪਰਲੋਕ ਸਿਧਾਰ ਗਏ।
ਫਿਰ ਗੁਰੂ ਜੀ ਥੋੜ੍ਹੀ ਦੂਰ ਜ਼ਖ਼ਮੀ ਪਏ ਮਾਈ ਭਾਗੋ ਕੋਲ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਵੀ ਦਰਸ਼ਨ ਦਿੱਤੇ ਅਤੇ ਬਖਸ਼ਿਸ਼ਾਂ ਬਖਸ਼ੀਆਂ। ਉਨ੍ਹਾਂ ਮਾਈ ਭਾਗੋ ਨੂੰ ਮਲ੍ਹਮ-ਪੱਟੀ ਤੇ ਮਗਰੋਂ ਉਹ ਗੁਰੂ ਜੀ ਦੇ ਨਾਲ ਰਹੇ। ਫਿਰ ਗੁਰੂ ਜੀ ਨੇ ਆਪਣੀਆਂ ਬਖਸ਼ਿਸ਼ਾਂ ਦੇ ਭੰਡਾਰੇ ਖੋਲ੍ਹ ਦਿੱਤੇ ਅਤੇ ਹਰ ਸ਼ਹੀਦ ਸਿੰਘ ਦੇ ਕੋਲ ਜਾ ਕੇ ਵੱਡੇ-ਵੱਡੇ ਸਨਮਾਨ ਅਤੇ ਖਿਤਾਬ ਦੇਣ ਲੱਗੇ।
ਸਭ ਤੋਂ ਪਹਿਲਾਂ ਭਾਈ ਭਾਗ ਸਿੰਘ ਨੂੰ ‘ਪੰਜ-ਹਜ਼ਾਰੀ’ ਦੀ ਪਦਵੀ ਦਿੱਤੀ, ਫਿਰ ਭਾਈ ਦਿਲਬਾਗ ਸਿੰਘ ਨੂੰ ‘ਪੰਜ ਹਜ਼ਾਰੀ’, ਅੱਗੇ ਚੱਲ ਭਾਈ ਮਾਨ ਸਿੰਘ ਨੂੰ ‘ਕਸ਼ਮੀਰ ਦਾ ਰਾਜਾ’ ਥਾਪਿਆ, ਫਿਰ ਸਰਦਾਰ ਨਿਧਾਨ ਸਿੰਘ ਨੂੰ ‘ਬੀਸ ਹਜ਼ਾਰੀ’ ਪਦਵੀ ਦਿੱਤੀ। ਅੱਗੇ ਚੱਲ ਕੇ ਭਾਈ ਘਰਬਾਰਾ ਸਿੰਘ, ਭਾਈ ਦਰਬਾਰਾ ਸਿੰਘ ਅਤੇ ਦੂਜੇ ਸਿੰਘ ਭਾਈ ਦਿਆਲ ਸਿੰਘ, ਭਾਈ ਨਿਹਾਲ ਸਿੰਘ, ਭਾਈ ਕੁਸ਼ਲ ਸਿੰਘ ਦੇ ਸਰੀਰ ਇਕੱਠੇ ਹੀ ਪਏ ਸਨ ਤਾਂ ਗੁਰੂ ਜੀ ਨੇ ਇਨ੍ਹਾਂ ਸਾਰਿਆਂ ‘ਤੀਹ ਹਜ਼ਾਰੀ’ ਦੀ ਪਦਵੀ ਦਿੱਤੀ। ਹੋਰ ਅੱਗੇ ਚੱਲ ਕੇ ਭਾਈ ਗੰਡਾ ਸਿੰਘ, ਭਾਈ ਸੁਮੇਰ ਸਿੰਘ ਅਤੇ ਭਾਈ ਸੁਹੇਲ ਸਿੰਘ ਦੇ ਸਰੀਰ ਪਏ ਸਨ, ਜੋ ਬੜੀ ਬਹਾਦਰੀ ਨਾਲ ਲੜੇ। ਗੁਰੂ ਜੀ ਨੇ ਇਨ੍ਹਾਂ ਨੂੰ ‘ਚਾਲੀਸ ਹਜ਼ਾਰੀ’ ਦਾ ਖਿਤਾਬ ਬਖਸ਼ਿਸ਼ ਕੀਤਾ। ਜਿਉਂ ਹੀ ਅੱਗੇ ਗਏ ਤਾਂ ਭਾਈ ਚੰਬਾ ਸਿੰਘ ਨੂੰ ‘ਲਾਹੌਰ ਦਾ ਸੂਬੇਦਾਰ’ ਅਤੇ ਨਾਲ ਹੀ ਪਏ ਭਾਈ ਗੰਗਾ ਸਿੰਘ ਨੂੰ ‘ਸੂਰਤ ਬੰਦਰ’ ਦਾ ਬਾਦਸ਼ਾਹ ਬਣਾ ਕੇ ਇਕੱਠੇ ਹੀ ਪਏ ਭਾਈ ਸਮੀਰ ਸਿੰਘ ਅਤੇ ਭਾਈ ਸੁਲਤਾਨ ਸਿੰਘ ਦੋਹਾਂ ਨੂੰ ‘ਫਰੂਖਾਬਾਦ’ ਯੂ ਪੀ ਦੀ ਸੂਬੇਦਾਰੀ ਐਲਾਨ ਦਿੱਤੀ। ਇਸੇ ਤਰ੍ਹਾਂ ਭਾਈ ਮਇਆ ਸਿੰਘ ਨੂੰ ‘ਪੰਜਾਹ ਹਜ਼ਾਰੀ’ ਮਨਸਬ ਦਿੱਤਾ। ਫਿਰ ਭਾਈ ਮੱਜਾ ਸਿੰਘ ਨੂੰ ‘ਕੰਧਾਰ ਦਾ ਰਾਜ ਭਾਗ’ ਸੌਂਪਿਆ।
ਹੁਣ ਗੁਰੂ ਜੀ ਨੇ ਹੋਰ ਅੱਗੇ ਜਾ ਕੇ ਭਾਈ ਸਰਜਾ ਸਿੰਘ ਨੂੰ ‘ਪੰਜਾਹ ਹਜ਼ਾਰੀ’ ਮਨਸਬ ਦਾ ਰੁਤਬਾ ਦਿੱਤਾ। ਭਾਈ ਸਾਧੂ ਸਿੰਘ ਜੀ ਨੂੰ ‘ਮੁਲਤਾਨ ਸੂਬੇ ਦਾ ਰਾਜ।’ ਇਸੇ ਤਰ੍ਹਾਂ ਭਾਈ ਗੁਲਾਬ ਸਿੰਘ ਅਤੇ ਭਾਈ ਹਰਸਾ ਸਿੰਘ ਨੂੰ ‘ਸਵਾ ਲੱਖੀ’ ਪਦਵੀ ਬਖਸ਼ੀ। ਭਾਈ ਸੰਗਤ ਸਿੰਘ ਨੂੰ ‘ਦਿੱਲੀ ਦਾ ਪਾਤਸ਼ਾਹ’ ਕਿਹਾ। ਭਾਈ ਹਰੀ ਸਿੰਘ ਅਤੇ ਭਾਈ ਧੰਨਾ ਸਿੰਘ ਨੂੰ ‘ਮੈਣ ਦੁਆਬ ਦੇ ਮਾਲਕ’ ਬਣਾਇਆ। ਭਾਈ ਕਾਹਨ ਸਿੰਘ ਨੂੰ ‘ਸਰਹਿੰਦ ਦੀ ਸਰਦਾਰੀ’ ਅਤੇ ਭਾਈ ਕੀਰਤ ਸਿੰਘ ਨੂੰ ‘ਬਿਬੇਕੀ’ ਦੀ ਪਦਵੀ ਬਖਸ਼ੀ। ਭਾਈ ਲਛਮਣ ਸਿੰਘ ਤੇ ਭਾਈ ਬੁੱਢਾ ਸਿੰਘ ਨੂੰ ‘ਪਰਬਤਾਂ ਦਾ ਰਾਜਾ’ ਬਣਾਇਆ। ਭਾਈ ਕੇਸੋ ਸਿੰਘ ਤੇ ਭਾਈ ਜਾਦੋ ਸਿੰਘ ਦੋਹਾਂ ਨੂੰ ਹੀ ‘ਪਿਸ਼ਾਵਰ ਦਾ ਹੁਕਮਰਾਨ’ ਥਾਪਿਆ, ਭਾਈ ਸੋਭਾ ਸਿੰਘ ਨੂੰ ਕਾਬਲ ਅਤੇ ਭਾਈ ਜੋਗਾ ਸਿੰਘ ‘ਰੂਪ ਅਤੇ ਸ਼ਾਮ ਦਾ ਸ਼ਾਹ’ ਦਾ ਖਿਤਾਬ ਬਖਸ਼ਿਆ। ਇਸ ਤੋਂ ਪਿੱਛੋਂ ਦਸਮੇਸ਼ ਜੀ ਨੇ ਭਾਈ ਭੰਗਾ ਸਿੰਘ ਨੂੰ ‘ਇਰਾਨ ਦਾ ਬਾਦਸ਼ਾਹ’ ਥਾਪਿਆ। ਭਾਈ ਜੰਗਾ ਸਿੰਘ ਨੂੰ ‘ਕਾਸ਼ੀਪਤੀ’ ਦੀ ਉਪਾਧੀ ਦਿੱਤੀ, ਭਾਈ ਧਰਮ ਸਿੰਘ ਨੂੰ ‘ਬਲਖ-ਬੁਖਾਰਾ’ ਅਤੇ ਭਾਈ ਕਰਮ ਸਿੰਘ ਨੂੰ ‘ਮੱਕੇ ਮਦੀਨੇ ਦਾ ਰਾਜ ਭਾਗ’ ਸੌਂਪਿਆ। ਫਿਰ ਭਾਈ ਕਾਲਾ ਸਿੰਘ ਨੂੰ ‘ਤੁਰਕੀ ਤਖ਼ਤ’ ਪ੍ਰਦਾਨ ਕੀਤਾ।
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਹੀਦ ਸਿੰਘਾਂ ਨੂੰ ਸਨਮਾਨ ਅਤੇ ਅਸੀਸਾਂ ਸਮੇਤ ਵੱਡੇ-ਵੱਡੇ ਖਿਤਾਬ ਬਖਸ਼ਿਸ਼ ਕੀਤੇ। ਪ੍ਰਿੰਸੀਪਲ ਸਤਿਬੀਰ ਸਿੰਘ ਨੇ ਆਪਣੀ ਪੁਸਤਕ ‘ਸਾਡਾ ਇਤਿਹਾਸ’ ਵਿੱਚ ਇਸ ਵੇਰਵੇ ਨੂੰ ਲੜੀਵਾਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਨੂੰ ਦੇਖ ਹਰ ਸਿੱਖ ਦਾ ਸਿਰ ਗੁਰੂ ਸਾਹਿਬ ਅੱਗੇ ਸ਼ਰਧਾ ਨਾਲ ਨਤਮਸਤਕ ਹੋ ਜਾਂਦਾ ਹੈ। ਚਾਲੀ ਮੁਕਤਿਆਂ ਨੂੰ ਉਹ ਪਦਵੀਆਂ ਦਿੱਤੀਆਂ ਗਈਆਂ, ਜੋ ਮੁਨੀਸ਼ਰਾਂ, ਤਪੀਸ਼ਰਾਂ, ਰਿਖੀਸ਼ਰਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀਆਂ। ਸ਼ਾਮ ਤੱਕ ਜਦੋਂ ਚਿਖਾ ਤਿਆਰ ਹੋ ਗਈ ਤਾਂ ਗੁਰੂ ਸਾਹਿਬ ਨੇ ਸਭ ਸ਼ਹੀਦ ਸਿੰਘਾਂ ਦਾ ਇੱਕ ਹੀ ਵੱਡੇ ਅੰਗੀਠੇ ਵਿੱਚ ਆਪਣੇ ਹੱਥੀਂ ਸਸਕਾਰ ਕੀਤਾ ਅਤੇ ਬਚਨ ਦਿੱਤਾ, ‘ਇਹ ਚਾਲੀ ਮੁਕਤੇ ਹੋਏ, ਜਨਮ ਮਰਨ ਤੋਂ ਰਹਿਤ ਹੋਏ।’ ਸੋਹਿਲਾ ਸਾਹਿਬ ਦੇ ਪਾਠ ਮਗਰੋਂ ਉਨ੍ਹਾਂ ਫਿਰ ਬਚਨ ਕੀਤਾ ‘ਇਹ ਸਾਡਾ ਦੀਵਾਨ ਦਾ ਅਸਥਾਨ’ ਅਤੇ ਮੁਕਤਿਆਂ ਦਾ ‘ਸ਼ਹੀਦ ਗੰਜ’ ਏਕ ਸਮਾਨ ਹੈ। ਅੱਜ ਲੱਖਾਂ ਸਿੱਖ ਸੰਗਤ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਜੀ ਨੂੰ ਅਤੇ ਸਿੰਘ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ।
ਸੰਪਰਕ: 98764-52223

