DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਰਵੇਸ਼ ਰੂਹ ਬਾਬਾ ਸ਼ੇਖ ਫ਼ਰੀਦ

ਬਾਬਾ ਸ਼ੇਖ ਫ਼ਰੀਦ ਸੂਫ਼ੀ ਪੈਗ਼ੰਬਰ, ਦਰਵੇਸ਼ ਰੂਹ, ਚਿਸ਼ਤੀ ਸਿਲਸਿਲੇ ਦੇ ਰੂਹੇ-ਰਵਾਂ ਅਤੇ ਪੰਜਾਬੀ ਦੇ ਆਦਿ ਕਵੀ ਸਨ। ਬਾਬਾ ਫ਼ਰੀਦ ਅਤੇ ਹੋਰ ਸੂਫੀਆਂ ਬਾਰੇ ਸਭ ਤੋਂ ਪ੍ਰਮਾਣਿਕ ਮੰਨੀ ਜਾਂਦੀ ਪੁਸਤਕ ‘ਸਿਅਰ-ਉਲ-ਔਲੀਆ’ ਦੇ ਲੇਖਕ ਮੁਹੰਮਦ ਮੁਬਾਰਕ ਅਲਅਲਵੀ ਕਿਰਮਾਨੀ (ਅਮੀਰ ਖੁਰਦ) ਨੇ ਉਨ੍ਹਾਂ...

  • fb
  • twitter
  • whatsapp
  • whatsapp
Advertisement

ਬਾਬਾ ਸ਼ੇਖ ਫ਼ਰੀਦ ਸੂਫ਼ੀ ਪੈਗ਼ੰਬਰ, ਦਰਵੇਸ਼ ਰੂਹ, ਚਿਸ਼ਤੀ ਸਿਲਸਿਲੇ ਦੇ ਰੂਹੇ-ਰਵਾਂ ਅਤੇ ਪੰਜਾਬੀ ਦੇ ਆਦਿ ਕਵੀ ਸਨ। ਬਾਬਾ ਫ਼ਰੀਦ ਅਤੇ ਹੋਰ ਸੂਫੀਆਂ ਬਾਰੇ ਸਭ ਤੋਂ ਪ੍ਰਮਾਣਿਕ ਮੰਨੀ ਜਾਂਦੀ ਪੁਸਤਕ ‘ਸਿਅਰ-ਉਲ-ਔਲੀਆ’ ਦੇ ਲੇਖਕ ਮੁਹੰਮਦ ਮੁਬਾਰਕ ਅਲਅਲਵੀ ਕਿਰਮਾਨੀ (ਅਮੀਰ ਖੁਰਦ) ਨੇ ਉਨ੍ਹਾਂ ਨੂੰ ‘ਪੀਰਾਂ ਦਾ ਪੀਰ’ ਆਖਿਆ ਹੈ। ਸ਼ਾਂਤ ਸੁਭਾਅ ਵਾਲੇ, ਮਿੱਠ-ਬੋਲੜੇ ਅਤੇ ਸਬਰ-ਸੰਤੋਖੀ, ਇਸ ਰੱਬੀ ਆਤਮਾ ਨੂੰ ਲੋਕਾਈ ਝੁਕ ਕੇ ਸਿਜਦਾ ਕਰਦੀ ਹੈ।

ਨਿਮਰਤਾ ਅਤੇ ਸਾਦਗੀ ਦੇ ਇਸ ਮੁਜੱਸਮੇ ਦਾ ਆਗਮਨ 1173 ਈ. ਨੂੰ ਮੁਲਤਾਨ ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੇਵਾਲ, ਜਿਸ ਨੂੰ ਹੁਣ ਚਾਵਲੀ ਮਸਾਇਖਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿੱਚ ਹੋਇਆ। ਉਸ ਵੇਲੇ ਇਹ ਸਿੰਧ ਸੂਬੇ ਦਾ ਹਿੱਸਾ ਸੀ। ਸ਼ੇਖ ਫ਼ਰੀਦ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੇ ਖ਼ਾਨਦਾਨ ’ਚੋਂ ਸਨ। ਉਨ੍ਹਾਂ ਦਾ ਪਿਛੋਕੜ ਕਾਬੁਲ ਦੇ ਬਾਦਸ਼ਾਹ ਫ਼ਾਰੂਖ ਸ਼ਾਹ ਆਦਲ ਨਾਲ ਜੁੜਦਾ ਹੈ। ਦਾਦਾ ਸ਼ੇਖ ਸ਼ੁਐਬ, ਗਜ਼ਨੀ ਦੇ ਰਾਜੇ ਦੇ ਭਰਾ ਸਨ। ਜਦੋਂ ਚੰਗੇਜ਼ ਖ਼ਾਨ ਨੇ ਕਾਬੁਲ ਉਜਾੜਿਆ ਤਾਂ ਕਾਜ਼ੀ ਸ਼ੁਐਬ ਲਾਹੌਰ ਹੁੰਦੇ ਹੋਏ ਕਸੂਰ ਅਤੇ ਅੰਤ ਕੋਠੇਵਾਲ ਜਾ ਟਿਕੇ। ਉਨ੍ਹਾਂ ਨੂੰ ਇੱਥੋਂ ਦਾ ਕਾਜ਼ੀ ਮੁਕੱਰਰ ਕੀਤਾ ਗਿਆ। ਇੱਥੇ ਹੀ ਪਿਤਾ ਜਮਾਲ-ਉਦ-ਦੀਨ ਅਤੇ ਬੀਬੀ ਮਰੀਅਮ (ਕਰਸੂਮ ਬੀਬੀ) ਦੇ ਘਰ ਤਿੰਨ ਬੇਟਿਆਂ ਅਤੇ ਇੱਕ ਬੇਟੀ ਨੇ ਜਨਮ ਲਿਆ। ਵਿਚਕਾਰਲੇ ਬੇਟੇ ਦਾ ਨਾਮ ਫ਼ਰੀਦ-ਉਦ-ਦੀਨ ਮਸਊਦ ਰੱਖਿਆ ਗਿਆ। ਬਾਬਾ ਫ਼ਰੀਦ ਦੇ ਮਾਤਾ ਬੀਬੀ ਮਰੀਅਮ, ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸਬੰਧਤ ਸਈਅਦ ਮੁਹੰਮਦ ਅਬਦੁੱਲਾ ਸ਼ਾਹ ਦੀ ਬੇਟੀ ਸਨ। ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਕੁਲ ’ਚੋਂ ਸ਼ੇਖ ਵਜੀਹਉੱਦੀਨ ਨੇ ਮਰੀਅਮ ਨੂੰ ਗੋਦ ਲਿਆ ਹੋਇਆ ਸੀ। ਹਿੰਦੁਸਤਾਨ ਆਉਣ ਵੇਲੇ ਉਹ ਮਰੀਅਮ ਨੂੰ ਨਾਲ ਲਿਆਏ ਤੇ ਉਨ੍ਹਾਂ ਦਾ ਨਿਕਾਹ ਜਮਾਲ-ਉਦ-ਦੀਨ ਨਾਲ ਕਰ ਦਿੱਤਾ, ਜਿਸ ਮਗਰੋਂ ਸ਼ੇਖ ਫ਼ਰੀਦ ਦਾ ਜਨਮ ਹੋਇਆ।

Advertisement

ਬੰਦਗੀ ਦੀ ਖ਼ੈਰ ਮੰਗਣ ਵਾਲੇ ਫ਼ਰੀਦ-ਉਦ-ਦੀਨ ਗੰਜਿ ਸ਼ਕਰ ਨੇ ਅੱਠ ਸਾਲਾਂ ਦੀ ਉਮਰ ਵਿੱਚ ਹੀ ਮੁਕੱਦਸ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ ਸੀ ਅਤੇ 15 ਸਾਲ ਦੀ ਉਮਰ ਵਿੱਚ ਹਾਜੀ ਦਾ ਰੁਤਬਾ ਹਾਸਲ ਕਰ ਲਿਆ ਸੀ। ਉਨ੍ਹਾਂ ਨੂੰ ਇਸਲਾਮੀ ਤਾਲੀਮ ਹਾਸਲ ਕਰਨ ਲਈ ਕਾਬੁਲ ਭੇਜਿਆ ਗਿਆ। ਮੁਲਤਾਨ ਆ ਕੇ ਸ਼ੇਖ ਬਹਾਉੱਦੀਨ ਜ਼ਕਰੀਆ ਤੋਂ ਵੀ ਮਜ਼੍ਹਬੀ ਇਲਮ ਹਾਸਲ ਕੀਤਾ ਅਤੇ ਖ਼ਵਾਜਾ ਬਖਤਿਆਰ ਕਾਕੀ ਨੂੰ ਮੁਰਸ਼ਦ ਧਾਰ ਲਿਆ।

Advertisement

ਪ੍ਰੋ. ਪ੍ਰੀਤਮ ਸਿੰਘ ਅਨੁਸਾਰ ਚਿਸ਼ਤੀ ਸੰਪਰਦਾ ਦਾ ਸਿਲਸਿਲਾ ਖ਼ਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਕੋਲੋਂ ਹਾਸਲ ਕੀਤੀ। ਖ਼ਵਾਜਾ ਮੁਈਨ-ਉਦ-ਦੀਨ ਨੇ ਚਿਸ਼ਤੀ ਸੰਪਰਦਾ ਦੀ ਨੀਂਹ ਰੱਖੀ ਅਤੇ ਉਹ ਇਸ ਦੇ ਚੌਦਵੇਂ ਖ਼ਲੀਫ਼ਾ ਸਨ। ਉਨ੍ਹਾਂ ਨੇ ਆਪਣੀ ਗੱਦੀ ਕੁਤਬ-ਉਦ-ਦੀਨ ਬਖਤਿਆਰ ਕਾਕੀ ਨੂੰ ਸੌਂਪੀ। ਸ਼ੇਖ ਫ਼ਰੀਦ ਉਚੇਰੀ ਤਾਲੀਮ ਲਈ ਮੁਲਤਾਨ ਗਏ ਤਾਂ ਉਨ੍ਹਾਂ ਦਾ ਮੇਲ ਬਖਤਿਆਰ ਕਾਕੀ ਨਾਲ ਹੋਇਆ। ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਤੇ ਫਿਰ ਅਜਮੇਰ ਬਣ ਗਿਆ। ਅੱਜ-ਕੱਲ੍ਹ ਅਜਮੇਰ ਨੂੰ ‘ਅਜਮੇਰ ਸ਼ਰੀਫ’ ਕਿਹਾ ਜਾਂਦਾ ਹੈ। ਸ਼ੇਖ ਫ਼ਰੀਦ ਵੀ ਬਖਤਿਆਰ ਕਾਕੀ ਦੇ ਨਾਲ ਦਿੱਲੀ ਆ ਗਏ ਅਤੇ ਕਾਕੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਫ਼ਰੀਦ ਜੀ ਨੂੰ ਇਸ ਦਾ ਖ਼ਲੀਫ਼ਾ ਥਾਪਿਆ ਗਿਆ ਤੇ ਉਹ ਚਿਸ਼ਤੀ ਸਿਲਸਿਲੇ ਦੇ ਮੁਖੀ ਬਣੇ।

ਮੈਕਸ ਆਰਥਰ ਮੈਕਾਲਿਫ ਅਨੁਸਾਰ ਸ਼ੇਖ ਫ਼ਰੀਦ ਦੇ ਤਿੰਨ ਵਿਆਹ ਹੋਏ ਅਤੇ ਪੰਜ ਪੁੱਤਰ ਅਤੇ ਤਿੰਨ ਧੀਆਂ ਨੇ ਜਨਮ ਲਿਆ। ਜਦੋਂ ਬਲਬਨ ਦਿੱਲੀ ਦੇ ਤਖ਼ਤ ’ਤੇ ਬੈਠਾ ਤਾਂ ਉਸ ਨੇ ਸ਼ੇਖ ਫ਼ਰੀਦ ਨੂੰ ਸ਼ਾਹੀ ਮਹਿਮਾਨ ਵਜੋਂ ਦਿੱਲੀ ਆਉਣ ਦਾ ਸੱਦਾ ਦਿੱਤਾ। ਸ਼ਾਹੀ ਮਹਿਲ ਵਿੱਚ ਸ਼ੇਖ ਫ਼ਰੀਦ ਦੀ ਨਜ਼ਰ ਬਲਬਨ ਦੀ ਧੀ ਹਜ਼ਬਰਾ ਉੱਪਰ ਪਈ ਤਾਂ ਸ਼ੇਖ ਫ਼ਰੀਦ ਨੇ ਫ਼ੁਰਮਾਇਆ, ‘ਇਸ ਦੇ ਮਸਤਕ ’ਤੇ ਲਿਖਿਆ ਹੈ, ਇਸ ਦਾ ਨਿਕਾਹ ਮੇਰੇ ਨਾਲ ਹੋਵੇਗਾ।’ ਨਿਕਾਹ ਹੋ ਗਿਆ ਪਰ ਹੀਰੇ-ਜਵਾਹਰਾਤ ਫ਼ਰੀਦ ਜੀ ਨੇ ਕਬੂਲ ਨਹੀਂ ਕੀਤੇ। ਬੀਬੀ ਹਜ਼ਬਰਾ ਨਾਲ ਉਹ ਦਿੱਲੀ ਛੱਡ ਕੇ ‘ਅਜੋਧਨ’ ਆ ਵਸੇ। ਬਾਅਦ ਵਿੱਚ ਇਸ ਦਾ ਨਾਂ ‘ਪਾਕਪਟਨ’ ਪੈ ਗਿਆ। ਬਾਬਾ ਫ਼ਰੀਦ ਜੀ ਦੇ ਆਗਮਨ ਨਾਲ ਪਾਕਪਟਨ ਰੂਹਾਨੀਅਤ ਦਾ ਕੇਂਦਰ ਬਣ ਗਿਆ, ਜਿੱਥੇ ਦੂਰੋਂ-ਦੂਰੋਂ ਲੋਕ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਤੇ ਸੇਧ ਹਾਸਲ ਕਰਨ ਆਉਂਦੇ ਸਨ। ਆਪਣੇ ਪੀਰਾਂ ਅਤੇ ਪੈਰੋਕਾਰਾਂ ਦੇ ਕਹਿਣ ’ਤੇ ਉਨ੍ਹਾਂ ਨੇ 18 ਸਾਲ ਤੱਕ ਗਜ਼ਨੀ, ਬਗਦਾਦ, ਸੀਰੀਆ, ਇਰਾਨ ਆਦਿ ਮੁਲਕਾਂ ਦਾ ਦੌਰਾ ਕੀਤਾ ਅਤੇ ਉੱਘੇ ਸੂਫ਼ੀ ਫ਼ਕੀਰਾਂ ਨਾਲ ਵਾਰਤਾਲਾਪ ਕਰਦੇ ਰਹੇ।

ਬਾਬਾ ਫ਼ਰੀਦ ਗਰੀਬੀ ਵਾਲਾ ਜੀਵਨ ਬਸਰ ਕਰਦੇ ਸਨ। ਪ੍ਰੋ. ਗੁਰਬਚਨ ਸਿੰਘ ਤਾਲਿਬ ਲਿਖਦੇ ਹਨ: ਸ਼ੇਖ ਫ਼ਰੀਦ ਬਹੁਤ ਹੀ ਸਖ਼ਤ ਨੇਮਾਂ ਵਿੱਚ ਰਹਿੰਦੇ ਸਨ। ਖਾਣ-ਪੀਣ ਅਤੇ ਕੱਪੜਿਆਂ ਦੇ ਮਾਮਲੇ ਵਿੱਚ ਬੜੇ ਸੰਜਮ ਵਾਲੇ ਸਨ। ਉਹ ਇੱਕ ਪਾਟਿਆ-ਪੁਰਾਣਾ ਕੰਬਲ ਲੈ ਕੇ ਸੌਂਦੇ ਸਨ, ਜਿਹੜਾ ਉਨ੍ਹਾਂ ਦੇ ਸਰੀਰ ਨੂੰ ਢਕਣ ਲਈ ਨਾਕਾਫ਼ੀ ਹੁੰਦਾ ਸੀ। ਪਾਕਪਟਨ ਨੂੰ ਆਪਣਾ ਪੱਕਾ ਟਿਕਾਣਾ ਬਣਾਉਣ ਮਗਰੋਂ ਵੀ ਉਹ ਜੰਗਲੀ ਕੰਦ-ਮੂਲ ਖਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਬਾਬਾ ਫ਼ਰੀਦ ਦਾ ਫੁਰਮਾਨ ਹੈ: ਜ਼ਕਾਤ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਸ਼ਰੀਅਤ ਦੀ, ਦੂਜੀ ਤਰੀਕਤ ਦੀ ਤੇ ਤੀਜੀ ਹਕੀਕਤ ਦੀ। ਹਕੀਕਤ ਦੇ ਦਾਨ ਵਿੱਚ ਆਪਣੇ ਲਈ ਕੁੱਝ ਨਹੀਂ ਰੱਖੀਦਾ, ਸਾਰਾ ਕੁੱਝ ਦਾਨ ਵਿੱਚ ਦੇ ਦਿੱਤਾ ਜਾਂਦਾ ਹੈ।

ਸ਼ੇਖ ਫ਼ਰੀਦ ਦੇ ਨਾਮ ‘ਗੰਜਿ ਸ਼ਕਰ’ ਬਾਰੇ ਡਾ. ਗੁਰਦੇਵ ਸਿੰਘ ਨੇ ‘ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ’ ਵਿੱਚ ਲਿਖਿਆ ਹੈ, ‘ਅਸਲ ਵਿੱਚ ਆਪ ਦੀ ਸੀਰੀਂ ਬਿਆਨੀ (ਮਧੁਰ ਕਥਨੀ) ਕਰ ਕੇ ਹੀ ਆਪ ਨੂੰ ਗੰਜਿ ਸ਼ਕਰ (ਮਿਠਾਸ ਦਾ ਖਜ਼ਾਨਾ) ਕਿਹਾ ਹੋਵੇਗਾ।’ ਵਿਦਵਾਨਾਂ ਦਾ ਵਿਚਾਰ ਹੈ, ਇੱਕ ਕਾਰਨ ਉਨ੍ਹਾਂ ਦਾ ਨਾਂ ਵੀ ਹੋ ਸਕਦਾ ਹੈ ‘ਫ਼ਰੀਦ’- ਮਤਲਬ ਅਦੁੱਤੀ, ਇਕੱਲਾ, ਸਭ ਤੋਂ ਵੱਖਰਾ। ਮਾਤਾ ਮਰੀਅਮ ਵੀ ਇਸ ਦਾ ਕਾਰਨ ਹੋ ਸਕਦੇ ਹਨ, ਜੋ ਬਚਪਨ ਵਿੱਚ ਫ਼ਰੀਦ ਜੀ ਦੇ ਬੰਦਗੀ ਕਰਨ ਸਮੇਂ ਉਨ੍ਹਾਂ ਦੀ ਚਟਾਈ ਹੇਠ ਸ਼ੱਕਰ ਲੁਕਾ ਦਿੰਦੇ ਸਨ। ਬੰਦਗੀ ਤੋਂ ਉੱਠਦੇ ਹੀ, ਚਟਾਈ ਹੇਠੋਂ ਸ਼ੱਕਰ ਮਿਲਦੀ ਤਾਂ ਫ਼ਰੀਦ ਸਮਝਦੇ ਕਿ ਖ਼ੁਦਾ ਦੀ ਭਗਤੀ ਕਾਰਨ ਹੀ ਸ਼ੱਕਰ ਮਿਲਦੀ ਹੈ।

ਸ਼ੇਖ ਫ਼ਰੀਦ ਦੀ ਰਚਨਾ ਵਿੱਚ ਉਨ੍ਹਾਂ ਦਾ ਅਕਸ ਉੱਚ-ਕੋਟੀ ਦੇ ਵਿਦਵਾਨਾਂ ਵਾਲਾ ਹੈ। ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿੱਚ ਉਹ ਮੁਕਾਮ ਹਾਸਲ ਹੈ, ਜੋ ਚੌਸਰ ਨੂੰ ਅੰਗਰੇਜ਼ੀ ਸਾਹਿਤ ਵਿੱਚ ਮਿਲਿਆ ਹੋਇਆ ਹੈ। ਬਾਬਾ ਫ਼ਰੀਦ ਜੀ ਦਾ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਹਿੱਸਾ ਉਸ ਸਮੇਂ ਰਚੇ ਸ਼ਬਦਾਂ ਅਤੇ ਸਲੋਕਾਂ ਕਰਕੇ ਹੈ। ਉਨ੍ਹਾਂ ਦੀ ਬਾਣੀ ਦਾ ਉੱਚ ਮਿਆਰ ਹੋਣ ਕਾਰਨ ਹੀ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਇਸ ਨੂੰ ਸੰਭਾਲਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਇਕੱਠਾ ਕਰਕੇ ‘ਆਦਿ ਸ੍ਰੀ ਗੁਰੂ ਗ੍ਰੰਥ’ ਵਿੱਚ ਦਰਜ ਕਰਕੇ ਅਹਿਮ ਰੁਤਬਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫ਼ਰੀਦ ਜੀ ਦੇ ਚਾਰ ਸ਼ਬਦ- ਦੋ ਆਸਾ ਰਾਗ, ਦੋ ਸੂਹੀ ਰਾਗ- ਅਤੇ 112 ਸਲੋਕ ਦਰਜ ਹਨ। ਸ਼ੇਖ ਫ਼ਰੀਦ ਜੀ ਦੀ ਰਚਨਾ ਦੀ ਮਹਾਨਤਾ ਦੇ ਹਵਾਲੇ ਵਿੱਚ ਉੱਘੇ ਵਿਦਵਾਨ ਡਾ. ਜੀਤ ਸਿੰਘ ਸ਼ੀਤਲ ਲਿਖਦੇ ਹਨ, ‘ਦੇਸ਼ ਦੀ ਲੋਕ ਭਾਸ਼ਾ ਪੁਰਾਤਨ ਪੰਜਾਬੀ ਅਥਵਾ ਲਹਿੰਦੀ ਵਿੱਚ ਪਹਿਲੀ ਵਾਰ ਸ਼ੇਖ ਫ਼ਰੀਦ ਨੇ ਉੱਚ ਪੱਧਰ ਦੀ ਕਵਿਤਾ ਰਚੀ। ਉਹ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਪਹਿਲੇ ਸਾਹਿਤਕਾਰ ਹਨ; ਭਗਤੀ, ਬੰਦਗੀ ਕਾਵਿ ਦੇ ਪਹਿਲੇ ਸ਼੍ਰੋਮਣੀ ਕਵੀ ਅਤੇ ਗੁਰਮਤਿ ਵਿਚਾਰਧਾਰਾ ਦੇ ਪਹਿਲੇ ਪੇਸ਼-ਰੌ ਹਨ।’

ਡਾ. ਤਾਰਨ ਸਿੰਘ ਨੇ ਬਹੁਤ ਸੰਖੇਪ ਸ਼ਬਦਾਂ ਵਿੱਚ ਫ਼ਰੀਦ ਜੀ ਦੀ ਬਾਣੀ ਨੂੰ ਵਡਿਆਇਆ ਹੈ, ‘ਬਾਬਾ ਫ਼ਰੀਦ ਨੂੰ ਸਭ ਤੋਂ ਵੱਡਾ ਤਜਰਬਾ ਘਰੋਗੀ ਸਾਧਾਰਨ ਜਾਤੀ ਜੀਵਨ ਦਾ ਹੀ ਹੈ, ਜਿਸ ਵਿੱਚ ਰੋਟੀ, ਲਾਵ੍ਹਣ, ਭੁੱਖ, ਰੁੱਖੀ ਸੁੱਖੀ ਤੇ ਚੋਪੜੀ ਦਾ ਤਜਰਬਾ ਹੈ; ਜਿਸ ਵਿੱਚ ਖਟੋਲਾ, ਵਾਣ, ਵਿਛਾਈ ਤੇ ਲੇਫ਼ ਦੀ ਵਰਤੋਂ ਹੈ; ਜਿਸ ਵਿੱਚ ਛੱਪਰ, ਤੁੱਟੇ ਮੇਹ, ਕੋਠੇ, ਪੱਤਣ, ਕੇਤੜੀ ਦੀ ਸੋਝੀ ਹੈ; ਕਿਵੇਂ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ, ਦੁੱਧ, ਖਜੂਰੀ ਪੱਕੀਆਂ ਨਾਲ ਵਾਹ ਰਹਿੰਦਾ ਹੈ। ਜਿੱਥੇ ਵਿਛੋੜੇ ਦੀਆਂ ਰਾਤਾਂ ਦਾ ਅਨੁਭਵ ਹੈ; ਜਿੱਥੇ ਕਥੂਰੀ ਤੇ ਹਿੰਗ ਦੇ ਭੇਤ ਦੀ ਸੂਝ ਹੈ। ਜਿੱਥੇ ਲੋਕ ਪੱਗ ਦੀ ਸੰਭਾਲ ਕਰਦੇ ਕਰਦੇ ਭੁੱਲ ਜਾਂਦੇ ਹਨ ਕਿ ਸਿਰ ਨੂੰ ਵੀ ਮਿੱਟੀ ਖਾ ਜਾਏਗੀ। ਜਿੱਥੇ ਗ੍ਰਹਿਸਥੀ ਜੀਵਨ, ਵਿਆਹ ਦੇ ਸਾਹੇ, ਤਿਲਵੇਤਰੀ ਦੀ ਰਸਮ, ਸਹੁ ਕੱਢਣ ਦਾ ਪਤਾ, ਲੋੜ, ਗੰਢ, ਸਹੁਰੇ-ਪੇਕੇ ਸੰਬੰਧਾਂ ਦਾ ਪਤਾ ਲੱਗਦਾ ਹੈ।’ ਇਸ ਤਰ੍ਹਾਂ ਸ਼ੇਖ ਫ਼ਰੀਦ ਦੀ ਰਚਨਾ ਵਸਤੂ ਅਤੇ ਰੂਪ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਵਿੱਚ ਬਹੁਤ ਮਹਾਨਤਾ ਰੱਖਦੀ ਹੈ। ਉਨ੍ਹਾਂ ਦੀ ਰਚਨਾ ਵਿੱਚ ਜਿਹੜੇ ਦੋ ਕਾਵਿ-ਰੂਪ ਵਰਤੇ ਗਏ ਹਨ, ਉਹ ਭਾਰਤੀ ਰਵਾਇਤ ਨਾਲ ਸਬੰਧ ਰੱਖਦੇ ਹਨ। ਸਲੋਕ ਅਜਿਹਾ ਕਾਵਿ-ਰੂਪ ਹੈ, ਜਿਸ ਵਿੱਚ ਸੰਜਮ ਅਤੇ ਸੰਖੇਪਤਾ ਹੁੰਦੀ ਹੈ ਅਤੇ ਪਾਠਕ ਦੇ ਮਨ ਉੱਤੇ ਡੂੰਘਾ ਅਸਰ ਪੈਂਦਾ ਹੈ:

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ॥

ਆਪਨੜੈ ਘਰਿ ਜਾਈਐ ਪੈਰ ਤ੍ਵਿਨਾ ਦੇ ਚੁੰਮਿ॥

ਇਸੇ ਤਰ੍ਹਾਂ ਫ਼ਰੀਦ ਬਾਣੀ ਵਿੱਚ ਦੂਸਰਾ ਕਾਵਿ-ਰੂਪ ‘ਸ਼ਬਦ’ ਹੈ:

ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥

ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥

ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥

ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰ ਥੀਏ॥

***

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ॥

ਬਾਵਲਿ ਹੋਈ ਸੋ ਸਹੁ ਲੋਰਉ॥

ਤੈ ਸਹਿ ਮਨ ਮਹਿ ਕੀਆ ਰੋਸੁ॥

ਮੁਝੁ ਅਵਗਨ ਸਹਿ ਨਾਹੀ ਦੋਸੁ॥

ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਫ਼ਰੀਦ ਜੀ ਦੀ ਗੱਦੀ ’ਤੇ ਬੈਠੇ 11ਵੇਂ ਗੱਦੀ-ਨਸ਼ੀਨ ਸ਼ੇਖ ਬ੍ਰਹਮ,ਜਿਨ੍ਹਾਂ ਨੂੰ ਸ਼ੇਖ ਇਬਰਾਹੀਮ ਵੀ ਕਿਹਾ ਜਾਂਦਾ ਹੈ, ਨਾਲ ਦੋ ਵਾਰ ਹੋਈ। ਇਸੇ ਤੋਂ ਹੀ ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ ਦੱਸੀ ਜਾਂਦੀ ਹੈ। ਕੁੱਝ ਖੋਜਕਾਰਾਂ ਦਾ ਇਹ ਵੀ ਵਿਚਾਰ ਹੈ ਕਿ ਸ਼ੇਖ ਫ਼ਰੀਦ ਦੀ ਰਚਨਾ ਅਸਲ ਵਿੱਚ ਸ਼ੇਖ ਇਬਰਾਹੀਮ ਦੀ ਹੈ। ਇਹ ਜਾਣਕਾਰੀ ਵੀ ਮਿਲਦੀ ਹੈ ਕਿ ਸ਼ੇਖ ਫ਼ਰੀਦ ਜੀ ਦੀ ਕੁੱਝ ਬਾਣੀ ਅਤੇ ਸਲੋਕ ਹੋਰ ਵੀ ਹਨ, ਜੋ ਲਿਖਤੀ ਰੂਪ ਵਿੱਚ ਸਾਹਮਣੇ ਨਹੀਂ ਆਏ।

ਫ਼ਰੀਦਕੋਟ ਸ਼ਹਿਰ ਦਾ ਨਾਂ ਵੀ ਬਾਬਾ ਸ਼ੇਖ ਫ਼ਰੀਦ ਜੀ ਨਾਲ ਜੁੜਿਆ ਹੋਇਆ ਹੈ। ਪ੍ਰੋ. ਪ੍ਰੀਤਮ ਸਿੰਘ ਦੀ ਪੁਸਤਕ ‘ਸ਼ੇਖ ਫ਼ਰੀਦ ਦੀ ਭਾਲ’ ਵਿੱਚ ਇੱਕ ਸਾਖੀ ਇਸ ਤਰ੍ਹਾਂ ਹੈ ਕਿ ਸ਼ੇਖ ਫ਼ਰੀਦ ਆਪਣੇ ਮੁਰਸ਼ਦ ਬਖਤਿਆਰ ਕਾਕੀ ਨੂੰ ਮਿਲਣ ਪਿੱਛੋਂ ਦਿੱਲੀ ਤੋਂ ਹਾਂਸੀ-ਹਿਸਾਰ ਦੇ ਰਸਤੇ ਪਾਕਪਟਨ ਜਾ ਰਹੇ ਸਨ। ਰਸਤੇ ਵਿੱਚ ‘ਮੋਕਲਹਰ’ ਨਾਂ ਦੀ ਥਾਂ ਸੀ, ਜਿੱਥੇ ਸਮੇਂ ਦੇ ਹਾਕਮ, ਚੌਧਰੀ ਮੋਕਲਸੀਂਹ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਉਸ ਦੇ ਨੌਕਰਸ਼ਾਹਾਂ ਨੇ ਬਾਬਾ ਫ਼ਰੀਦ ਨੂੰ ਵਗਾਰ ਉੱਤੇ ਲਾ ਲਿਆ ਅਤੇ ਸਿਰ ਉੱਤੇ ਗਾਰੇ ਦੀ ਤਗਾਰੀ ਚੁਕਵਾ ਦਿੱਤੀ। ਕਿਹਾ ਜਾਂਦਾ ਹੈ ਕਿ ਤਗਾਰੀ ਫ਼ਰੀਦ ਜੀ ਦੇ ਸਿਰ ਤੋਂ ਉੱਪਰ ਹਵਾ ਵਿੱਚ ਲਟਕ ਰਹੀ ਸੀ। ਜਦੋਂ ਲੋਕਾਂ ਨੇ ਮੋਕਲਸੀਂਹ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਜਾਣਿਆ ਕਿ ਇਹ ਜ਼ਰੂਰ ਕੋਈ ਰੱਬੀ ਰੂਹ ਹੈ। ਉਸ ਨੇ ਮੁਆਫ਼ੀ ਮੰਗੀ ਅਤੇ ਸਤਲੁਜ ਦਰਿਆ ਦੇ ਉਜਾੜੇ ਤੋਂ ਨਗਰ ਦੀ ਸੁੱਖ-ਸਾਂਦ ਦੀ ਦੁਆ ਕੀਤੀ। ਨਾਲ ਹੀ ਨਗਰ ਦਾ ਨਾਂ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਜਿਸ ਥਾਂ ਬਾਬਾ ਫ਼ਰੀਦ ਨੂੰ ਤਗਾਰੀ ਚੁਕਾਈ ਗਈ ਸੀ, ਉੱਥੇ ਹੁਣ ‘ਟਿੱਲਾ ਬਾਬਾ ਫਰੀਦ’ ਮੌਜੂਦ ਹੈ।

ਬਾਬਾ ਫ਼ਰੀਦ ਜੀ ਦੇ ਨਾਮ ਨਾਲ ‘ਗੋਦੜੀ’ ਦੀ ਦੰਦ-ਕਥਾ ਵੀ ਮਸ਼ਹੂਰ ਹੈ। ਜਦੋਂ ਉਹ ਮੋਕਲਹਰ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਗੋਦੜੀ ਉਤਾਰ ਕੇ ਇੱਕ ਦਰਖ਼ਤ ਉੱਤੇ ਟੰਗ ਦਿੱਤੀ। ਪਸ਼ੂ ਚਾਰਨ ਵਾਲੇ ਕੁੱਝ ਮੁੰਡਿਆਂ ਨੇ ਇਸ ਗੋਦੜੀ ਦੀ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰ ਦਿੱਤਾ। ਜਦੋਂ ਬਾਬਾ ਫ਼ਰੀਦ ਜੀ ਵਾਪਸ ਉੱਥੇ ਮੁੜੇ ਤਾਂ ਗੋਦੜੀ ਗਾਇਬ ਸੀ। ਇਸੇ ਦੀ ਯਾਦ ਵਿੱਚ ਹੁਣ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਹੈ। ਇੱਥੇ ਹਰ ਸਾਲ 19 ਤੋਂ 23 ਸਤੰਬਰ ਤੱਕ ਬਾਬਾ ਫ਼ਰੀਦ ਆਗਮਨ ਪੁਰਬ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਹੈ।

ਸੰਪਰਕ: 89684-33500

Advertisement
×