ਮਹਾਨ ਇਮਾਰਤਸਾਜ਼ ਭਾਈ ਰਾਮ ਸਿੰਘ
ਨਕਸ਼ਾ ਨਵੀਸੀ, ਭਵਨ ਨਿਰਮਾਣ ਅਤੇ ਲੱਕੜ ਨਕਾਸ਼ੀ ਦੀ ਆਪਣੀ ਨਿਵੇਕਲੀ ਕਲਾ ਰਾਹੀਂ ਸਿੱਖ, ਮੁਗ਼ਲ ਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਵਾਲੇ ਭਾਈ ਰਾਮ ਸਿੰਘ 19ਵੀਂ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤਸਾਜ਼ ਸਨ। ਉਨ੍ਹਾਂ ਦਾ ਜਨਮ ਪਹਿਲੀ ਅਗਸਤ 1858...
ਨਕਸ਼ਾ ਨਵੀਸੀ, ਭਵਨ ਨਿਰਮਾਣ ਅਤੇ ਲੱਕੜ ਨਕਾਸ਼ੀ ਦੀ ਆਪਣੀ ਨਿਵੇਕਲੀ ਕਲਾ ਰਾਹੀਂ ਸਿੱਖ, ਮੁਗ਼ਲ ਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਵਾਲੇ ਭਾਈ ਰਾਮ ਸਿੰਘ 19ਵੀਂ ਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤਸਾਜ਼ ਸਨ। ਉਨ੍ਹਾਂ ਦਾ ਜਨਮ ਪਹਿਲੀ ਅਗਸਤ 1858 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੇ ਰਾਮਗੜ੍ਹੀਆ ਪਰਿਵਾਰ ਵਿੱਚ ਆਸਾ ਸਿੰਘ ਦੇ ਘਰ ਹੋਇਆ। ਲੱਕੜ ਤਰਾਸ਼ੀ ਦੀ ਗੁੜ੍ਹਤੀ ਉਨ੍ਹਾਂ ਨੂੰ ਪਿਤਾ-ਪੁਰਖੀ ਕਿੱਤੇ ਤੋਂ ਹੀ ਮਿਲ ਗਈ ਸੀ। ਉਨ੍ਹਾਂ ਨੇ ਦਸਵੀਂ ਤੱਕ ਦੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਹਾਸਲ ਕੀਤੀ। ਅੰਗਰੇਜ਼ ਅਧਿਆਪਕਾਂ ਨੇ ਉਨ੍ਹਾਂ ਦੀ ਸਿਰਜਣਾਤਮਕ ਸ਼ਕਤੀ ਨੂੰ ਪਛਾਣ ਕੇ ਅਗਲੀ ਪੜ੍ਹਾਈ ਲਈ ਲਾਹੌਰ ਦੇ ਮੇਓ ਸਕੂਲ ਆਫ ਆਰਟਸ ਵਿੱਚ ਦਾਖ਼ਲਾ ਲੈਣ ਦੀ ਸਲਾਹ ਦਿੱਤੀ। ਮੇਓ ਸਕੂਲ ਨੇ ਉਨ੍ਹਾਂ ਦੀ ਸਿੱਖਿਆ ਵੱਲ ਪੂਰਾ ਧਿਆਨ ਦਿੱਤਾ ਤੇ ਭਾਈ ਰਾਮ ਸਿੰਘ ਵੀ ਭਾਰਤੀ ਅਤੇ ਯੂਰੋਪੀ ਭਵਨ ਉਸਾਰੀ ਨੂੰ ਸਾਂਝੀ ਰੰਗਤ ਦੇਣ ਲੱਗੇ। ਵਿਲੱਖਣ ਪ੍ਰਤਿਭਾ ਦੇ ਮਾਲਕ ਭਾਈ ਰਾਮ ਸਿੰਘ ਦੀ ਤੀਖਣ ਬੁੱਧੀ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਜੌਨ ਲੁੱਕਵੁੱਡ ਕਿਪਲਿੰਗ ਨੇ ਭਵਿੱਖਬਾਣੀ ਕੀਤੀ ਸੀ ਕਿ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਵਾਲਾ ਹੋਣਹਾਰ ਵਿਦਿਆਰਥੀ ਉੱਤਮ ਇਮਾਰਤਸਾਜ਼ ਵਜੋਂ ਉੱਚੀਆਂ ਮੰਜ਼ਿਲਾਂ ਛੂਹੇਗਾ। ਭਾਈ ਰਾਮ ਸਿੰਘ ਨੇ ਇਹ ਭਵਿੱਖਬਾਣੀ ਸੱਚ ਕਰ ਵਿਖਾਈ, ਜਿਸ ਦੀ ਸ਼ੁਰੂਆਤ ਆਪਣੇ ਹੀ ਸਕੂਲ ਦੀ ਇਮਾਰਤਸਾਜ਼ੀ ਤੋਂ ਹੋਈ।
ਭਾਈ ਰਾਮ ਸਿੰਘ ਨੇ ਥਿਊਰੀ ਦੇ ਨਾਲ ਅਭਿਆਸ ਵਿੱਚ ਪਰਪੱਕ ਹੁੰਦਿਆਂ ਉਚੇਰੀ ਸਿੱਖਿਆ ਮੇਓ ਸਕੂਲ ਤੋਂ ਹਾਸਲ ਕੀਤੀ। ਕਿਹਾ ਜਾਂਦਾ ਹੈ ਕਿ ਪ੍ਰਿੰਸੀਪਲ ਕਿਪਲਿੰਗ ਨੇ ਸਕੂਲ ਦੀ ਇਮਾਰਤ ਬਣਾਉਣ ਦੀ ਪ੍ਰਵਾਨਗੀ ਲੈ ਕੇ ਉਨ੍ਹਾਂ ਨੂੰ ਕਿਹਾ, ‘ਇਸ ਸਕੂਲ ਦੀ ਇਮਾਰਤ ਦਾ ਡਿਜ਼ਾਈਨ ਤੇਰੇ ਤੋਂ ਵਧੀਆ ਕੌਣ ਤਿਆਰ ਕਰ ਸਕਦਾ ਹੈ? ਸੋ ਇਹ ਕਾਰਜ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਤੈਨੂੰ ਸੌਂਪੀ ਜਾਂਦੀ ਹੈ।’ ਭਾਈ ਰਾਮ ਸਿੰਘ ਨੇ ਉੱਤਰ ਦਿੱਤਾ, ‘ਸਰ ਜਿਹੜੀ ਸੰਸਥਾ ਵਿੱਦਿਆ ਨਾਲ ਮੇਰੀਆਂ ਝੋਲੀਆਂ ਭਰ ਰਹੀ ਹੈ, ਉਸ ਦੀ ਇਮਾਰਤ ਕਿਵੇਂ ਉਸਾਰਨੀ ਤੇ ਸ਼ਿੰਗਾਰਨੀ ਹੈ, ਇਹ ਮੈਂ ਹੀ ਜਾਣਦਾ ਹਾਂ।’ ਇਸ ਤਰ੍ਹਾਂ ਉਨ੍ਹਾਂ ਨੇ ਬੜੀ ਮਿਹਨਤ ਨਾਲ ਮੇਓ ਸਕੂਲ ਆਫ ਆਰਟਸ (ਹੁਣ ਨੈਸ਼ਨਲ ਕਾਲਜ ਆਫ ਆਰਟਸ) ਦਾ ਨਕਸ਼ਾ ਤਿਆਰ ਕਰ ਕੇ ਉਸਾਰੀ ਸ਼ੁਰੂ ਕਰਵਾਈ। ਸਰਕਾਰ ਤੋਂ ਮਿਲੀ ਸੀਮਤ ਗਰਾਂਟ ਨਾਲ ਉਸਾਰੀ ਗਈ ਇਹ ਇਮਾਰਤ ਉਨ੍ਹਾਂ ਦੀ ਪ੍ਰਤਿਭਾ ਦਾ ਉੱਤਮ ਨਮੂਨਾ ਸੀ, ਜਿਸ ਨੇ ਉਨ੍ਹਾਂ ਦੀ ਮੁਹਾਰਤ ਦੀ ਖ਼ੂਬ ਚਰਚਾ ਕਰਵਾਈ।
ਸੰਨ 1884 ਵਿੱਚ ਇੰਗਲੈਂਡ ਦੇ ਸ਼ਾਹੀ ਜੋੜੇ (ਡਿਊਕ ਅਤੇ ਡਚੈਸ) ਨੇ ਵਿਸ਼ੇਸ਼ ਫੇਰੀ ਦੌਰਾਨ ਸਕੂਲ ਦੀ ਚਿਣਾਈ ਤੇ ਲੱਕੜ ਨਕਾਸ਼ੀ ਵੇਖੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਇੰਗਲੈਂਡ ਦੇ ਸਰੀ ਇਲਾਕੇ ਦੀ ਬੈਗਸ਼ੌਟ ਪਾਰਕ ਵਿੱਚ ਡਿਊਕ ਆਫ ਕਨਾਟ ਲਈ ਬਿਲੀਅਰਡ ਰੂਮ ਦੇ ਅੰਦਰੂਨੀ ਸ਼ਿੰਗਾਰ ਦਾ ਆਰਡਰ ਦਿੱਤਾ। ਇਸ ਤਹਿਤ ਵੇਲ-ਬੂਟਿਆਂ, ਪੰਛੀਆਂ ਤੇ ਜਾਨਵਰਾਂ ਦੇ ਚਿੱਤਰਾਂ ਵਾਲੀਆਂ ਕੰਧਾਂ, ਦਰਵਾਜ਼ੇ ਅਤੇ ਛੱਤਾਂ ਤਿਆਰ ਕਰਨੀਆਂ ਸਨ। ਭਾਈ ਰਾਮ ਸਿੰਘ ਨੇ ਸਕੂਲ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਦੌਰਾਨ ਵੀ ਕੰਮ ਕਰ ਕੇ ਇਹ ਪ੍ਰਾਜੈਕਟ ਨੇਪਰੇ ਚਾੜ੍ਹਿਆ। 1885-87 ਦੌਰਾਨ ਜਦੋਂ ਇਹ ਵਸਤਾਂ ਤਿਆਰ ਹੋਈਆਂ, ਤਾਂ ਕੁਝ ਵਸਤਾਂ ਉੱਤੇ ਪ੍ਰਿੰਸੀਪਲ ਕਿਪਲਿੰਗ ਦੇ ਨਾਲ ਭਾਈ ਰਾਮ ਸਿੰਘ ਦਾ ਨਾਮ ਵੀ ਉੱਕਰਿਆ ਗਿਆ।
ਇਨ੍ਹਾਂ ਵਸਤਾਂ ਨਾਲ ਬਿਲੀਅਰਡ ਰੂਮ ਦੀ ਦਿੱਖ ਬਹੁਤ ਸੁੰਦਰ ਹੋ ਗਈ। ਇਸ ਤੋਂ ਪ੍ਰਭਾਵਿਤ ਹੋ ਕੇ ਮਲਿਕਾ ਵਿਕਟੋਰੀਆ ਨੇ ਔਸਬਰਨ ਮਹਿਲ ਵਿੱਚ ਵਿਸ਼ੇਸ਼ ਗੈਸਟ ਹਾਲ (ਇੰਡੀਅਨ ਰੂਮ) ਬਣਾਉਣ ਦਾ ਮਨ ਬਣਾਇਆ। ਇਸ ਲਈ ਵੱਖ ਵੱਖ ਉਚ ਕੋਟੀ ਦੇ ਡਿਜ਼ਾਈਨਰਾਂ ਤੋਂ ਡਿਜ਼ਾਈਨ/ਨਕਸ਼ੇ ਮੰਗਵਾ ਕੇ ਵਿਚਾਰ ਕੀਤੀ ਗਈ ਪਰ 29-30 ਸਾਲਾ ਸਿੱਖ ਨੌਜਵਾਨ ਭਾਈ ਰਾਮ ਸਿੰਘ ਦਾ ਨਕਸ਼ਾ ਹੀ ਪਾਸ ਹੋਇਆ। ਮਹਾਰਾਣੀ ਦੇ ਸੱਦੇ ਉੱਤੇ 1890 ਵਿੱਚ ਉਹ ਇੰਗਲੈਂਡ ਗਏ। ਉਨ੍ਹਾਂ ਸੋਚਿਆ ਸੀ ਕਿ ਕਾਰੀਗਰਾਂ ਨੂੰ ਰੂਪ-ਰੇਖਾ ਸਮਝਾ ਕੇ ਪਰਤ ਆਉਣਗੇ, ਪਰ ਅੰਗਰੇਜ਼ ਕਾਰੀਗਰਾਂ ਲਈ ਇਹ ਬਾਰੀਕ ਕੰਮ ਔਖਾ ਹੋਣ ਕਰ ਕੇ ਉਨ੍ਹਾਂ ਨੇ ਭਾਈ ਰਾਮ ਸਿੰਘ ਦਾ ਉੱਥੇ ਰਹਿਣਾ ਜ਼ਰੂਰੀ ਸਮਝਿਆ। ਸੋ ਕੁੱਲ ਦੋ-ਢਾਈ ਸਾਲ ਠਹਿਰ ਕੇ ਉਨ੍ਹਾਂ ਨੇ ਇਹ ਸੂਖਮ ਕਾਰਜ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ। ਉਨ੍ਹਾਂ ਦੇ ਕਹਿਣ ਉੱਤੇ ਹੀ ‘ਇੰਡੀਅਨ ਰੂਮ’ ਦਾ ਨਾਮ ਬਦਲ ਕੇ ‘ਦਰਬਾਰ ਹਾਲ’/ਰੌਇਲ ਆਫ ਏਸ਼ੀਅਨ’ ਰੱਖਿਆ ਗਿਆ ਕਿਉਂਕਿ ਇਹ ਏਸ਼ੀਆ ਦੇ ਸੱਭਿਆਚਾਰ ਦੀ ਤਰਜਮਾਨੀ ਕਰਦਾ ਸੀ।
ਮਲਿਕਾ ਵਿਕਟੋਰੀਆ ਉਨ੍ਹਾਂ ਦੀ ਕਲਾ ਅਤੇ ਸਿੱਖੀ ਸਰੂਪ ਦੀ ਕਦਰਦਾਨ ਬਣ ਗਈ। ਸਤਿਕਾਰ ਵਜੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਤਹਿਤ ਭਾਈ ਸਾਹਿਬ ਦੇ ਨੇੜੇ-ਤੇੜੇ ਤੰਬਾਕੂ, ਗਊ ਦੇ ਮਾਸ ਅਤੇ ਹਲਾਲ ਦੀ ਸਖ਼ਤ ਮਨਾਹੀ ਸੀ। ਉਨ੍ਹਾਂ ਨੂੰ ਮਿਲਣ ਸਮੇਂ ਅੰਗਰੇਜ਼ੀ ਲਿਬਾਸ ਪਹਿਨਣ ਉੱਤੇ ਵੀ ਰੋਕ ਲਾਈ ਗਈ।
ਮਲਿਕਾ ਵਿਕਟੋਰੀਆ ਅਤੇ ਉਨ੍ਹਾਂ ਦੀ ਧੀ ਲੂਈ (ਜੋ ਆਰਟ/ਪੇਂਟਿੰਗ ਦੀ ਸ਼ੌਕੀਨ ਸੀ) ਜਦੋਂ ਉਨ੍ਹਾਂ ਦਾ ਕੰਮ ਵੇਖਣ ਜਾਂਦੀਆਂ, ਤਾਂ ਉਹ ਵੀ ਅੰਗਰੇਜ਼ੀ ਪਹਿਰਾਵੇ ਤੋਂ ਪਰਹੇਜ਼ ਰੱਖਦੀਆਂ ਸਨ। ਉਹ ਭਾਈ ਰਾਮ ਸਿੰਘ ਦੀ ਕਾਰਜਸ਼ੈਲੀ ਤੋਂ ਇੰਨੀਆਂ ਪ੍ਰਭਾਵਿਤ ਸਨ ਕਿ ਅਕਸਰ ਉਨ੍ਹਾਂ ਦੇ ਕਿਰਤੀ ਹੱਥਾਂ ਨੂੰ ਚੁੰਮ ਕੇ ਸਤਿਕਾਰ ਦਿੰਦੀਆਂ। ਮਹਾਰਾਣੀ ਨੇ ਦਰਬਾਰ ਹਾਲ ਦੀ ਮੀਨਾਕਾਰੀ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ‘ਸੋਨ ਪੈੱਨ ਕੇਸ’ ਅਤੇ ਆਪਣੇ ਦਸਤਖ਼ਤਾਂ ਵਾਲੀ ਪੇਂਟਿੰਗ ਭੇਟ ਕੀਤੀ। ਉਨ੍ਹਾਂ ਨੇ ਆਪਣੇ ਦਰਬਾਰੀ ਪੇਂਟਰ ਰੁਡੋਲਫ ਸੁਬੋਦਾ ਤੋਂ ਭਾਈ ਰਾਮ ਸਿੰਘ ਦੀ ਪੇਂਟਿੰਗ ਬਣਵਾ ਕੇ ਦਰਬਾਰ ਹਾਲ ਵਿੱਚ ਲਾਉਣ ਦਾ ਮਾਣ ਵੀ ਦਿੱਤਾ।
ਜਦੋਂ ਪੰਜਾਬ ਵਿੱਚ ਖਾਲਸਾ ਕਾਲਜ ਦੀ ਉਸਾਰੀ ਅੰਮ੍ਰਿਤਸਰ ਵਿੱਚ ਕਰਨ ਦਾ ਇਤਿਹਾਸਕ ਫੈਸਲਾ ਹੋਇਆ, ਤਾਂ ਇਸ ਮਹਾਨ ਇਮਾਰਤ ਦਾ ਨਕਸ਼ਾ ਡਿਜ਼ਾਈਨ ਕਰਨ ਦੀ ਜ਼ਿੰਮੇਵਾਰੀ ਭਾਈ ਰਾਮ ਸਿੰਘ ਨੂੰ ਸੌਂਪੀ ਗਈ। ਖ਼ਾਲਸਾ ਕਾਲਜ ਲਈ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਨਕਸ਼ਾ ਡਿਜ਼ਾਈਨ ਕੀਤਾ ਅਤੇ ਆਪਣੀ ਨਿਗਰਾਨੀ ਹੇਠ ਕੰਮ ਸ਼ੁਰੂ ਕਰਵਾਇਆ। ਇਮਾਰਤ ਲਈ ਡਿਜ਼ਾਈਨ ਅਨੁਸਾਰ ਸਾਂਚਿਆਂ ਵਿੱਚ ਵੇਲ-ਬੂਟਿਆਂ ਵਾਲੀਆਂ ਇੱਟਾਂ ਤਿਆਰ ਕਰਵਾਈਆਂ ਗਈਆਂ। ਇਨ੍ਹਾਂ ਨੂੰ ਪਕਾਉਣ ਲਈ ਵਿਸ਼ੇਸ਼ ਭੱਠਾ ਲਾਇਆ ਗਿਆ ਤਾਂ ਕਿ ਬਿਨਾਂ ਭੰਨ-ਤੋੜ ਕੀਤਿਆਂ ਸਿੱਧੇ ਡਿਜ਼ਾਈਨ ਫਿੱਟ ਕੀਤੇ ਜਾ ਸਕਣ। ਇਹ ਇਮਾਰਤ ਅੱਜ ਵੀ ਉਨ੍ਹਾਂ ਦੀ ਕਲਾ ਦੀ ਮਹਾਨ ਵਿਰਾਸਤ ਨੂੰ ਸਜਦਾ ਕਰਦੀ ਜਾਪਦੀ ਹੈ।
ਜਿਸ ਸੰਸਥਾ (ਮੇਓ ਸਕੂਲ ਆਫ ਆਰਟਸ) ਤੋਂ ਵਿਦਿਆਰਥੀ ਵਜੋਂ ਉਚੇਰੀ ਵਿਦਿਆ ਹਾਸਲ ਕੀਤੀ, ਉਸੇ ਸੰਸਥਾ ਵਿੱਚ ਹੀ ਭਾਈ ਸਾਹਿਬ ਨੂੰ ਪਹਿਲਾਂ ਅਧਿਆਪਕ ਤੇ ਫਿਰ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਪ੍ਰਿੰਸੀਪਲ ਕਿਪਲਿੰਗ ਨੇ ਸਤਿਕਾਰ ਵਜੋਂ ਅਧਿਆਪਕ ਹਾਜ਼ਰੀ ਰਜਿਸਟਰ ਵਿੱਚ ਸਭ ਤੋਂ ਉੱਪਰ ਉਨ੍ਹਾਂ ਦਾ ਨਾਮ ‘ਭਾਈ ਰਾਮ ਸਿੰਘ’ ਲਿਖਿਆ ਹੋਇਆ ਸੀ, ਜੋ ਅੱਜ ਵੀ ਰਿਕਾਰਡ ਵਿੱਚ ਮੌਜੂਦ ਹੈ। ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਇਮਾਰਤਸਾਜ਼ੀ ਦੇ ਕਈ ਕੰਮ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਲਈ ਮਾਡਲ ਵੀ ਤਿਆਰ ਕਰਵਾਏ। ਉਨ੍ਹਾਂ ਨੇ 1900 ਵਿੱਚ ‘ਪੰਜਾਬ ਸ਼ੋਅ ਕੇਸ’ ਪੈਰਿਸ ਯੂਨੀਵਰਸਿਟੀ ਅਤੇ 1902 ਵਿੱਚ ਦਿੱਲੀ ਆਰਟ ਪ੍ਰਦਰਸ਼ਨੀ ਲਈ ਮਾਡਲ ਤਿਆਰ ਕਰਵਾਏ। ਦਿੱਲੀ ਪ੍ਰਦਰਸ਼ਨੀ ਵਿੱਚ ਉਨ੍ਹਾਂ ਦੇ ‘ਸ਼ੀਸ਼ਮ ਸਲਾਈਡ ਬੋਰਡ’ ਦਾ ਮੁੱਲ ਪੰਜ ਸੌ ਰੁਪਏ ਪੈਣ ਕਰ ਕੇ ਉਨ੍ਹਾਂ ਨੂੰ ਚਾਂਦੀ ਦੀ ਟਰਾਫ਼ੀ ਮਿਲੀ। ਸਮੇਂ-ਸਮੇਂ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਦੇ ਨਕਸ਼ੇ ਡਿਜ਼ਾਈਨ ਕਰਵਾਉਣ ਅਤੇ ਲੱਕੜ-ਨਕਾਸ਼ੀ ਦੀ ਸਜਾਵਟ ਕਰਵਾਉਣ ਦੇ ਪ੍ਰਾਜੈਕਟਾਂ ਲਈ ਬਹੁਤ ਹੀ ਮਹੱਤਵਪੂਰਨ ਹਸਤੀਆਂ ਭਾਈ ਰਾਮ ਸਿੰਘ ਕੋਲ ਪਹੁੰਚ ਕਰਨ ਲੱਗ ਪਈਆਂ ਸਨ।
ਅਧਿਆਪਨ ਦੀਆਂ ਉੱਤਮ ਸੇਵਾਵਾਂ ਕਰਕੇ ਉਨ੍ਹਾਂ ਨੂੰ 1903 ਵਿੱਚ ਮੇਓ ਸਕੂਲ ਦੇ ਪ੍ਰਿੰਸੀਪਲ ਵਜੋਂ ਪਦ-ਉੱਨਤ ਕੀਤਾ ਗਿਆ, ਜਿੱਥੇ ਉਨ੍ਹਾਂ ਨੇ 1913 (ਸੇਵਾ-ਮੁਕਤੀ) ਤੱਕ ਸੇਵਾ ਨਿਭਾਈ। 1903 ਵਿੱਚ ਹੀ ਉਨ੍ਹਾਂ ਨੂੰ ‘ਕੇਸਰ-ਏ-ਹਿੰਦ’, 1907 ਵਿੱਚ ‘ਸਰਦਾਰ ਸਾਹਿਬ’, 1909 ਵਿੱਚ ‘ਸਰਦਾਰ ਬਹਾਦਰ’ ਅਤੇ 1911 ਵਿੱਚ ‘ਸਰਦਾਰ ਬਹਾਦਰ’ ਅਤੇ ਮੈਂਬਰ ਆਫ ਰੌਇਲ ਵਿਕਟੋਰੀਅਨ ਆਰਡਰ (ਐੱਮ ਵੀ ਓ) ਦੇ ਖ਼ਿਤਾਬ ਮਿਲੇ। ਐੱਮ ਵੀ ਓ ਸਨਮਾਨ ਵਾਲੇ ਨੂੰ ਵਿਕਟੋਰੀਆ ਰਾਜ ਵਿੱਚ ਬੋਲਣ ਤੇ ਲਿਖਣ ਵੇਲੇ ‘ਸਰ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ।
ਅਕਤੂਬਰ 1913 ਵਿੱਚ ਮੇਓ ਸਕੂਲ ਆਫ ਆਰਟਸ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ-ਪੁਰਖੀ ਕਾਰੋਬਾਰ ਦੀਆਂ ਮਜ਼ਬੂਤ ਜੜ੍ਹਾਂ ਦੀ ਖਿੱਚ ਉਨ੍ਹਾਂ ਨੂੰ ਮੁੜ ਅੰਮ੍ਰਿਤਸਰ ਦੀ ਚੀਲ-ਮੰਡੀ ਵਿੱਚ ਲੈ ਆਈ। ਇੱਥੇ ਉਨ੍ਹਾਂ ‘ਭਾਈ ਰਾਮ ਸਿੰਘ ਐੱਮ ਵੀ ਓ ਐਂਡ ਸੰਨਜ਼’ ਫਰਮ ਅਧੀਨ ਕੰਮ ਜਾਰੀ ਰੱਖਿਆ ਅਤੇ ਲਾਹੌਰ ਦੇ ਪ੍ਰਾਜੈਕਟਾਂ ਦਾ ਨਿਰੀਖਣ ਵੀ ਕਰਦੇ ਰਹੇ। ਆਧੁਨਿਕ ਲਾਹੌਰ ਦੀ ਭਵਨ ਉਸਾਰੀ ਦੇ ਬਹੁਤ ਸਾਰੇ ਕਾਰਜਾਂ ਵਿੱਚ ਭਾਈ ਰਾਮ ਸਿੰਘ ਦਾ ਮਾਣਮੱਤਾ ਕੰਮ ਬੋਲਦਾ ਨਜ਼ਰ ਵੀ ਆਉਂਦਾ ਹੈ। ਸੇਵਾਮੁਕਤੀ ਤੋਂ ਮਹਿਜ਼ ਤਿੰਨ ਸਾਲ ਬਾਅਦ 1916 ਵਿੱਚ 58 ਸਾਲ ਦੀ ਉਮਰ ਭੋਗ ਕੇ ਉਹ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ।
ਕਰੀਬ 58 ਕੁ ਸਾਲ ਦਾ ਮਾਣਮੱਤਾ ਜੀਵਨ ਹੰਢਾਉਂਦਿਆਂ ਭਾਈ ਰਾਮ ਸਿੰਘ ਨੇ ਕਈ ਇਮਾਰਤਾਂ ਦੇ ਨਕਸ਼ੇ, ਡਿਜ਼ਾਈਨ, ਭਵਨ ਨਿਰਮਾਣ ਚਿਣਾਈ ਅਤੇ ਲੱਕੜ ਨਕਾਸ਼ੀ ਦੇ ਅਜਿਹੇ ਹੁਨਰ ਭਰੇ ਕਾਰਜ ਕੀਤੇ ਜੋ ਉਨ੍ਹਾਂ ਦੀ ਮਹਾਨ ਇਮਾਰਤਸਾਜ਼ੀ ਦੇ ਹੁਨਰ ਦੇ ਪ੍ਰਤੀਕ ਵਜੋਂ ਅੱਜ ਵੀ ਚਾਨਣ-ਮੁਨਾਰਾ ਬਣੇ ਹੋਏ ਹਨ। ਇਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ ਲਾਹੌਰ, ਗਵਰਨਰ ਹਾਊਸ ਸ਼ਿਮਲਾ ਤੇ ਲਾਇਲਪੁਰ (ਹੁਣ ਫ਼ੈਸਲਾਬਾਦ), ਸੈਨੇਟ ਹਾਊਸ ਲਾਹੌਰ, ਅਲਾਹਾਬਾਦ ਦਾ ਜ਼ਿਲ੍ਹਾ ਕਚਹਿਰੀਆਂ ਹਾਲ, ਦਰਬਾਰ ਹਾਲ ਨਾਭਾ ਤੇ ਪਟਿਆਲਾ, ਮਿਉਂਸੀਪਲ ਹਾਲ ਫ਼ਿਰੋਜ਼ਪੁਰ, ਖ਼ਾਲਸਾ ਕਾਲਜ ਅੰਮ੍ਰਿਤਸਰ, ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਵਿੱਚ ਸੁਰੱਖਿਆ ਲਈ ਬਣਾਏ ਗਏ ਜੰਗਲਿਆਂ ਦੀ ਵਿਉਂਤਬੰਦੀ ਤੇ ਪਰਿਕਰਮਾ ਦੇ ਮਾਰਬਲ ਦੀ ਸਜਾਵਟ, ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਵਾਲਾ ਗੁਰਦੁਆਰਾ ਤੇ ਯਾਦਗਾਰ ਅਤੇ ਨਿਊ ਮਿਸ਼ਨ ਚਰਚ ਪਿਸ਼ਾਵਰ ਸ਼ਾਮਲ ਹਨ।
ਵ੍ਹਟਸਐਪ: 98764-74858

