DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਮ ਤੇ ਸੇਵਾ ਦੀ ਮੂਰਤ: ਸੰਤ ਅਤਰ ਸਿੰਘ

ਚੀਮਾ ਪਿੰਡ, ਪੈਪਸੂ ਦੀ ਪਟਿਆਲਾ ਰਿਆਸਤ ਦਾ ਮਸ਼ਹੂਰ ਨਗਰ ਹੈ, ਜੋ ਲੱਡਾ ਰਜਵਾਹਾ ’ਤੇ ਸਥਿਤ ਹੈ। ਇਤਿਹਾਸ ਮੁਤਾਬਕ ਪ੍ਰਿਥਵੀ ਰਾਜ ਚੌਹਾਨ ਦੇ ਇੱਕ ਪੋਤੇ ਦਾ ਨਾਂ ਚੀਮਾ ਸੀ। ਭਾਵ ਚੌਹਾਨ ਗੋਤ ’ਚੋਂ ਹੀ ਚੀਮਾ ਗੋਤ ਨਿਕਲਿਆ। ਉੱਜੜ ਕੇ ਥੇਹ ਬਣੇ...

  • fb
  • twitter
  • whatsapp
  • whatsapp
Advertisement

ਚੀਮਾ ਪਿੰਡ, ਪੈਪਸੂ ਦੀ ਪਟਿਆਲਾ ਰਿਆਸਤ ਦਾ ਮਸ਼ਹੂਰ ਨਗਰ ਹੈ, ਜੋ ਲੱਡਾ ਰਜਵਾਹਾ ’ਤੇ ਸਥਿਤ ਹੈ। ਇਤਿਹਾਸ ਮੁਤਾਬਕ ਪ੍ਰਿਥਵੀ ਰਾਜ ਚੌਹਾਨ ਦੇ ਇੱਕ ਪੋਤੇ ਦਾ ਨਾਂ ਚੀਮਾ ਸੀ। ਭਾਵ ਚੌਹਾਨ ਗੋਤ ’ਚੋਂ ਹੀ ਚੀਮਾ ਗੋਤ ਨਿਕਲਿਆ। ਉੱਜੜ ਕੇ ਥੇਹ ਬਣੇ ਇਸ ਪਿੰਡ ਵਿੱਚ ਅਹਿਮਦਪੁਰ ਭਾਈ ਕੇ ਤੋਂ ਚੀਮਾ ਗੋਤ ਦੇ ਬਜ਼ੁਰਗ ਬਿੱਘੂ ਨੇ ਆ ਕੇ ਬਿਕਰਮੀ ਸੰਮਤ 1755 ਵਿੱਚ ਮੋੜ੍ਹੀ ਗੱਡੀ। ਇਸ ਤਰ੍ਹਾਂ ਸੰਨ 1698 ਈ. ਵਿੱਚ ਚੀਮਾ ਨਗਰ ਮੁੜ ਆਬਾਦ ਹੋਇਆ। ਇਸ ਨਗਰ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਅਤਰ ਸਿੰਘ ਦੀ ਜਨਮ-ਭੂਮੀ ਹੋਣ ਦਾ ਸੁਭਾਗ ਪ੍ਰਾਪਤ ਹੈ। ਉਹ ਪਿੰਡ ਦੇ ਮੋਢੀ ਬਾਬਾ ਬਿੱਘੂ ਜੀ ਦੀ ਵੰਸ਼ਾਵਲੀ ’ਚੋਂ ਸਨ। ਉਨ੍ਹਾਂ ਦਾ ਜਨਮ 17 ਮਾਰਚ ਸੰਨ 1866 ਨੂੰ ਮਾਤਾ ਭੋਲੀ ਕੌਰ ਅਤੇ ਪਿਤਾ ਕਰਮ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਭਾਈ ਬੂਟਾ ਸਿੰਘ (ਪੱਕੇ ਡੇਰੇ ਵਾਲਿਆਂ) ਤੋਂ ਲਈ।

ਬਚਪਨ ਤੋਂ ਹੀ ਉਹ ਧਾਰਮਿਕ ਕੰਮਾਂ ’ਚ ਰੁਚੀ ਰੱਖਦੇ ਸਨ। ਹਾਲੀਆਂ-ਪਾਲੀਆਂ ਨਾਲ ਡੰਗਰ ਚਾਰਦੇ ਵੱਡੇ ਹੋਏ ਅਤੇ ਜਵਾਨੀ ਵਿੱਚ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਏ। ਸੰਨ 1884 ਵਿੱਚ ਉਹ ਫ਼ੌਜ ਵਿੱਚ ਭਰਤੀ ਹੋ ਗਏ। ਇੱਥੇ ਹੀ ਉਨ੍ਹਾਂ ਨੇ ਅੰਮ੍ਰਿਤ ਛਕਿਆ। ਜਦੋਂ ਪਿਤਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣੀ ਤਾਂ ਮਨ ਨਾਸ਼ਵਾਨ ਸੰਸਾਰ ਤੋਂ ਉਪਰ ਉਠ ਗਿਆ। ਉਹ ਫੌਜ ’ਚ ਆਪਣਾ ਨਾਂ ਰਿਜ਼ਰਵ ਲਿਖਵਾ ਕੇ ਸਿੱਧਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਅਬਚਲ ਨਗਰ ਨਾਂਦੇੜ ਚਲੇ ਗਏ। ਉੱਥੇ ਗੋਦਾਵਰੀ ਨਦੀ ਦੇ ਕੰਢੇ ਨਾਮ ਸਿਮਰਨ ਦਾ ਅਭਿਆਸ ਕਰਦੇ ਰਹੇ। ਕਈ ਸਾਲਾਂ ਦੀ ਤਾਂਘ ਤੋਂ ਬਾਅਦ ਉਹ ਮੁੜ ਪਿੰਡ ਆ ਗਏ ਅਤੇ ਆਪਣੇ ਖੇਤਾਂ ’ਚ ਹੀ ਡੇਰਾ ਲਾ ਕੇ ਬੈਠ ਗਏ। ਪਿੰਡ ਵਾਸੀਆਂ ਦੇ ਦੱਸਣ ’ਤੇ ਮਾਤਾ ਭੋਲੀ ਜੀ ਸੰਗਤ ਸਮੇਤ ਉਨ੍ਹਾਂ ਨੂੰ ਮਿਲਣ ਆਏ। ਮਾਂ ਦੀ ਮਮਤਾ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੇ ਮਨ ਹੀ ਮਨ ਫੌਜ ਵਿੱਚ ਵਾਪਸ ਨਾ ਜਾਣ ਦਾ ਫੈਸਲਾ ਕਰ ਲਿਆ।

Advertisement

ਸੰਤ ਜੀ ਦਾ ਮੁੱਖ ਸੰਦੇਸ਼ ਗੁਰਬਾਣੀ ਦੇ ਆਸ਼ੇ ਅਨੁਸਾਰ ਚਰਿੱਤਰ ਉਸਾਰੀ ਕਰਨ ’ਤੇ ਸੀ। ਉਹ ਇਸ ਗੱਲ ’ਤੇ ਸਭ ਤੋਂ ਵੱਧ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਨਾਮ ਸਿਮਰਨ ਅਤੇ ਹਰੀ-ਜਸ ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ। ਦਰਸ਼ਨਾਂ ਦੀ ਇੱਛਾ ਰੱਖਣ ਵਾਲੀ ਸੰਗਤ ਹਰ ਰੋਜ਼ ਵੱਡੇ ਭਾਗਾਂ ਵਾਲੇ ਦਰਸ਼ਨਾਂ ਲਈ ਦੂਰੋਂ-ਦੂਰੋਂ ਆਉਣ ਲੱਗੀ। ਅੰਮ੍ਰਿਤ ਸੰਚਾਰ ਅਤੇ ਬਾਣੀ ਦਾ ਪ੍ਰਵਾਹ ਚੱਲ ਪਿਆ। ਉਨ੍ਹਾਂ ਨੇ ਕੀਰਤਨ ਕਰਨ ਦੀ ਨਵੀਂ ਰੀਤ ਸ਼ੁਰੂ ਕਰਕੇ ਅਣਵੰਡੇ ਪੰਜਾਬ ਦੇ ਇਲਾਕੇ ਪੋਠੋਹਾਰ, ਪਟਿਆਲਾ, ਸਿੰਧ, ਮਾਲਵੇ ਤੇ ਦੁਆਬੇ ਵਿੱਚ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਪਿੰਡ ਕੱਲਰ ਕਨੋਹੇ ਦੀ ਝਿੜੀ (ਜੰਗਲ) ਵਿੱਚ ਭਗਤੀ ਕੀਤੀ। ਸਿੰਘ ਸਭਾ ਲਹਿਰ ਨਾਲ ਜੁੜਣ ’ਤੇ ਸੰਤ ਅਤਰ ਸਿੰਘ ਮਸਤੂਆਣਾ ਦੀ ‘ਸਿੱਖ ਪੁਨਰ-ਜਾਗ੍ਰਿਤੀ ਲਹਿਰ’ ਨੂੰ ਹੁਲਾਰਾ ਮਿਲਿਆ।

Advertisement

ਉਨ੍ਹਾਂ ਨੂੰ ਨਾ ਸਿਰਫ ਬ੍ਰਹਮ ਗਿਆਨੀ ਵਜੋਂ ਯਾਦ ਕੀਤਾ ਜਾਂਦਾ ਹੈ ਸਗੋਂ ਆਧੁਨਿਕ ਸਿੱਖਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਨੂੰ ਪਹਿਲ ਦੇਣ ਵਾਲੇ ਦੂਰ-ਅੰਦੇਸ਼ੀ ਮਹਾਂਪੁਰਖ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਨੇ ਲੁੱਟ-ਖਸੁੱਟ ਤੋਂ ਮੁਕਤੀ ਪਾਉਣ ਅਤੇ ਉਸਾਰੂ ਸਮਾਜ ਦੀ ਸਿਰਜਣਾ ਲਈ ਸਿੱਖਿਆ ਨੂੰ ਹੀ ਮੁਕਤੀ ਦਾ ਇਕਲੌਤਾ ਰਾਹ ਦੱਸਿਆ। ਮਾਲਵੇ ਦੇ ਪੇਂਡੂ ਲੋਕਾਂ ਤੱਕ ਸਿੱਖਿਆ ਪਹੁੰਚਾਉਣ ਲਈ ਮਸਤੂਆਣਾ ਸਾਹਿਬ ਵਿੱਚ ਅਕਾਲ ਗੁਰਸਾਗਰ ਕਾਲਜ ਬਣਾਇਆ। ਪੰਡਿਤ ਮਦਨ ਮੋਹਨ ਮਾਲਵੀਆ ਦੇ ਕਹਿਣ ’ਤੇ ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਰੱਖੀ। ਧਾਰਮਿਕ, ਮੈਡੀਕਲ, ਤਕਨੀਕੀ ਤੇ ਕਿੱਤਾ-ਮੁਖੀ ਸਿੱਖਿਆ ਦੇ ਪਸਾਰ ਲਈ ਅਨੇਕਾਂ ਵਿੱਦਿਅਕ ਅਦਾਰਿਆਂ ਦੀ ਨੀਂਹ ਰੱਖੀ। ਚੀਫ਼ ਖਾਲਸਾ ਦੀਵਾਨ ਵੱਲੋਂ ਫਿਰੋਜ਼ਪੁਰ ਵਿੱਚ ਕਰਵਾਈ ਸਿੱਖਿਆ ਕਾਨਫਰੰਸ ਦੌਰਾਨ ਉਨ੍ਹਾਂ ਨੂੰ ‘ਸੰਤ’ ਦੀ ਉਪਾਧੀ ਦੇ ਕੇ ਨਿਵਾਜਿਆ ਗਿਆ। ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਗੁਰਦੁਆਰਾ ਨਾਨਕਸਰ ਚੀਮਾ, ਸ੍ਰੀ ਮਸਤੂਆਣਾ ਸਾਹਿਬ ਸਮੇਤ ਬਹੁਤ ਸਾਰੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ।

ਇੱਕ ਵਾਰ ਬੰਗਲਾ ਸਾਹਿਬ ਦਿੱਲੀ ਵਿੱਚ ਸਮਾਗਮਾਂ ਦੌਰਾਨ ਸੰਤਾਂ ਦੇ ਪੈਰ ’ਤੇ ਭਰਨ (ਫੋੜਾ/ਜ਼ਖ਼ਮ) ਹੋ ਗਿਆ, ਜਿਸ ਦਾ ਇਲਾਜ ਕਈ ਥਾਂ ਕਰਵਾਇਆ ਪਰ ਠੀਕ ਨਾ ਹੋਇਆ। ਅਖੀਰ 31 ਜਨਵਰੀ 1927 ਨੂੰ ਸੰਗਰੂਰ ਵਿੱਚ ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਚੀਮਾ ਪਿੰਡ ਵਿੱਚ ਸੰਤ ਜੀ ਦੀ ਯਾਦ ਨੂੰ ਸਮਰਪਿਤ ਦੋ ਗੁਰੂ-ਘਰ ਹਨ, ਜਿਨ੍ਹਾਂ ’ਚੋਂ ਇੱਕ ਗੁਰਦੁਆਰਾ ਜਨਮ ਅਸਥਾਨ ਹੈ। ਇਸ ਅਸਥਾਨ ਦੀ ਸੇਵਾ-ਸੰਭਾਲ ਗੁਰੂ-ਘਰ ਦੇ ਸ਼ਰਧਾਲੂ, ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਅਤੇ ਮੀਤ-ਪ੍ਰਧਾਨ ਭਾਈ ਜਗਜੀਤ ਸਿੰਘ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਨਿਭਾਅ ਰਹੇ ਹਨ। ਉਹ ਸਿੱਖੀ ਅਤੇ ਸਿੱਖਿਆ ਦੇ ਪਸਾਰ-ਪ੍ਰਚਾਰ ਲਈ ਸਬੰਧਤ ਅਦਾਰਿਆਂ ਦੀ ਸੇਵਾ ਕਰ ਰਹੇ ਹਨ ਅਤੇ ਗੁਰਸਿੱਖੀ ਆਸ਼ੇ ਅਨੁਸਾਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ। ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਲਾਕੇ ਦੀ ਸੰਗਤ ਵੱਲੋਂ ਹਰ ਸਾਲ 15, 16 ਤੇ 17 ਮਾਰਚ ਨੂੰ ਜੋੜ ਮੇਲਾ ਲਾਇਆ ਜਾਂਦਾ ਹੈ।

ਸੰਪਰਕ: 98767-27800

Advertisement
×