ਸੂਫ਼ੀ ਦਰਵੇਸ਼ ਸਾਈਂ ਮੀਆਂ ਮੀਰ: ਜੀਵਨ ਅਤੇ ਸਿੱਖ ਗੁਰੂਆਂ ਨਾਲ ਸਾਂਝ
ਸੂਫ਼ੀ ਸੰਤ ਸਾਈਂ ਮੀਆਂ ਮੀਰ ਦਾ ਅਸਲੀ ਨਾਂ ਸ਼ੇਖ ਮੁਹੰਮਦ ਪੀਰ ਸ਼ਾਹ ਸੀ। ਉਨ੍ਹਾਂ ਨੂੰ ਮੀਆਂ ਜੀਓ, ਸ਼ਾਹ ਮੀਰ, ਖਵਾਜਾ ਮੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਕਾਦਰੀ ਸੰਪਰਦਾ ਨਾਲ ਸਬੰਧ ਰੱਖਦੇ ਸਨ। ਉਨ੍ਹਾਂ...
ਸੂਫ਼ੀ ਸੰਤ ਸਾਈਂ ਮੀਆਂ ਮੀਰ ਦਾ ਅਸਲੀ ਨਾਂ ਸ਼ੇਖ ਮੁਹੰਮਦ ਪੀਰ ਸ਼ਾਹ ਸੀ। ਉਨ੍ਹਾਂ ਨੂੰ ਮੀਆਂ ਜੀਓ, ਸ਼ਾਹ ਮੀਰ, ਖਵਾਜਾ ਮੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਕਾਦਰੀ ਸੰਪਰਦਾ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦਾ ਜਨਮ 1550 ਈਸਵੀ ਵਿੱਚ ਸੀਸਤਾਨ (ਇਰਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਹਜ਼ਰਤ ਸਾਈਂ ਦਿੱਤਾ ਸੀਸਤਾਨ ਦੇ ਕਾਜ਼ੀ ਸਨ। ਸਾਈਂ ਮੀਆਂ ਮੀਰ ਹਾਲੇ 7 ਸਾਲ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਮਾਤਾ ਫਾਤਿਮਾ ਨੇ ਕੀਤਾ, ਜਿਹੜੇ ਪੀਰ ਦਸਤਗੀਰ ਦੇ ਘਰਾਣੇ ’ਚੋਂ ਸਨ। ਧਾਰਮਿਕ ਵਿਚਾਰਾਂ ਵਾਲੀ ਹੋਣ ਕਰਕੇ ਮਾਤਾ ਜੀ ਨੇ ਸਾਈਂ ਮੀਆਂ ਮੀਰ ਨੂੰ ਰੂਹਾਨੀਅਤ ਦੀ ਰੰਗਤ ਚਾੜ੍ਹੀ।
ਸਾਈਂ ਮੀਆਂ ਮੀਰ 14 ਸਾਲ ਦੀ ਉਮਰ ਵਿੱਚ ਸੰਸਾਰ ਦਾ ਮੋਹ ਤਿਆਗ ਕੇ ਪ੍ਰਮਾਤਮਾ ਦੀ ਭਗਤੀ ਕਰਨ ਲਈ ਜੰਗਲਾਂ ਵਿੱਚ ਚਲੇ ਗਏ। ਉੱਥੇ ਉਨ੍ਹਾਂ ਦੀ ਮੁਲਾਕਾਤ ਉੱਘੇ ਸੂਫ਼ੀ ਫਕੀਰ ਸ਼ੇਖ ਖ਼ਵਾਜਾ ਅਬਦਾਲ ਬਿਆਨ ਵਾਨੀ ਨਾਲ ਹੋਈ ਅਤੇ ਪਹਿਲੀ ਨਜ਼ਰ ’ਚ ਹੀ ਉਹ ਉਨ੍ਹਾਂ ਦੇ ਮੁਰੀਦ ਬਣ ਗਏ। ਉਹ 25 ਸਾਲ ਦੀ ਉਮਰ ਵਿੱਚ ਆਪਣੇ ਮੁਰਸ਼ਦ ਤੋਂ ਆਗਿਆ ਲੈ ਕੇ ਲਾਹੌਰ ਆ ਗਏ, ਜਿੱਥੇ ਉਨ੍ਹਾਂ ਨੇ ਅਧਿਆਤਮਕ ਸਿੱਖਿਆ ਪ੍ਰਾਪਤ ਕੀਤੀ। ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਹ ਆਲਮ ਦੇ ਤੌਰ ’ਤੇ ਹਰਮਨ-ਪਿਆਰੇ ਹੋ ਗਏ। ਉਨ੍ਹਾਂ ਦੇ 167 ਚੇਲੇ ਬਣ ਗਏ, ਜਿਨ੍ਹਾਂ ਨੂੰ ਬਾਲਕੇ ਕਿਹਾ ਜਾਂਦਾ ਸੀ।
ਉਨ੍ਹਾਂ ਨੇ ਗ੍ਰਹਿਸਥ ਧਾਰਨ ਨਹੀਂ ਕੀਤਾ ਅਤੇ ਆਪਣਾ ਜ਼ਿਆਦਾ ਸਮਾਂ ਖੁਦਾ ਦੀ ਇਬਾਦਤ ਵਿੱਚ ਲੀਨ ਰਹਿੰਦੇ ਸਨ। ਮੁਗਲ ਬਾਦਸ਼ਾਹ ਜਹਾਂਗੀਰ, ਬੇਗਮ ਨੂਰਜਹਾਂ, ਸ਼ਾਹਜਹਾਂ ਅਤੇ ਸ਼ਹਿਜ਼ਾਦਾ ਦਾਰਾ ਸ਼ਿਕੋਹ ਉਨ੍ਹਾਂ ਦੇ ਮੁਰੀਦ ਸਨ। ਉਹ ਸਿੱਖ ਗੁਰੂਆਂ, ਗੁਰਬਾਣੀ, ਸੂਫ਼ੀ ਫਕੀਰਾਂ ਅਤੇ ਪ੍ਰਮਾਤਮਾ ਦੇ ਭਗਤਾਂ ਦਾ ਬਹੁਤ ਸਤਿਕਾਰ ਕਰਦੇ ਸਨ। ਗੁਰੂ ਅਰਜਨ ਦੇਵ ਜੀ ਅਤੇ ਸਾਈਂ ਮੀਆਂ ਮੀਰ ਜੀ ਦਾ ਪਹਿਲਾ ਮਿਲਾਪ ਸਿਹਾਰੀ ਮੱਲ ਦੇ ਬੇਟੇ ਦੇ ਵਿਆਹ ’ਚ ਲਾਹੌਰ ਵਿੱਚ ਹੋਇਆ ਸੀ। ਫਿਰ ਅੱਗੇ ਮੁਲਾਕਾਤ ਦਾ ਸਿਲਸਿਲਾ ਜਾਰੀ ਰਿਹਾ। ਜਦੋਂ ਗੁਰੂ ਅਰਜਨ ਦੇਵ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਸਾਈਂ ਮੀਆਂ ਮੀਰ ਨੇ ਉਨ੍ਹਾਂ ਨੂੰ ਦਸਤਾਰ ਭੇਟ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 1588 ਵਿੱਚ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ। ਗੁਰੂ ਜੀ ਦੀ ਸ਼ਹੀਦੀ ਸਮੇਂ ਵੀ ਸਾਈਂ ਜੀ ਗੁਰੂ ਜੀ ਨੂੰ ਮਿਲਣ ਗਏ ਅਤੇ ਬਹੁਤ ਦੁਖੀ ਹਿਰਦੇ ਨਾਲ ਬਾਦਸ਼ਾਹ ਜਹਾਂਗੀਰ ਨੂੰ ਕਿਹਾ:
ਮੁਸਲਮਾਨ ਹੁੰਦਿਆਂ ਜਹਾਂਗੀਰ ਸ਼ਾਹਾ।
ਐਡਾ ਜ਼ੁਲਮ ਤੂੰ ਕਿਉਂ ਕਮਾਉਣ ਲੱਗਾ।
ਓ ਮੁਸਲਮਾਨ ਤਾਂ ਮੁਰਦਾ ਵੀ ਫੂਕਦੇ ਨਹੀਂ।
ਜਿਉਂਦੇ ਰੱਬ ਨੂੰ ਅੱਗ ਤੂੰ ਲਾਉਣ ਲੱਗਾ।
ਸਾਈਂ ਮੀਆਂ ਮੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾਉਣ ਲਈ ਉਨ੍ਹਾਂ ਨੂੰ ਇਜਾਜ਼ਤ ਦੇਣ। ਉਨ੍ਹਾਂ ਨੇ ਗੁਰੂ ਜੀ ਨੂੰ ਮੁਖਾਰਬਿੰਦ ਹੋ ਕੇ ਕਿਹਾ:
ਇਹ ਕੀ ਭਾਣਾ ਵਰਤਾ ਰਹੇ ਹੋ।
ਸੋਹਲ ਜ਼ਿੰਦਗੀ ਨੂੰ ਦੁੱਖਾਂ ਵਿੱਚ ਪਾ ਰਹੇ ਹੋ।।
ਗੁਰੂ ਜੀ ਨੇ ਸਾਈਂ ਮੀਆਂ ਮੀਰ ਨੂੰ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਦਿੰਦਿਆਂ ਕਿਹਾ:
ਮੈਂ ਤਾਂ ਯਾਰ ਦੇ ਭਾਣੇ ਨੂੰ ਮੰਨਦਾ ਹਾਂ।
ਯਾਰ, ਯਾਰ ਨੂੰ ਹੱਸ-ਹੱਸ ਕੇ ਦੱਸਦਾ ਏ।
ਤ੍ਰੇਲ ਫੁੱਲਾਂ ’ਤੇ ਪਈ ਰੋਈ ਜਾਂਦੀ।
ਫੁੱਲ ਕੰਡਿਆਂ ’ਤੇ ਖਿੜ-ਖਿੜ ਹੱਸਦਾ ਹੈ।
ਗੁਰੂ ਜੀ ਨੇ ਸਾਈਂ ਜੀ ਨੂੰ ਫਿਰ ਕਿਹਾ:-
‘ਫੇਰ ਹੱਸ ਕੇ ਸਤਿਗੁਰੂ ਕਹਿਣ ਲੱਗੇ।
ਤੂੰ ਫੱਕਰਾ ਰਮਜ਼ ਪਛਾਣੀ ਨਹੀਂ।
ਅਸਾਂ ਤੇਰੇ ਦਿਲ ਦੀ ਜਾਣ ਲਈ।
ਤੁੰ ਸਾਡੇ ਦਿਲ ਦੀ ਜਾਣੀ ਨਹੀਂ।
ਅਸੀਂ ਰੱਖਣੀਆਂ ਸਨ ਦੋ ਨੀਹਾਂ।
ਇੱਕ ਸ਼ਹੀਦੀ ਦੀ ਇੱਕ ਹਰਿਮੰਦਰ ਦੀ।
ਉਹ ਤੂੰ ਰੱਖੀ, ਇਹ ਮੈਂ ਰੱਖੂ।
ਇਹ ਚਾਹ ਸੀ ਮੇਰੇ ਅੰਦਰ ਦੀ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਾਈਂ ਮੀਆਂ ਮੀਰ ਜੀ ਦੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਵੀ ਸਬੰਧ ਮਿੱਤਰਤਾਪੂਰਨ ਰਹੇ। ਜਦੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ, ਤਾਂ ਸਾਈਂ ਮੀਆਂ ਮੀਰ ਨੇ ਹੀ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਪ੍ਰਤੀ ਹੋਈਆਂ ਗ਼ਲਤਫ਼ਹਿਮੀਆਂ ਦੂਰ ਕਰਵਾ ਕੇ ਗੁਰੂ ਜੀ ਦੀ ਰਿਹਾਈ ਸੰਭਵ ਕਰਵਾਈ। ਜਦੋਂ ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਬੇਟੀ ਬੀਬੀ ਕੌਲਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਖ਼ਸੀਅਤ ਅਤੇ ਗੁਰਬਾਣੀ ਤੋਂ ਪ੍ਰਭਾਵਿਤ ਹੋਈ, ਤਾਂ ਸਾਈਂ ਜੀ ਨੇ ਬੀਬੀ ਕੌਲਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਕੋਲ ਅੰਮ੍ਰਿਤਸਰ ਭੇਜ ਦਿੱਤਾ ਸੀ, ਜਿੱਥੇ ਗੁਰੂ ਜੀ ਨੇ ਬੀਬੀ ਕੌਲਾਂ ਦੇ ਨਾਂ ’ਤੇ ਸਰੋਵਰ ਵੀ ਬਣਵਾਇਆ।
ਹਜ਼ਰਤ ਸਾਈਂ ਮੀਆਂ ਮੀਰ 11 ਅਗਸਤ 1635 ਨੂੰ ਲਾਹੌਰ ਵਿੱਚ 85 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਲਾਹੌਰ ਵਿੱਚ ਡਿਫੈਂਸ ਰੋਡ, ਪੀ ਓ ਇਸਮਾਈਲ ਨਗਰ ਅਤੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਇੱਕ ਪਿੰਡ ਵਿੱਚ ਉਨ੍ਹਾਂ ਦੀ ਯਾਦ ਵਿੱਚ ਮਕਬਰਾ (ਦਰਬਾਰ) ਸਥਿਤ ਹੈ, ਜਿੱਥੇ ਉਨ੍ਹਾਂ ਦੇ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਸ ਦਰਬਾਰ ਦੇ ਸੁੰਦਰੀਕਰਨ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਿੱਤੀ ਸਹਾਇਤਾ ਦੇ ਕੇ ਵੱਡਮੁੱਲਾ ਯੋਗਦਾਨ ਪਾਇਆ ਸੀ। ਸਾਈਂ ਮੀਆਂ ਮੀਰ ਜੀ ਦੀ ਅੰਸ਼-ਵੰਸ਼ ਪੀੜ੍ਹੀ-ਦਰ-ਪੀੜ੍ਹੀ ਦਰਬਾਰ ਦੀ ਸੇਵਾ ਕਰਦੀ ਆ ਰਹੀ ਹੈ, ਜਿਨ੍ਹਾਂ ਨੇ ਸਿੱਖ ਗੁਰੂਆਂ ਵੱਲੋਂ ਦਿੱਤੀਆਂ ਬਖ਼ਸ਼ਿਸ਼ਾਂ ਅਤੇ ਨਿਸ਼ਾਨੀਆਂ ਨੂੰ ਸਤਿਕਾਰ ਅਤੇ ਸ਼ਰਧਾ ਨਾਲ ਸਾਂਭ ਕੇ ਰੱਖਿਆ ਹੋਇਆ ਹੈ।
ਸੰਪਰਕ: 98150-76546

