DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ੍ਰੀ ਹੇਮਕੁੰਟ ਸਾਹਿਬ ਯਾਤਰਾ: ਇਤਿਹਾਸ, ਮਹੱਤਤਾ ਤੇ ਜ਼ਰੂਰੀ ਸਾਵਧਾਨੀਆਂ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਤੇ ਆਤਮਿਕ ਤੀਰਥ ਅਸਥਾਨਾਂ ਵਿੱਚੋਂ ਇੱਕ ਹੈ। ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਵਿਚਾਲੇ ਤਕਰੀਬਨ 15,000 ਫੁੱਟ ਦੀ ਉੱਚਾਈ ’ਤੇ ਸਥਿਤ ਇਹ ਪਵਿੱਤਰ ਧਾਮ ਬਰਫ਼ੀਲੇ ਸਰੋਵਰ ਅਤੇ ਸੱਤ ਪਹਾੜਾਂ ਨਾਲ ਘਿਰਿਆ ਹੋਇਆ...

  • fb
  • twitter
  • whatsapp
  • whatsapp
Advertisement

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਤੇ ਆਤਮਿਕ ਤੀਰਥ ਅਸਥਾਨਾਂ ਵਿੱਚੋਂ ਇੱਕ ਹੈ। ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਵਿਚਾਲੇ ਤਕਰੀਬਨ 15,000 ਫੁੱਟ ਦੀ ਉੱਚਾਈ ’ਤੇ ਸਥਿਤ ਇਹ ਪਵਿੱਤਰ ਧਾਮ ਬਰਫ਼ੀਲੇ ਸਰੋਵਰ ਅਤੇ ਸੱਤ ਪਹਾੜਾਂ ਨਾਲ ਘਿਰਿਆ ਹੋਇਆ ਹੈ। ‘ਹੇਮਕੁੰਟ’ ਦਾ ਅਰਥ ਹੈ ‘ਬਰਫ਼ ਨਾਲ ਢਕਿਆ ਸਰੋਵਰ’। ਇੱਥੇ ਪਹੁੰਚਦਿਆਂ ਹੀ ਮਨੁੱਖ ਦਾ ਮਨ ਦੁਨਿਆਵੀ ਚਿੰਤਾਵਾਂ ਤੋਂ ਉੱਪਰ ਉੱਠ ਕੇ ਰੱਬੀ ਸ਼ਾਂਤੀ ਅਤੇ ਆਤਮਿਕ ਅਨੁਭਵ ਨਾਲ ਭਰ ਜਾਂਦਾ ਹੈ।

ਇਤਿਹਾਸ ਅਨੁਸਾਰ ਇਹ ਥਾਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੀ ਤਪੱਸਿਆ ਨਾਲ ਜੁੜੀ ਹੋਈ ਮੰਨੀ ਜਾਂਦੀ ਹੈ। ਗੁਰੂ ਸਾਹਿਬ ਨੇ ਆਪਣੀ ਆਤਮਿਕ ਜੀਵਨ ਕਥਾ ‘ਬਚਿੱਤਰ ਨਾਟਕ’ ਵਿੱਚ ਇਸ ਪਵਿੱਤਰ ਅਸਥਾਨ ਦਾ ਜ਼ਿਕਰ ਕਰਦਿਆਂ ਲਿਖਿਆ:

Advertisement

‘ਹੇਮਕੁੰਟ ਪਰਬਤ ਹੈ ਜਹਾਂ।

Advertisement

ਸਪਤ ਸ੍ਰਿੰਗ ਸੋਭਿਤ ਹੈ ਤਹਾਂ।’

ਭਾਵ, ਇੱਕ ਐਸਾ ਪਵਿੱਤਰ ਸਥਾਨ ਜਿੱਥੇ ਸੱਤ ਚੋਟੀਆਂ ਨਾਲ ਸਜਿਆ ਹੇਮਕੁੰਟ ਪਰਬਤ ਹੈ ਅਤੇ ਜਿੱਥੇ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਭਗਤੀ ਅਤੇ ਤਪੱਸਿਆ ਕੀਤੀ। ਸਿੱਖ ਇਤਿਹਾਸ ਵਿੱਚ ਲੰਮੇ ਸਮੇਂ ਤੱਕ ਇਸ ਅਸਥਾਨ ਦੀ ਸਥਿਤੀ ਗੁੰਮਨਾਮ ਰਹੀ। ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਭੂਗੋਲਿਕ ਖੋਜ 1930 ਦੇ ਦਹਾਕੇ (1933-1934) ਵਿੱਚ ਸੰਤ ਸੋਹਣ ਸਿੰਘ (ਭਾਰਤੀ ਫੌਜ ਦੇ ਸੇਵਾਮੁਕਤ ਗ੍ਰੰਥੀ) ਅਤੇ ਹੌਲਦਾਰ ਮੋਹਨ ਸਿੰਘ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੇ ਪੰਡਿਤ ਤਾਰਾ ਸਿੰਘ ਨਰੋਤਮ ਦੀ ਖੋਜ ਅਤੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਤੋਂ ਪ੍ਰੇਰਿਤ ਹੋ ਕੇ ਇਹ ਪਵਿੱਤਰ ਸਥਾਨ ਲੱਭਿਆ। ਬਾਅਦ ਵਿੱਚ ਸੰਤ ਸੋਹਣ ਸਿੰਘ ਜੀ (ਤੇਰਾਹ ਵਾਲੇ) ਅਤੇ ਹੋਰ ਸਿੱਖ ਸੰਗਤ ਦੇ ਉੱਦਮ ਸਦਕਾ, ਇੱਥੇ ਇੱਕ ਸ਼ਾਨਦਾਰ ਗੁਰਦੁਆਰੇ ਦੀ ਇਮਾਰਤ ਤਿਆਰ ਕੀਤੀ ਗਈ। ਅੱਜ ਇਹ ਧਾਮ ਸਿੱਖ ਕੌਮ ਲਈ ਡੂੰਘੀ ਸ਼ਰਧਾ ਅਤੇ ਆਤਮਿਕ ਖਿੱਚ ਦਾ ਕੇਂਦਰ ਬਣ ਚੁੱਕਾ ਹੈ। ਇਹ ਸਥਾਨ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੈ।

ਇਸ ਦੇ ਨੇੜੇ ਹੀ ‘ਲਕਸ਼ਮਣ ਮੰਦਰ’ ਵੀ ਸਥਿਤ ਹੈ। ਹਿੰਦੂ ਮਿਥਿਹਾਸ ਵਿੱਚ ਵੀ ਇਸ ਜਗ੍ਹਾ ਦਾ ਜ਼ਿਕਰ ਆਉਂਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਸ੍ਰੀ ਰਾਮ ਦੇ ਛੋਟੇ ਭਰਾ ਲਕਸ਼ਮਣ ਨੇ ਇੱਥੇ ਹੀ ਤਪੱਸਿਆ ਕੀਤੀ ਸੀ।

ਹਰ ਸਾਲ ਮਈ-ਜੂਨ ਤੋਂ ਅਕਤੂਬਰ ਤੱਕ ਲੱਖਾਂ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਦੇ ਹਨ। ਇਹ ਯਾਤਰਾ ਭਾਵੇਂ ਬਹੁਤ ਆਨੰਦ ਅਤੇ ਗੁਰੂ ਚਰਨਾਂ ਨਾਲ ਜੁੜਨ ਦਾ ਅਨੁਭਵ ਦਿੰਦੀ ਹੈ, ਪਰ ਕਠਿਨ ਪਹਾੜੀ ਰਸਤੇ, ਬਦਲਦਾ ਮੌਸਮ ਅਤੇ ਉੱਚਾਈ ਕਾਰਨ ਕਈ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਹਨ। ਇਸ ਲਈ ਯਾਤਰੀਆਂ ਨੂੰ ਪਹਿਲਾਂ ਤੋਂ ਪੂਰੀ ਤਿਆਰੀ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

ਸਾਲ 2026 ਦੀ ਪਵਿੱਤਰ ਯਾਤਰਾ 23 ਮਈ ਤੋਂ ਸ਼ੁਰੂ ਹੋ ਚੁੱਕੀ ਹੈ। ਆਓ, ਗੁਰੂ ਸਾਹਿਬ ਦੀ ਕਿਰਪਾ ਦਾ ਸਿਮਰਨ ਕਰਦਿਆਂ ਅਤੇ ਪੂਰੀ ਤਿਆਰੀ ਨਾਲ ਇਸ ਪਾਵਨ ਯਾਤਰਾ ਨੂੰ ਸੁਖਦ ਅਤੇ ਸਫਲ ਬਣਾਉਣ ਲਈ ਕੁਝ ਜ਼ਰੂਰੀ ਗੱਲਾਂ ਤੋਂ ਜਾਣੂ ਹੋਈਏ।

ਹੇਮਕੁੰਟ ਸਾਹਿਬ ਦੀ ਯਾਤਰਾ ਸਿਰਫ਼ ਸੈਰ ਜਾਂ ਧਾਰਮਿਕ ਰਸਮ ਨਹੀਂ, ਸਗੋਂ ਮਨੁੱਖ ਦੇ ਵਿਸ਼ਵਾਸ, ਧੀਰਜ ਅਤੇ ਆਤਮਿਕ ਤਾਕਤ ਦੀ ਪ੍ਰੀਖਿਆ ਹੈ। ਪਹਾੜਾਂ ਦੇ ਵਿਚਕਾਰ ਸ਼ਾਂਤ ਸਰੋਵਰ ਦੇ ਕੋਲ ਸਥਿਤ ਗੁਰਦੁਆਰੇ ਵਿੱਚ ਮੱਥਾ ਟੇਕਣ ਨਾਲ ਮਨੁੱਖ ਨੂੰ ਅੰਦਰੂਨੀ ਸ਼ਾਂਤੀ ਮਹਿਸੂਸ ਹੁੰਦੀ ਹੈ। ਇਸ ਯਾਤਰਾ ਦੌਰਾਨ ਮਨੁੱਖ ਕੁਦਰਤ ਦੇ ਬਹੁਤ ਨੇੜੇ ਆ ਜਾਂਦਾ ਹੈ ਅਤੇ ਉਸ ਨੂੰ ਜੀਵਨ ਦੀ ਸਾਦਗੀ ਅਤੇ ਰੱਬੀ ਕਿਰਪਾ ਦਾ ਅਹਿਸਾਸ ਹੁੰਦਾ ਹੈ।

ਪਰ ਇਸ ਆਤਮਿਕ ਅਨੁਭਵ ਨੂੰ ਸੁਖਦ ਅਤੇ ਸੁਰੱਖਿਅਤ ਬਣਾਉਣ ਲਈ ਕੁਝ ਮਹੱਤਵਪੂਰਨ ਸਾਵਧਾਨੀਆਂ ਰੱਖਣੀਆਂ ਲਾਜ਼ਮੀ ਹਨ।

ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸ੍ਰੀ ਹੇਮਕੁੰਟ ਸਾਹਿਬ ਦੀ ਚੜ੍ਹਾਈ ਕਰਨੀ ਸੌਖੀ ਨਹੀਂ ਹੈ। ਗੋਵਿੰਦਘਾਟ ਤੋਂ ਸ਼ੁਰੂ ਹੋ ਕੇ ਘਾਂਘਰੀਆ ਤੱਕ ਅਤੇ ਫਿਰ ਉੱਥੋਂ ਹੇਮਕੁੰਟ ਸਾਹਿਬ ਤੱਕ ਦੀ ਚੜ੍ਹਾਈ ਕਾਫ਼ੀ ਔਖੀ ਹੈ। ਇਹ ਸਰੀਰ ਵਾਹਿਗੁਰੂ ਦੀ ਦਾਤ ਹੈ, ਇਸ ਲਈ ਯਾਤਰਾ ਤੋਂ ਪਹਿਲਾਂ ਇਸ ਦੀ ਸੰਭਾਲ ਅਤੇ ਕਸਰਤ ਕਰਕੇ ਤਿਆਰੀ ਕਰਨਾ ਸਾਡਾ ਫ਼ਰਜ਼ ਹੈ। ਯਾਤਰੀਆਂ ਨੂੰ ਰੋਜ਼ਾਨਾ ਸਵੇਰੇ ਟਹਿਲਣ ਅਤੇ ਅਭਿਆਸ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸਰੀਰਕ ਤਾਕਤ ਦੇ ਨਾਲ-ਨਾਲ ਆਤਮਿਕ ਬਲ ਬਹੁਤ ਜ਼ਰੂਰੀ ਹੈ। ਜਦੋਂ ਰਸਤੇ ਵਿੱਚ ਥਕਾਵਟ ਜਾਂ ਔਕੜ ਮਹਿਸੂਸ ਹੋਵੇ, ਤਾਂ ਗੁਰਬਾਣੀ ਦੇ ਪਾਠ ਅਤੇ ‘ਵਾਹਿਗੁਰੂ’ ਦੇ ਸਿਮਰਨ ਨਾਲ ਮਨ ਨੂੰ ਢਹਿੰਦੀ ਕਲਾ ਵਿੱਚ ਜਾਣ ਤੋਂ ਬਚਾਉਣਾ ਚਾਹੀਦਾ ਹੈ।

ਗੁਰਮਤਿ ਅਨੁਸਾਰ ਦੁਆ (ਅਰਦਾਸ) ਦੇ ਨਾਲ-ਨਾਲ ਦਵਾ (ਦਵਾਈ) ਦਾ ਆਸਰਾ ਲੈਣਾ ਵੀ ਸਿਆਣਪ ਹੈ। ਉੱਚਾਈ ਵਾਲੇ ਇਲਾਕਿਆਂ ਵਿੱਚ ਆਕਸੀਜਨ ਦੀ ਘਾਟ ਕਾਰਨ ਸਾਹ ਚੜ੍ਹਨਾ ਜਾਂ ਚੱਕਰ ਆਉਣਾ ਸੁਭਾਵਿਕ ਹੈ। ਦਿਲ ਅਤੇ ਸਾਹ ਦੇ ਮਰੀਜ਼ਾਂ ਨੂੰ ਗੁਰੂ ਘਰ ਤੁਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਆਪਣੀਆਂ ਦਵਾਈਆਂ ਅਤੇ ਫਸਟ-ਏਡ ਬਾਕਸ ਨਾਲ ਰੱਖਣਾ ਸਮਝਦਾਰੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਜਲ (ਪਾਣੀ) ਛਕਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਰੀਰ ਵਿੱਚ ਪਾਣੀ ਦੀ ਘਾਟ ਨਾਲ ਕਮਜ਼ੋਰੀ ਆ ਸਕਦੀ ਹੈ।

ਹਿਮਾਲਿਆਈ ਇਲਾਕਿਆਂ ਵਿੱਚ ਮੌਸਮ ਕਾਦਰ ਦੀ ਕੁਦਰਤ ਵਾਂਗ ਬਹੁਤ ਤੇਜ਼ੀ ਨਾਲ ਬਦਲਦਾ ਹੈ। ਸਵੇਰੇ ਧੁੱਪ ਹੋ ਸਕਦੀ ਹੈ ਅਤੇ ਕੁਝ ਹੀ ਸਮੇਂ ਬਾਅਦ ਬਾਰਿਸ਼ ਜਾਂ ਬਰਫ਼ਬਾਰੀ ਸ਼ੁਰੂ ਹੋ ਸਕਦੀ ਹੈ। ਇਸ ਲਈ ਗਰਮ ਕੱਪੜੇ, ਜੈਕੇਟ, ਦਸਤਾਨੇ, ਟੋਪੀ ਅਤੇ ਰੇਨਕੋਟ ਨਾਲ ਲਿਜਾਣੇ ਬਹੁਤ ਜ਼ਰੂਰੀ ਹਨ। ਕਈ ਵਾਰ ਰਸਤੇ ਤਿਲਕਣ ਵਾਲੇ ਹੋ ਜਾਂਦੇ ਹਨ, ਇਸ ਲਈ ਮਜ਼ਬੂਤ ਅਤੇ ਤਿਲਕਣ-ਰੋਧਕ ਜੁੱਤੇ ਪਹਿਨ ਕੇ, ਪੂਰੀ ਤਿਆਰੀ ਨਾਲ ਹੀ ਗੁਰੂ ਚਰਨਾਂ ਵੱਲ ਚਾਲੇ ਪਾਉਣੇ ਚਾਹੀਦੇ ਹਨ।

ਸਿੱਖੀ ਵਿੱਚ ‘ਸਹਿਜ’ (ਟਿਕਾਅ) ਦਾ ਬਹੁਤ ਮਹੱਤਵ ਹੈ। ਕਈ ਯਾਤਰੀ ਜਲਦੀ ਦਰਸ਼ਨ ਕਰਨ ਦੀ ਕਾਹਲੀ ਵਿੱਚ ਤੇਜ਼ ਚੜ੍ਹਾਈ ਕਰਦੇ ਹਨ, ਜਿਸ ਨਾਲ ਉਹ ਜਲਦੀ ਥੱਕ ਜਾਂਦੇ ਹਨ। ਪਹਾੜੀ ਰਸਤੇ ’ਤੇ ਹਮੇਸ਼ਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੌਲੀ-ਹੌਲੀ ਚੱਲਣਾ ਚਾਹੀਦਾ ਹੈ। ਜਿੱਥੇ ਲੋੜ ਮਹਿਸੂਸ ਹੋਵੇ, ਉੱਥੇ ਕੁਝ ਸਮੇਂ ਲਈ ਵਿਸ਼ਰਾਮ ਕਰਨਾ ਚਾਹੀਦਾ ਹੈ। ਜੇ ਸਾਹ ਚੜ੍ਹੇ ਜਾਂ ਚੱਕਰ ਆਉਣ, ਤਾਂ ਤੁਰੰਤ ਆਰਾਮ ਕਰਨਾ ਚਾਹੀਦਾ ਹੈ। ਰਾਤ ਸਮੇਂ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਦਿਨ ਦੇ ਚਾਨਣ ਵਿੱਚ ਹੀ ਵਾਹਿਗੁਰੂ ਦੀ ਓਟ ਆਸਰਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ।

ਯਾਤਰਾ ਦੌਰਾਨ ਸਾਧਾਰਾਨ ਅਤੇ ਹਲਕਾ ਭੋਜਨ ਛਕਣਾ ਚਾਹੀਦਾ ਹੈ। ਬਹੁਤ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਖਾਣ ਨਾਲ ਸਰੀਰ ਭਾਰੀ ਮਹਿਸੂਸ ਕਰਦਾ ਹੈ। ਸੁੱਕੇ ਫਲ, ਬਿਸਕੁਟ, ਚਾਕਲੇਟ ਅਤੇ ਗੁੜ ਵਰਗੀਆਂ ਚੀਜ਼ਾਂ ਨਾਲ ਰੱਖਣੀਆਂ ਲਾਭਦਾਇਕ ਰਹਿੰਦੀਆਂ ਹਨ। ਸ਼ਰਾਬ ਜਾਂ ਨਸ਼ੇ ਵਾਲੀਆਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਪਵਿੱਤਰ ਅਸਥਾਨਾਂ ਦੀ ਯਾਤਰਾ ’ਤੇ ਜਾਂਦਿਆਂ ਬਜਰ ਕੁਰਹਿਤਾਂ ਕਰਨੀਆਂ ਧਾਰਮਿਕ ਪੱਖੋਂ ਵੱਡਾ ਗੁਨਾਹ ਹਨ ਅਤੇ ਇਹ ਸਿਹਤ ਲਈ ਵੀ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।

ਗੁਰਬਾਣੀ ਦਾ ਫੁਰਮਾਨ ਹੈ— ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਸ੍ਰੀ ਹੇਮਕੁੰਟ ਸਾਹਿਬ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਕੁਦਰਤੀ ਵਿਰਾਸਤ ਵਾਲਾ ਪਵਿੱਤਰ ਸਥਾਨ ਵੀ ਹੈ। ਯਾਤਰੀਆਂ ਨੂੰ ਇੱਥੇ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਪਲਾਸਟਿਕ ਦੀਆਂ ਬੋਤਲਾਂ ਜਾਂ ਕੂੜਾ-ਕਰਕਟ ਇੱਧਰ-ਉੱਧਰ ਸੁੱਟ ਕੇ ਇਸ ਧਰਤੀ ਨੂੰ ਪਲੀਤ ਨਹੀਂ ਕਰਨਾ ਚਾਹੀਦਾ। ਕੁਦਰਤ ਦੀ ਸੁੰਦਰਤਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣਾ ਹਰ ਗੁਰਸਿੱਖ ਅਤੇ ਯਾਤਰੀ ਦੀ ਧਾਰਮਿਕ ਜ਼ਿੰਮੇਵਾਰੀ ਹੈ।

ਇੱਕ ਚੰਗਾ ਸ਼ਰਧਾਲੂ ਉਹ ਹੈ ਜੋ ਮਰਿਆਦਾ ਅਤੇ ਅਨੁਸ਼ਾਸਨ ਵਿੱਚ ਰਹਿੰਦਾ ਹੈ। ਸਰਕਾਰ ਅਤੇ ਯਾਤਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਰਜਿਸਟ੍ਰੇਸ਼ਨ, ਪਛਾਣ ਪੱਤਰ ਅਤੇ ਸੁਰੱਖਿਆ ਸਬੰਧੀ ਨਿਯਮਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਮੌਸਮ ਖ਼ਰਾਬ ਹੋਵੇ ਜਾਂ ਪ੍ਰਸ਼ਾਸਨ ਯਾਤਰਾ ਰੋਕ ਦੇਵੇ, ਤਾਂ ਭਾਣਾ ਮੰਨ ਕੇ ਬਿਨਾਂ ਜ਼ਿੱਦ ਕੀਤੇ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ, ਇਹ ਵੀ ਸਮੂਹ ਸੰਗਤ ਦੀ ਭਲਾਈ ਦਾ ਹਿੱਸਾ ਹੈ।

ਸੰਖੇਪ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਮਨੁੱਖ ਨੂੰ ਆਤਮਿਕ ਤਾਕਤ, ਧੀਰਜ ਅਤੇ ਕੁਦਰਤ ਨਾਲ ਜੁੜਨ ਦਾ ਅਨੋਖਾ ਅਨੁਭਵ ਦਿੰਦੀ ਹੈ। ਇਹ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਵਿਸ਼ਵਾਸ ਅਤੇ ਹੌਸਲੇ ਨਾਲ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ। ਪਰ ਇਸ ਯਾਤਰਾ ਦੀ ਕਠਿਨਾਈ ਨੂੰ ਦੇਖਦੇ ਹੋਏ ਸਹੀ ਤਿਆਰੀ ਅਤੇ ਸਾਵਧਾਨੀਆਂ ਬਹੁਤ ਜ਼ਰੂਰੀ ਹਨ। ਜੇ ਯਾਤਰੀ ਸਿਹਤ, ਮੌਸਮ, ਸੁਰੱਖਿਆ ਅਤੇ ਸਫ਼ਾਈ ਦਾ ਧਿਆਨ ਰੱਖਣ, ਤਾਂ ਇਹ ਯਾਤਰਾ ਨਾ ਸਿਰਫ਼ ਸੁਰੱਖਿਅਤ ਸਗੋਂ ਜੀਵਨ ਦੀਆਂ ਸਭ ਤੋਂ ਯਾਦਗਾਰ ਅਤੇ ਪਵਿੱਤਰ ਯਾਤਰਾਵਾਂ ਵਿੱਚੋਂ ਇੱਕ ਬਣ ਸਕਦੀ ਹੈ।

ਸੰਪਰਕ: 98720-10560

Advertisement
×