ਸਾਖੀ ਚਾਂਦਨੀ ਚੌਕ ਦੀ
ਨੌਵੀਂ ਪਾਤਸ਼ਾਹੀ ਤੱਕ ਪਹੁੰਚ ਕੇ ਗੁਰਗੱਦੀ ਇਹ ਭਲੀ-ਭਾਂਤ ਜਾਣ ਚੁੱਕੀ ਸੀ ਕਿ ਮੁਗਲ ਹਕੂਮਤ ਗੈਰ-ਮੁਸਲਮਾਨਾਂ ਦੀ ਵਿਰੋਧੀ ਹੈ। ਉਸ ਵੇਲੇ ਗੱਲ ਬੇਸ਼ੱਕ ਕਸ਼ਮੀਰੀ ਪੰਡਤਾਂ ਦੇ ਜਨੇਊ ਤੱਕ ਆਣ ਬਣੀ ਸੀ, ਪਰ ਗੱਲ ਚਾਹੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਹੋਵੇ ਜਾਂ ਆਮ ਸਿੱਖਾਂ ਦੀ, ਮੁਗਲ ਹਕੂਮਤ ਕਿਸੇ ਦੀ ਵੀ ਸਕੀ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਦੇ ਜ਼ੁਲਮ ਹੋਏ, ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤੱਵੀ ’ਤੇ ਬਿਠਾਇਆ ਗਿਆ ਅਤੇ ਨੌਵੇਂ ਗੁਰੂ ਤੇਗ ਬਹਾਦਰ ਦੇ ਪਿਤਾ (ਗੁਰੂ ਹਰਗੋਬਿੰਦ ਸਾਹਿਬ) ਨੂੰ ਗਵਾਲੀਅਰ ਦੇ ਕਿਲ੍ਹੇ ਅੰਦਰ ਕਈ ਸਾਲ ਬੰਦੀ ਬਣਾ ਕੇ ਰੱਖਿਆ ਗਿਆ।
ਗੁਰੂ ਤੇਗ ਬਹਾਦਰ ਦੇ ਸਾਹਮਣੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ’ਤੇ ਵੀ ਅੰਤਾਂ ਦਾ ਤਸ਼ੱਦਦ ਕੀਤਾ ਗਿਆ। ਕੋਤਵਾਲ ਖਵਾਜਾ ਅਬਦੁੱਲਾ ਦੀ ਦਹਿਸ਼ਤ ਤੋਂ ਭਾਵੇਂ ਹਰ ਕੋਈ ਥਰ-ਥਰ ਕੰਬਦਾ ਸੀ, ਪਰ ਗੁਰੂ ਤੇਗ ਬਹਾਦਰ ਪ੍ਰਤੀ ਉਹ ਬੜਾ ਸ਼ਰਧਾਵਾਨ ਅਤੇ ਦਿਆਲੂ ਸੀ। ਕੋਤਵਾਲ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਕੈਦ ਕੋਠੜੀ ਵਿੱਚੋਂ ਭੱਜ ਜਾਣ, ਉਹ ਸਭ ਕੁਝ ਆਪੇ ਸੰਭਾਲ ਲਵੇਗਾ। ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਉਨ੍ਹਾਂ ਦੇ ਤਿੰਨ ਸੇਵਕਾਂ ਨੂੰ ਅੱਖੀਂ ਤਸ਼ੱਦਦ ਸਹਿ ਕੇ ਸ਼ਹੀਦ ਹੁੰਦੇ ਵੇਖ ਚੁੱਕਾ ਹੈ ਅਤੇ ਗੁਰੂ ਜੀ ਨੂੰ ਇਸ ਤਰ੍ਹਾਂ ਕਸ਼ਟ ਭੋਗਦਿਆਂ ਦੇਖਣ ਤੋਂ ਪਹਿਲਾਂ ਉਹ ਖੁਦਕੁਸ਼ੀ ਕਰਨੀ ਚਾਹੇਗਾ।
ਅੱਗਿਓਂ ਗੁਰੂ ਜੀ ਨੇ ਸਮਝਾਇਆ ਕਿ ਜਿਊਣਾ-ਮਰਨਾ ਬੇਸ਼ੱਕ ਕੁਦਰਤ ਦੇ ਹੱਥ ਹੈ, ਪਰ ਆਪੇ ਮਰਨਾ (ਖੁਦਕੁਸ਼ੀ) ਜਾਂ ਦੂਸਰੇ ਨੂੰ ਕਤਲ ਕਰਨਾ ਜ਼ਾਲਮਪੁਣਾ ਹੈ। ਅਸਲ ਦਲੇਰੀ ਖੁਦਕੁਸ਼ੀ ਕਰਨ ਵਿੱਚ ਜਾਂ ਕਿਸੇ ਨਾਲ ਉਲਝ ਕੇ ਮਰਨ-ਮਾਰਨ ਵਿੱਚ ਨਹੀਂ ਹੈ। ਬਹਾਦਰੀ ਸਿਰਫ ਡਰ ਦੇਣ-ਲੈਣ ਦਾ ਨਾਮ ਨਹੀਂ ਹੈ। ਜਿੱਥੇ ਜ਼ੋਰ ਨਾ ਚੱਲਦਾ ਹੋਵੇ, ਉੱਥੇ ਹਥਿਆਰਾਂ ਨਾਲ ਲੜ ਕੇ ਸੈਂਕੜੇ ਸਾਥੀਆਂ ਨੂੰ ਮਰਵਾ ਦੇਣਾ ਬਹਾਦਰੀ ਨਹੀਂ ਹੁੰਦੀ। ਅਸਲ ਦਲੇਰੀ ਮੁਸ਼ਕਲ ਹਾਲਾਤ ਵਿੱਚ ਵੀ ਆਪਣੇ ਮਕਸਦ ਅਤੇ ਅਸੂਲਾਂ ’ਤੇ ਪਹਿਰਾ ਦੇਣ ਵਿੱਚ ਹੈ। ਗੁਰੂ ਜੀ ਨੇ ਫਰਮਾਇਆ ਕਿ ਭੱਜ ਕੇ ਇਨਸਾਨ ਕਿੱਥੇ ਜਾਵੇਗਾ? ਕੀ ਉੱਥੇ ਮੌਤ ਨਹੀਂ ਆਵੇਗੀ? ਜ਼ਿੰਦਗੀ ਤੋਂ ਡਰ ਕੇ ਭੱਜ ਜਾਣਾ ਮਿਹਣਾ ਹੈ। ਇਸ ਲਈ ਗੁਰੂ ਜੀ ਨੂੰ ਆਪਣਾ ਬਲੀਦਾਨ ਦੇਣਾ ਮਨਜ਼ੂਰ ਸੀ। ਗੁਰੂ ਜੀ ਨੇ ਕੋਤਵਾਲ ਨੂੰ ਕਿਹਾ ਕਿ ਜੇ ਉਹ ਸੱਚਮੁੱਚ ਕੁਝ ਸੇਵਾ ਕਰਨਾ ਚਾਹੁੰਦਾ ਹੈ, ਤਾਂ ਉਹ ਭਾਈ ਜੈਤਾ ਜੀ ਦੀ ਹਰ ਸੰਭਵ ਸਹਾਇਤਾ ਕਰੇ।
ਇਸ ਤਰ੍ਹਾਂ ਚਾਂਦਨੀ ਚੌਕ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਹੋਈ। ਸ਼ਹਾਦਤ ਤੋਂ ਤੁਰੰਤ ਬਾਅਦ ਕੁਦਰਤ ਨੇ ਅਜਿਹਾ ਰੋਹ ਵਿਖਾਇਆ ਕਿ ਦਿੱਲੀ ਵਿੱਚ ਹਨੇਰੀ ਝੁੱਲ ਪਈ। ਚਾਰੇ ਪਾਸੇ ਘੱਟਾ-ਮਿੱਟੀ ਉੱਡਣ ਲੱਗਾ ਅਤੇ ਹੱਥ ਨੂੰ ਹੱਥ ਵਿਖਾਈ ਨਹੀਂ ਸੀ ਦਿੰਦਾ। ਇਸ ਕੁਦਰਤੀ ਕਹਿਰ ਕਾਰਨ ਪਹਿਰੇਦਾਰਾਂ ਵਿੱਚ ਹਫੜਾ-ਦਫੜੀ ਮੱਚ ਗਈ। ਇਸੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਭਾਈ ਜੈਤਾ ਜੀ ਨੇ ਅਦੁੱਤੀ ਦਲੇਰੀ ਵਿਖਾਈ। ਉਹ ਬਿਜਲੀ ਦੀ ਫੁਰਤੀ ਨਾਲ ਗੁਰੂ ਜੀ ਦਾ ਪਾਵਨ ਸੀਸ ਚੁੱਕ ਕੇ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ।
ਦੂਜੇ ਪਾਸੇ ਗੁਰੂ ਜੀ ਦੇ ਪਾਵਨ ਧੜ ਦੀ ਸੇਵਾ ਸੰਭਾਲ ਭਾਈ ਲੱਖੀ ਸ਼ਾਹ ਵਣਜਾਰਾ ਨੇ ਕੀਤੀ। ਉਸ ਨੇ ਬੜੀ ਦਲੇਰੀ ਨਾਲ ਗੁਰੂ ਜੀ ਦਾ ਧੜ ਚੁੱਕ ਲਿਆ ਅਤੇ ਆਪਣੇ ਪਿੰਡ ਲੈ ਗਿਆ। ਉੱਥੇ ਜਾ ਕੇ ਉਸ ਨੇ ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਤਾਂ ਜੋ ਹਕੂਮਤ ਨੂੰ ਸ਼ੱਕ ਨਾ ਹੋਵੇ। ਹਾਲਾਂਕਿ ਕੁਝ ਲੇਖਕਾਂ ਦੇ ਹਵਾਲੇ ਅਨੁਸਾਰ ਇਹ ਸੇਵਾ ਭਾਈ ਜੈਤਾ ਜੀ ਦੇ ਤਾਇਆ ਭਾਈ ਆਗਿਆ ਰਾਮ ਨੇ ਕੀਤੀ ਦੱਸੀ ਜਾਂਦੀ ਹੈ, ਪਰ ਸਿੱਖ ਇਤਿਹਾਸ ਵਿੱਚ ਮੁੱਖ ਤੌਰ ’ਤੇ ਲੱਖੀ ਸ਼ਾਹ ਵਣਜਾਰਾ ਦਾ ਹੀ ਜ਼ਿਕਰ ਆਉਂਦਾ ਹੈ, ਜੋ ਬਾਅਦ ਵਿੱਚ ਮੁਗਲਾਂ ਦੇ ਜ਼ੁਲਮ ਦਾ ਸ਼ਿਕਾਰ ਵੀ ਬਣਿਆ।
ਇਸ ਮਹਾਨ ਕਾਰਜ ਤੋਂ ਬਾਅਦ ਭਾਈ ਜੈਤਾ (ਬਾਬਾ ਜੀਵਨ ਸਿੰਘ) ਨੇ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ ਦਾ ਲੰਮਾ ਅਤੇ ਔਖਾ ਪੈਂਡਾ ਤੈਅ ਕੀਤਾ। ਰਸਤੇ ਵਿੱਚ ਉਹ ਤਰਾਵੜੀ ਤੇ ਅੰਬਾਲਾ ਵਰਗੇ ਅਸਥਾਨਾਂ ’ਤੇ ਰੁਕੇ, ਜੋ ਅੱਜ ਵੀ ਇਤਿਹਾਸਕ ਗਵਾਹੀ ਭਰਦੇ ਹਨ। ਉਨ੍ਹਾਂ ਨੇ ਬਿਨਾਂ ਰੁਕੇ, ਭੁੱਖੇ-ਭਾਣੇ ਅਤੇ ਮੁਗਲ ਫੌਜਾਂ ਤੋਂ ਬਚਦੇ ਹੋਏ ਗੁਰੂ ਜੀ ਦਾ ਪਾਵਨ ਸੀਸ ਬੜੇ ਸਤਿਕਾਰ ਸਹਿਤ ਕੀਰਤਪੁਰ ਸਾਹਿਬ ਅਤੇ ਫਿਰ ਆਨੰਦਪੁਰ ਸਾਹਿਬ ਪਹੁੰਚਾਇਆ। ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਭਾਈ ਜੈਤਾ ਨੂੰ ਆਪਣੇ ਪਿਤਾ ਦਾ ਸੀਸ ਲਿਆਉਂਦੇ ਵੇਖਿਆ ਤਾਂ ਉਨ੍ਹਾਂ ਨੇ ਭਾਵੁਕ ਹੋ ਕੇ ਭਾਈ ਜੈਤਾ ਨੂੰ ਘੁੱਟ ਕੇ ਛਾਤੀ ਨਾਲ ਲਗਾ ਲਿਆ। ਗੁਰੂ ਸਾਹਿਬ ਨੇ ਉਨ੍ਹਾਂ ਦੀ ਦਲੇਰੀ, ਸਿਦਕ ਅਤੇ ਪਿਆਰ ਨੂੰ ਵੇਖਦਿਆਂ ਉਨ੍ਹਾਂ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਵਰ ਬਖਸ਼ਿਆ। ਇਸ ਘਟਨਾ ਨੇ ਦਲਿਤ ਅਤੇ ਦੱਬੇ-ਕੁਚਲੇ ਵਰਗਾਂ ਵਿੱਚ ਅਣਖ ਦੀ ਅਜਿਹੀ ਰੂਹ ਫੂਕੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਮੁਗਲ ਸਲਤਨਤ ਦੀਆਂ ਜੜ੍ਹਾਂ ਪੁੱਟਣ ਵਾਲੇ ਸੂਰਮੇ ਬਣ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਈ ਜੈਤਾ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੇ ਹੀ ਅੱਗੇ ਚੱਲ ਕੇ ਖਾਲਸਾ ਪੰਥ ਦੀ ਸਾਜਨਾ ਅਤੇ ਜ਼ੁਲਮ ਦੇ ਟਾਕਰੇ ਲਈ ਮਨੋਵਿਗਿਆਨਕ ਅਤੇ ਰੂਹਾਨੀ ਜ਼ਮੀਨ ਤਿਆਰ ਕੀਤੀ ਸੀ। ਇਤਿਹਾਸ ਗਵਾਹ ਹੈ ਕਿ ਜਿੱਥੇ ਹਕੂਮਤਾਂ ਸਰੀਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਉੱਥੇ ਸਿਦਕੀ ਸੂਰਮੇ ਰੂਹਾਨੀ ਤਾਕਤ ਨਾਲ ਜਿੱਤ ਪ੍ਰਾਪਤ ਕਰਦੇ ਹਨ।
ਇਸ ਮਗਰੋਂ ਗੁਰਗੱਦੀ ਦੀ ਵਾਗਡੋਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਆਈ, ਜਿਨ੍ਹਾਂ ਨੇ ਮਨੁੱਖਤਾ ਅਤੇ ਧਰਮ ਦੀ ਖਾਤਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ। ਇਸੇ ਤਰ੍ਹਾਂ ਭਾਈ ਜੈਤਾ ਦੇ ਛੋਟੇ ਪੁੱਤਰ, ਮਾਤਾ ਜੀ ਅਤੇ ਪਤਨੀ ਸਰਸਾ ਨਦੀ ਦੇ ਕੰਢੇ ਜੰਗ ਵਿੱਚ ਸ਼ਹੀਦ ਹੋਏ ਜਾਂ ਨਦੀ ਵਿੱਚ ਵਹਿ ਗਏ। ਭਾਈ ਜੈਤਾ ਦੇ ਦੋਵੇਂ ਵੱਡੇ ਪੁੱਤਰ ਅਤੇ ਛੋਟਾ ਭਰਾ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋ ਗਏ। ਭਾਈ ਜੈਤਾ ਜੀ ਮਹਾਨ ਯੋਧੇ, ਉੱਚ ਕੋਟੀ ਦੇ ਨਿਸ਼ਾਨੇਬਾਜ਼ ਅਤੇ ਕਵੀ ਵੀ ਸਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਮੋਹਰੀ ਜਰਨੈਲ ਵਜੋਂ ਸੇਵਾ ਨਿਭਾਈ ਤੇ ਸਾਹਿਬਜ਼ਾਦਿਆਂ ਨੂੰ ਸ਼ਸਤਰ ਵਿੱਦਿਆ ਵੀ ਸਿਖਾਈ।
ਸੰਪਰਕ: 75083-41879
