ਸ਼ੇਰ-ਏ-ਪੰਜਾਬ ਦੇ ਰਾਜ ਵਿੱਚ ਸਦਾ ਕੌਰ ਦਾ ਯੋਗਦਾਨ
ਦੁਨੀਆਂ ਦੇ ਕਿਸੇ ਵੀ ਰਾਜੇ, ਮਹਾਰਾਜੇ ਜਾਂ ਮਹਾਨ ਯੋਧੇ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਯੋਗਦਾਨ ਹੈ। ਉਹ ਭਾਵੇਂ ਮਾਂ, ਭੈਣ, ਪਤਨੀ, ਬੇਟੀ ਜਾਂ ਕੋਈ ਪਿਆਰੀ ਸ਼ਖ਼ਸੀਅਤ ਦੇ ਰੂਪ...
ਦੁਨੀਆਂ ਦੇ ਕਿਸੇ ਵੀ ਰਾਜੇ, ਮਹਾਰਾਜੇ ਜਾਂ ਮਹਾਨ ਯੋਧੇ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਯੋਗਦਾਨ ਹੈ। ਉਹ ਭਾਵੇਂ ਮਾਂ, ਭੈਣ, ਪਤਨੀ, ਬੇਟੀ ਜਾਂ ਕੋਈ ਪਿਆਰੀ ਸ਼ਖ਼ਸੀਅਤ ਦੇ ਰੂਪ ਵਿੱਚ ਹੋਵੇ, ਮਰਦ ਦੀ ਕਾਮਯਾਬੀ ਪਿੱਛੇ ਔਰਤ ਦਾ ਯੋਗਦਾਨ ਹਮੇਸ਼ਾ ਹੀ ਰਿਹਾ ਹੈ। ਇੱਥੇ ਅਸੀਂ ਉਸ ਮਹਾਨ ਔਰਤ ਦੀ ਗੱਲ ਕਰ ਰਹੇ ਹਾਂ, ਜੋ ਤਕਰੀਬਨ 22 ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ, ਜਿਸ ਨੇ ਆਪਣੀ ਮਿਸਲ ਦੀ ਵਾਗਡੋਰ ਸੰਭਾਲਦਿਆਂ ਤਲਵਾਰ ਹੱਥ ਵਿੱਚ ਚੁੱਕੀ, ਵੈਰੀਆਂ ਤੋਂ ਗਿਣ-ਗਿਣ ਕੇ ਬਦਲੇ ਲਏ, ਤਕਰੀਬਨ 34 ਸਾਲ ਛੋਟੀਆਂ-ਵੱਡੀਆਂ ਲੜਾਈਆਂ ਲੜੀਆਂ ਅਤੇ ਸਿੰਘਣੀ ਦੇ ਰੂਪ ਵਿੱਚ ਜੀਵਨ ਬਤੀਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਸਥਾਪਤ ਕਰਨ ਲਈ ਦਿਨ-ਰਾਤ ਮਿਹਨਤ ਕਰ ਕੇ ਉਹ ਮਜ਼ਬੂਤ ਥੰਮ੍ਹ ਬਣ ਕੇ ਸਾਹਮਣੇ ਆਈ, ਪਰ ਫਿਰ ਵੀ ਸਿੱਖ ਇਤਿਹਾਸ ’ਚੋਂ ਅੱਖੋਂ-ਪਰੋਖੇ ਹੀ ਰਹੀ। ਇਹ ਔਰਤ ਸੀ ਸਦਾ ਕੌਰ, ਜਿਨ੍ਹਾਂ ਨੂੰ ਰਾਣੀ ਸਦਾ ਕੌਰ ਵੀ ਕਿਹਾ ਜਾਂਦਾ ਸੀ। ਇਹ ਕਨ੍ਹੱਈਆ ਮਿਸਲ ਦੇ ਸਰਦਾਰ ਜੈ ਸਿੰਘ ਕਨ੍ਹੱਈਆ ਦੀ ਨੂੰਹ ਅਤੇ ਸਰਦਾਰ ਗੁਰਬਖ਼ਸ਼ ਸਿੰਘ ਦੀ ਪਤਨੀ ਸੀ।
ਇਤਿਹਾਸ ਗਵਾਹ ਹੈ ਕਿ ਸਿੱਖ ਮਿਸਲਾਂ ਦੇ ਸਰਦਾਰਾਂ ਦੀ ਇਲਾਕੇ ਮੱਲਣ ਕਰ ਕੇ ਕਈ ਵਾਰ ਖ਼ਤਰਨਾਕ ਦੁਸ਼ਮਣੀ ਪੈ ਜਾਂਦੀ ਸੀ। ਇਸੇ ਤਰ੍ਹਾਂ ਜੰਮੂ ’ਤੇ ਕੀਤੇ ਸਾਂਝੇ ਹਮਲੇ ਕਰਕੇ ਕੁਝ ਕਾਰਨਾਂ ਕਰਕੇ ਸਰਦਾਰ ਜੈ ਸਿੰਘ ਦੀ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਨਾਲ ਵਿਗੜ ਗਈ। ਦੂਜਾ, ਜੈ ਸਿੰਘ ਨੇ ਰਾਮਗੜ੍ਹੀਆ ਮਿਸਲ ਦੇ ਕੁਝ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। ਇਸ ਦੁਸ਼ਮਣੀ ਕਰਕੇ ਸਰਦਾਰ ਮਹਾਂ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਪਹਾੜੀ ਰਾਜੇ ਸੰਸਾਰ ਚੰਦ ਕਟੋਚ ਨੂੰ ਨਾਲ ਲੈ ਕੇ 1784 ਈਸਵੀ ਵਿੱਚ ਬਟਾਲੇ ਉੱਤੇ ਹਮਲਾ ਕਰ ਦਿੱਤਾ। ਬਟਾਲੇ ਦੇ ਨੇੜੇ ਅਚੱਲ ਦੇ ਮੈਦਾਨ ਵਿੱਚ ਬਹੁਤ ਭਿਆਨਕ ਲੜਾਈ ਹੋਈ, ਜਿਸ ਵਿੱਚ ਸਰਦਾਰ ਗੁਰਬਖ਼ਸ਼ ਸਿੰਘ ਯੋਧਿਆਂ ਵਾਂਗ ਲੜਦੇ ਹੋਏ ਸ਼ਹੀਦ ਹੋ ਗਏ। ਮਹਾਂ ਸਿੰਘ, ਜੱਸਾ ਸਿੰਘ ਅਤੇ ਰਾਜੇ ਸੰਸਾਰ ਚੰਦ ਨੇ ਕੁਝ ਇਲਾਕਿਆਂ ਉੱਤੇ ਕਬਜ਼ਾ ਵੀ ਕਰ ਲਿਆ।
ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਜੈ ਸਿੰਘ ਬੁੱਢਾ ਹੋ ਗਿਆ ਹੈ, ਹੁਣ ਕਨ੍ਹੱਈਆ ਮਿਸਲ ਤਾਂ ਖ਼ਤਮ ਹੀ ਹੋ ਜਾਵੇਗੀ। ਪਰ ਇਸ ਸ਼ੇਰਨੀ ਨੇ ਜੰਗ ਦੇ ਮੈਦਾਨ ਵਿੱਚ ਹੀ ਆਪਣੇ ਪਤੀ ਦੇ ਲਹੂ ਨਾਲ ਲਿੱਬੜੇ ਸ਼ਸਤਰ ਚੁੱਕ ਕੇ ਮੱਥੇ ਨਾਲ ਲਾਏ ਅਤੇ ਜੈ ਸਿੰਘ ਨੂੰ ਕਿਹਾ, ‘ਪਿਤਾ ਜੀ, ਇਸ ਤੋਂ ਬਾਅਦ ਮਿਸਲ ਦੀ ਵਾਗਡੋਰ ਮੈਂ ਸੰਭਾਲਾਂਗੀ, ਤੁਸੀਂ ਫ਼ਿਕਰ ਨਾ ਕਰਨਾ।’ ਸਦਾ ਕੌਰ ਦੀ ਉਸ ਵੇਲੇ ਉਮਰ ਤਕਰੀਬਨ 22 ਸਾਲ ਦੀ ਸੀ। ਉਨ੍ਹਾਂ ਨੇ ਫ਼ੌਜ ਦੀ ਹੋਰ ਭਰਤੀ ਕਰਕੇ ਮਿਸਲ ਦੀ ਤਾਕਤ ਵਧਾਈ ਅਤੇ ਸਭ ਤੋਂ ਪਹਿਲਾਂ ਹਮਲਾ ਪਹਾੜੀ ਰਾਜੇ ਸੰਸਾਰ ਚੰਦ ਉੱਤੇ ਕਰਕੇ ਉਸ ਨੂੰ ਹਰਾਇਆ ਅਤੇ ਆਪਣੇ ਇਲਾਕੇ ਵਾਪਸ ਲਏ। ਆਪਣੇ ਸਹੁਰੇ ਜੈ ਸਿੰਘ ਦੇ ਕਹਿਣ ਉੱਤੇ ਸਦਾ ਕੌਰ ਨੇ ਆਪਣੀ ਇਕਲੌਤੀ ਧੀ ਮਹਿਤਾਬ ਕੌਰ ਦੀ ਮੰਗਣੀ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ ਅਤੇ ਆਪਣੇ ਪਤੀ ਦੀ ਮੌਤ ਵਾਲੀ ਦੁਸ਼ਮਣੀ ਭੁਲਾ ਦਿੱਤੀ।
ਸਦਾ ਕੌਰ ਨੇ ਆਪਣੀ ਮਿਸਲ ਦੀ ਤਾਕਤ ਵਧਾ ਕੇ ਆਪਣੇ ਇਲਾਕੇ ਦਾ ਵਿਸਥਾਰ ਕੀਤਾ। ਸਮਾਂ ਬੜਾ ਬਲਵਾਨ ਹੈ, ਇਹ ਵਾਰ-ਵਾਰ ਕਰਵਟ ਬਦਲਦਾ ਹੈ। ਉੱਧਰ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਮਹਾਂ ਸਿੰਘ ਜਵਾਨ ਉਮਰ ਵਿੱਚ ਹੀ ਬੜੀ ਭਿਆਨਕ ਬਿਮਾਰੀ ਨਾਲ ਮੰਜੇ ਉੱਤੇ ਪੈ ਗਿਆ। ਸਰਦਾਰ ਗੁਰਬਖ਼ਸ਼ ਸਿੰਘ ਕਨ੍ਹੱਈਆ ਦੀ ਬੇਵਕਤੀ ਮੌਤ ਦਾ ਦੁੱਖ ਉਸ ਨੂੰ ਅੰਦਰੋਂ-ਅੰਦਰੀਂ ਮਹਿਸੂਸ ਹੋ ਰਿਹਾ ਸੀ; ਕਿਤੇ ਨਾ ਕਿਤੇ ਉਸ ਨੂੰ ਲੱਗਦਾ ਸੀ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਮੈਂ ਹੀ ਹਾਂ। ਇਹ ਬੋਝ ਸਿਰ ਤੋਂ ਲਾਹੁਣ ਲਈ ਉਸ ਨੇ ਬਟਾਲੇ ਸੁਨੇਹਾ ਭੇਜਿਆ ਕਿ ਉਹ ਸਦਾ ਕੌਰ ਨੂੰ ਮਿਲਣਾ ਚਾਹੁੰਦਾ ਹੈ। ਸਦਾ ਕੌਰ ਅਗਲੇ ਦਿਨ ਹੀ ਆ ਗਈ। ਮਹਾਂ ਸਿੰਘ ਬਹੁਤ ਮਾੜੀ ਹਾਲਤ ਵਿੱਚ ਸੀ। ਉਸ ਨੇ ਪਹਿਲਾਂ ਤਾਂ ਗੁਰਬਖ਼ਸ਼ ਸਿੰਘ ਦੀ ਮੌਤ ਬਾਰੇ ਗੱਲ ਕਰਦਿਆਂ ਕਿਹਾ, ‘ਭੈਣ ਜੀ! ਜੋ ਜੰਗ ਦੇ ਮੈਦਾਨ ਵਿੱਚ ਹੋ ਗਿਆ, ਉਸ ਨੂੰ ਗੁਰੂ ਦਾ ਭਾਣਾ ਮੰਨ ਕੇ ਮੁਆਫ਼ ਕਰਨਾ’ ਅਤੇ ਬਾਲਕ ਰਣਜੀਤ ਸਿੰਘ ਦੀ ਬਾਂਹ ਫੜਾਉਂਦਿਆਂ ਕਿਹਾ, ‘ਅੱਜ ਤੋਂ ਬਾਅਦ ਧਰਮ ਦੀ ਮਾਂ ਬਣ ਕੇ ਤੁਸੀਂ ਇਸ ਦੀ ਰਾਖੀ ਕਰਨੀ ਹੈ। ਤੁਸੀਂ ਹੁਣ ਇੱਕ ਨਹੀਂ, ਸਗੋਂ ਦੋ ਮਿਸਲਾਂ ਦੀ ਜ਼ਿੰਮੇਵਾਰੀ ਸੰਭਾਲਣੀ ਹੈ।’ ਧਰਮ, ਦਇਆ, ਬਹਾਦਰੀ, ਨਿਰਭੈਤਾ ਅਤੇ ਸੱਚ ਦੀ ਮੂਰਤ ਸਦਾ ਕੌਰ ਨੇ ਰਣਜੀਤ ਸਿੰਘ ਦੇ ਸਿਰ ਉੱਤੇ ਹੱਥ ਰੱਖਿਆ ਤੇ ਉਸ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਿਆ। ਦੁਨੀਆ ਵਿੱਚ ਅਜਿਹੀਆਂ ਔਰਤਾਂ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ, ਜੋ ਚੜ੍ਹਦੀ ਜਵਾਨੀ ਵਿੱਚ ਵਿਧਵਾ ਹੋ ਕੇ ਆਪਣੇ ਪਤੀ ਦੇ ਕਾਤਲਾਂ ਨੂੰ ਮਾਫ਼ ਕਰ ਦੇਣ। ਸਦਾ ਕੌਰ ਨੇ ਜਵਾਈ ਨੂੰ ਪੁੱਤਰ ਸਮਝ ਕੇ ਉਸ ਨੂੰ ਜੱਗ ਵਿੱਚ ਮਹਾਰਾਜਾ ਬਣਾਉਣ ਲਈ ਆਪਣੀ ਪੂਰੀ ਉਮਰ ਲਾ ਦਿੱਤੀ। ਉਨ੍ਹਾਂ ਨੇ ਨਾ ਦਿਨ ਵੇਖਿਆ ਤੇ ਨਾ ਰਾਤ। ਉਨ੍ਹਾਂ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਲਈ ਨਿੱਕੇ-ਨਿੱਕੇ ਜਾਗੀਰਦਾਰਾਂ ਅਤੇ ਮਿਸਲਾਂ ਨੂੰ ਜਿੱਤ ਕੇ ਇੱਕ ਤਕੜਾ ਸਿੱਖ ਰਾਜ ਬਣਾਉਣ ਲਈ ਆਪਣੀ ਉਮਰ ਦੇ 34 ਸਾਲ ਇਸੇ ਲੇਖੇ ਹੀ ਲਾ ਦਿੱਤੇ। ਇੰਨੇ ਸਮੇਂ ਵਿੱਚ ਛੋਟੀਆਂ-ਵੱਡੀਆਂ 33 ਲੜਾਈਆਂ ਲੜ ਕੇ ਰਣਜੀਤ ਸਿੰਘ ਨੂੰ ਬਹੁਤ ਵੱਡੇ ਰਾਜ ਦਾ ਰਾਜਾ ਬਣਾ ਦਿੱਤਾ। ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਤੱਕ ਸਦਾ ਕੌਰ ਨੇ ਇੱਕ ਮਜ਼ਬੂਤ ਮਹਿਲ ਉਸਾਰ ਦਿੱਤਾ ਸੀ। ਇਸ ਸਮੇਂ ਤੱਕ ਰਣਜੀਤ ਸਿੰਘ ਲਈ ਦੋ ਮਾਵਾਂ ਦਾ ਭਰਪੂਰ ਯੋਗਦਾਨ ਰਿਹਾ। ਇੱਕ ਤਾਂ ਅਸਲੀ ਮਾਂ ਰਾਜ ਕੌਰ (ਪੁੱਤਰੀ ਰਾਜਾ ਗਜਪਤ ਸਿੰਘ ਜੀਂਦ) ਤੇ ਦੂਜੀ ਧਰਮ ਦੀ ਮਾਂ ਸਦਾ ਕੌਰ ਦਾ।
ਸਦਾ ਕੌਰ ਦੀ ਇਕਲੌਤੀ ਧੀ ਮਹਿਤਾਬ ਕੌਰ ਦਾ ਵਿਆਹ ਰਣਜੀਤ ਸਿੰਘ ਨਾਲ 1796 ਈਸਵੀ ਵਿੱਚ ਹੋਇਆ। ਇਹ ਰਣਜੀਤ ਸਿੰਘ ਦਾ ਦੂਜਾ ਵਿਆਹ ਸੀ। ਮਹਿਤਾਬ ਕੌਰ ਦੀ ਕੁੱਖੋਂ ਦੋ ਜੌੜੇ ਪੁੱਤਰਾਂ ਸ਼ੇਰ ਸਿੰਘ ਅਤੇ ਤਾਰਾ ਸਿੰਘ ਨੇ 1809 ਈਸਵੀ ਵਿੱਚ ਜਨਮ ਲਿਆ। ਸ਼ਹਿਜ਼ਾਦਾ ਖੜਕ ਸਿੰਘ ਦਾ ਜਨਮ 1802 ਈਸਵੀ ਵਿੱਚ ਹੋਇਆ। ਸਦਾ ਕੌਰ ਚਾਹੁੰਦੀ ਸੀ ਕਿ ਉਸ ਨੇ ਸਿੱਖ ਰਾਜ ਕਾਇਮ ਕਰਨ ਵਿੱਚ ਸਾਰੀ ਉਮਰ ਲਗਾ ਦਿੱਤੀ ਹੈ, ਇਸ ਲਈ ਮਹਾਰਾਜਾ ਰਣਜੀਤ ਸਿੰਘ ਵਲੀ ਅਹਿਦ (ਗੱਦੀ ਦਾ ਵਾਰਿਸ) ਸ਼ੇਰ ਸਿੰਘ ਨੂੰ ਬਣਾਵੇ ਕਿਉਂਕਿ ਸ਼ੇਰ ਸਿੰਘ ਬਹੁਤ ਸੂਝਵਾਨ ਅਤੇ ਤਕੜਾ ਜਵਾਨ ਯੋਧਾ ਸੀ। ਪਰ ਜੇਠਾ ਪੁੱਤਰ ਹੋਣ ਕਰਕੇ ਕਾਨੂੰਨੀ ਤੌਰ ਉੱਤੇ ਖੜਕ ਸਿੰਘ ਨੂੰ 1816 ਵਿੱਚ ਵਲੀ ਅਹਿਦ ਬਣਾ ਦਿੱਤਾ ਗਿਆ, ਜਿਸ ਕਰਕੇ ਸਦਾ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਥੋੜ੍ਹੀ ਜਿਹੀ ਵਿਗੜ ਗਈ। ਉਹ ਸ਼ੇਰ ਸਿੰਘ ਅਤੇ ਤਾਰਾ ਸਿੰਘ ਨੂੰ ਲੈ ਕੇ ਬਟਾਲੇ ਚਲੇ ਗਏ।
ਜਿਸ ਪੰਛੀ ਨੇ ਤੀਲਾ-ਤੀਲਾ ਕਰਕੇ ਆਲ੍ਹਣਾ ਬਣਾਇਆ ਹੋਵੇ, ਉਹ ਉਸ ਨੂੰ ਖਿੱਲਰਦਿਆਂ ਨਹੀਂ ਦੇਖ ਸਕਦਾ। ਇਹੀ ਹਾਲਤ ਸਦਾ ਕੌਰ ਦੀ ਸੀ। ਡੋਗਰੇ ਭਰਾਵਾਂ ਧਿਆਨ ਸਿੰਘ ਅਤੇ ਗੁਲਾਬ ਸਿੰਘ ਨੇ ਰਣਜੀਤ ਸਿੰਘ ਨੂੰ ਇੰਨਾ ਭਰੋਸੇ ਵਿੱਚ ਲੈ ਲਿਆ ਸੀ ਕਿ ਉਹ ਕਿਸੇ ਦੀ ਪਰਵਾਹ ਕਰਨੋਂ ਹਟ ਗਿਆ। ਸਿੱਖ ਰਾਜ ਦੇ ਹੋਰ ਹਿਤੈਸ਼ੀ ਸਰਦਾਰਾਂ ਵਾਂਗ ਸਦਾ ਕੌਰ ਵੀ ਰਣਜੀਤ ਸਿੰਘ ਨੂੰ ਵਰਜਦੀ ਅਤੇ ਕਹਿੰਦੀ ਕਿ ਇਹ ਤੇਰਾ ਰਾਜ ਖ਼ਤਮ ਕਰਨ ਉੱਤੇ ਤੁਲੇ ਹੋਏ ਹਨ, ਇਨ੍ਹਾਂ ਉੱਤੇ ਯਕੀਨ ਨਾ ਕਰ। ਉਹ ਬਟਾਲੇ ਨੂੰ ਜਾਣ ਲੱਗੀ ਵੀ ਇਹੀ ਕਹਿ ਕੇ ਗਈ ਕਿ ਅਸੀਂ ਤੇਰੇ ਰਾਜ ਵਿੱਚ ਦਖ਼ਲ ਨਹੀਂ ਦਿੰਦੇ ਪਰ ਇਨ੍ਹਾਂ ਤੋਂ ਬਚੀਂ। ਆਪਣੀ ਨਾਨੀ ਦੀ ਹੋਈ ਬੇਇੱਜ਼ਤੀ ਕਰਕੇ ਸ਼ੇਰ ਸਿੰਘ ਦੀ ਆਪਣੇ ਪਿਤਾ ਰਣਜੀਤ ਸਿੰਘ ਨਾਲ ਸਾਰੀ ਉਮਰ ਹੀ ਨਹੀਂ ਬਣੀ। ਉਸ ਨੇ ਕਈ ਵਾਰ ਬਗਾਵਤੀ ਰੂਪ ਧਾਰਨ ਕੀਤਾ, ਪਰ ਸਦਾ ਕੌਰ ਨੇ ਰੋਕ ਦਿੱਤਾ।
ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਨੂੰ ਕਿਹਾ, ‘ਤੁਹਾਡਾ ਕੋਈ ਕਾਨੂੰਨੀ ਵਾਰਿਸ ਨਹੀਂ ਹੈ, ਇਸ ਕਰਕੇ ਆਪਣੀ ਮਿਸਲ ਦੀ ਜਾਇਦਾਦ ਆਪਣੇ ਦੋਹਤਿਆਂ ਸ਼ੇਰ ਸਿੰਘ ਅਤੇ ਤਾਰਾ ਸਿੰਘ ਨੂੰ ਜਗੀਰ ਦੇ ਰੂਪ ਵਿੱਚ ਦੇ ਦਿਓ, ਕਿਉਂਕਿ ਤੁਹਾਡਾ ਕੋਈ ਪੁੱਤ ਨਹੀਂ ਹੈ।’ ਉਸ ਸਮੇਂ ਇਹ ਗੱਲ ਸੁਣਦਿਆਂ ਸਦਾ ਕੌਰ ਦੀਆਂ ਧਾਹਾਂ ਨਿਕਲ ਗਈਆਂ। ਉਨ੍ਹਾਂ ਨੇ ਰੋਂਦਿਆਂ ਕਿਹਾ, ‘ਰਣਜੀਤ ਸਿੰਘ, ਮੈਂ ਚਾਲੀ ਸਾਲਾਂ ਤੋਂ ਤੈਨੂੰ ਐਵੇਂ ਪੁੱਤ ਸਮਝੀ ਬੈਠੀ ਹਾਂ, ਜੇ ਤੂੰ ਅੱਜ ਮੈਨੂੰ ਨਿਪੁੱਤੀ ਹੀ ਕਹਿਣਾ ਸੀ। ਮੈਨੂੰ ਅੱਜ ਪਤਾ ਲੱਗਾ ਕਿ ਆਪਣੇ ਅਤੇ ਬੇਗਾਨੇ ਪੁੱਤਾਂ ਵਿੱਚ ਕੀ ਫ਼ਰਕ ਹੁੰਦਾ ਹੈ।’ ਇੰਨਾ ਕਹਿ ਕੇ ਉਹ ਲਾਹੌਰ ਤੋਂ ਬਟਾਲੇ ਨੂੰ ਜਾਣ ਲੱਗੀ ਅਤੇ ਅੰਗਰੇਜ਼ੀ ਰਾਜ ਵਿੱਚ ਚਲੇ ਜਾਣ ਦੀ ਧਮਕੀ ਦੇ ਗਈ। ਡੋਗਰਿਆਂ ਦੇ ਕਹਿਣ ਉੱਤੇ ਉਨ੍ਹਾਂ ਨੂੰ ਰਸਤੇ ਵਿੱਚੋਂ ਹੀ ਗ੍ਰਿਫ਼ਤਾਰ ਕਰਕੇ ਲਾਹੌਰ ਵਿੱਚ ਕੈਦ ਵਿੱਚ ਡੱਕ ਦਿੱਤਾ ਗਿਆ। ਆਪਸੀ ਘਰੇਲੂ ਲੜਾਈ ਦਾ ਪਤਾ ਲੱਗਣ ਉੱਤੇ ਅੰਗਰੇਜ਼ੀ ਸਰਕਾਰ ਦੇ ਏਜੰਟ ਨੇ ਐਲਾਨ ਕਰ ਦਿੱਤਾ ਕਿ ‘ਰਾਣੀ ਸਦਾ ਕੌਰ ਮਿਸਲ ਦੀ ਖ਼ੁਦਮੁਖ਼ਤਿਆਰ ਆਗੂ ਹੈ।’ ਇੰਨਾ ਪਤਾ ਲੱਗਦਿਆਂ ਹੀ ਰਾਣੀ ਸਦਾ ਕੌਰ ਦੀ ਨਜ਼ਰਬੰਦੀ ਵਧਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਲਾਹੌਰੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ। ਅੰਤਲੇ ਦਿਨਾਂ ਵਿੱਚ ਬਿਮਾਰੀ ਦੀ ਹਾਲਤ ਵਿੱਚ ਰਾਣੀ ਸਦਾ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਲਈ ਸੁਨੇਹਾ ਭੇਜਿਆ। ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਕੀਤੇ ਉੱਤੇ ਪਛਤਾਵਾ ਹੋਇਆ ਅਤੇ ਉਹ ਝੱਟ-ਪੱਟ ਹੀ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ। ਉਸ ਸਮੇਂ ਉਸ ਦੇ ਨਾਲ ਸ਼ੇਰ ਸਿੰਘ, ਤਾਰਾ ਸਿੰਘ ਅਤੇ ਪੋਤਰਾ ਕੰਵਰ ਨੌਨਿਹਾਲ ਸਿੰਘ ਵੀ ਸਨ। ਰਣਜੀਤ ਸਿੰਘ ਨੇ ਆਉਂਦਿਆਂ ਹੀ ਮਾਂ ਕਹਿ ਕੇ ਪੁਕਾਰਿਆ ਤੇ ਦੋਹਾਂ ਦੀਆਂ ਭੁੱਬਾਂ ਨਿਕਲ ਗਈਆਂ। ਰਣਜੀਤ ਸਿੰਘ ਨੇ ਕਿਹਾ ਕਿ ‘ਮਾਂ! ਮੈਥੋਂ ਬਹੁਤ ਵੱਡੀ ਗ਼ਲਤੀ ਹੋ ਗਈ ਕਿ ਮੈਂ ਤੁਹਾਡਾ ਨਿਰਾਦਰ ਕਰ ਬੈਠਾ।’ ਰਾਣੀ ਸਦਾ ਕੌਰ ਨੇ ਕਿਹਾ, ‘ਪੁੱਤਰਾ! ਪੁੱਤ ਤਾਂ ਕੁਪੁੱਤ ਹੋ ਸਕਦੇ ਨੇ ਪਰ ਮਾਪੇ ਕਦੇ ਕਮਾਪੇ ਨਹੀਂ ਹੁੰਦੇ। ਅੱਜ ਤੂੰ ਆਪਣੀ ਗ਼ਲਤੀ ਉੱਤੇ ਪਛਤਾਵਾ ਕੀਤਾ ਹੈ, ਮੈਨੂੰ ਹੁਣ ਕੋਈ ਦੁੱਖ ਨਹੀਂ। ਮੈਂ ਅੱਜ ਤੈਨੂੰ ਫਿਰ ਕਹਿੰਦੀ ਹਾਂ ਕਿ ਜੇਕਰ ਰਾਜ ਕਰਨਾ ਹੈ ਤਾਂ ਆਪਣੇ ਪੁੱਤਰਾਂ ਨੂੰ ਅੱਗੇ ਰੱਖ ਅਤੇ ਡੋਗਰਿਆਂ ਉੱਤੇ ਭਰੋਸਾ ਕਰਨਾ ਛੱਡ ਦੇ, ਉਨ੍ਹਾਂ ਦੀਆਂ ਕੁੜੀਆਂ ਵਿਆਹੁਣੀਆਂ ਛੱਡ ਦੇ ਅਤੇ ਅੰਗਰੇਜ਼ੀ ਅਫ਼ਸਰ ਭਰਤੀ ਨਾ ਕਰੀਂ। ਇਹ ਤੈਨੂੰ ਅਖ਼ੀਰ ਧੋਖਾ ਦੇਣਗੇ, ਅਖ਼ੀਰ ਆਪਣੇ ਹੀ ਕੰਮ ਆਉਣਗੇ।’ ਅਖ਼ੀਰ ਵਿੱਚ ਇਹ ਗੱਲਾਂ ਸੱਚ ਹੋਈਆਂ। ਇੰਨੀਆਂ ਗੱਲਾਂ ਤੋਂ ਬਾਅਦ ਰਾਣੀ ਸਦਾ ਕੌਰ ਦੀ ਹਾਲਤ ਵਿਗੜ ਗਈ ਅਤੇ ਉਹ ਮਹਾਨ ਔਰਤ ਆਪਣੇ ਹੱਥੀਂ ਉਸਾਰੇ ਹੋਏ ਰਾਜ ਵਿੱਚ, ਆਪਣੇ ਮੂੰਹ-ਬੋਲੇ ਪੁੱਤਰ ਹੱਥੋਂ ਹੋਈ ਦੁਰਦਸ਼ਾ ਦੀ ਚੀਸ ਸੀਨੇ ਵਿੱਚ ਲੈ ਕੇ 1832 ਈਸਵੀ ਦੇ ਅਖੀਰਲੇ ਦਿਨਾਂ ਵਿੱਚ ਅੰਮ੍ਰਿਤਸਰ ਵਿੱਚ ਹੀ ਇਸ ਜਹਾਨੋਂ ਕੂਚ ਕਰ ਗਏ। ਜਿੱਥੇ ਵੀ ਕਿਤੇ ਸਿੱਖ ਰਾਜ ਦੀ ਗੱਲ ਹੋਵੇਗੀ, ਰਾਣੀ ਸਦਾ ਕੌਰ ਦੇ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਵੀ ਜ਼ਰੂਰ ਹੋਵੇਗਾ।
ਸੰਪਰਕ: 97819-25629

