DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਨਿਰਸਵਾਰਥ ਸੇਵਾ ਦਾ ਕੇਂਦਰ ਪਿੰਗਲਵਾੜਾ

ਪਿੰਗਲਵਾੜਾ ਬੇਸਹਾਰਾ, ਬੀਮਾਰ ਅਤੇ ਸਰੀਰਕ ਪੱਖੋਂ ਅਸਮਰੱਥ ਲੋਕਾਂ ਦੀ ਬਿਨਾਂ ਕਿਸੇ ਸੁਆਰਥ ਤੋਂ ਸੇਵਾ-ਸੰਭਾਲ ਅਤੇ ਇਲਾਜ ਕਰਨ ਵਾਲੀ ਥਾਂ ਹੈ। ਮਨੁੱਖੀ ਹਮਦਰਦੀ ਦੀ ਮਿਸਾਲ ਇਹ ਪਿੰਗਲਵਾੜਾ ਅੰਮ੍ਰਿਤਸਰ ਦੇ ਕੇਂਦਰੀ ਬੱਸ ਅੱਡੇ ਦੇ ਸਾਹਮਣੇ ਤਹਿਸੀਲਪੁਰਾ ਇਲਾਕੇ ਵਿੱਚ ਮੌਜੂਦ ਹੈ। ਇਸ ਦੇ...

  • fb
  • twitter
  • whatsapp
  • whatsapp
Advertisement

ਪਿੰਗਲਵਾੜਾ ਬੇਸਹਾਰਾ, ਬੀਮਾਰ ਅਤੇ ਸਰੀਰਕ ਪੱਖੋਂ ਅਸਮਰੱਥ ਲੋਕਾਂ ਦੀ ਬਿਨਾਂ ਕਿਸੇ ਸੁਆਰਥ ਤੋਂ ਸੇਵਾ-ਸੰਭਾਲ ਅਤੇ ਇਲਾਜ ਕਰਨ ਵਾਲੀ ਥਾਂ ਹੈ। ਮਨੁੱਖੀ ਹਮਦਰਦੀ ਦੀ ਮਿਸਾਲ ਇਹ ਪਿੰਗਲਵਾੜਾ ਅੰਮ੍ਰਿਤਸਰ ਦੇ ਕੇਂਦਰੀ ਬੱਸ ਅੱਡੇ ਦੇ ਸਾਹਮਣੇ ਤਹਿਸੀਲਪੁਰਾ ਇਲਾਕੇ ਵਿੱਚ ਮੌਜੂਦ ਹੈ। ਇਸ ਦੇ ਬਾਨੀ ਭਗਤ ਪੂਰਨ ਸਿੰਘ ਜੀ ਸਨ। ਪਿੰਗਲਵਾੜਾ ਦੀ ਸ਼ੁਰੂਆਤ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਡਿਓੜੀ ਤੋਂ ਹੋਈ ਜਦੋਂ ਸੰਨ 1934 ਦੌਰਾਨ ਅੰਮ੍ਰਿਤ ਵੇਲੇ ਹੀ ਗੁਰਦੁਆਰੇ ਦੇ ਗ੍ਰੰਥੀ ਨੇ ਚਾਰ ਕੁ ਸਾਲਾਂ ਦੇ ਪੇਟ ਦੀ ਬਿਮਾਰੀ ਤੋਂ ਪੀੜਤ, ਮਲ-ਮੂਤਰ ਨਾਲ ਲਿੱਬੜੇ ਅਤੇ ਸਰੀਰਕ ਪੱਖੋਂ ਅਸਮਰੱਥ ਬਾਲਕ ਨੂੰ ਪਾਲਣ-ਪੋਸ਼ਣ ਕਰਨ ਲਈ ਭਗਤ ਪੂਰਨ ਸਿੰਘ ਜੀ ਦੇ ਹਵਾਲੇ ਕਰ ਦਿੱਤਾ। ਉਸ ਬਾਲਕ ਨੂੰ ਉਸ ਦੇ ਮਾਂ-ਬਾਪ ਮੂੰਹ ਹਨੇਰੇ ਹੀ ਗੁਰੂ ਆਸਰੇ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਡਿਓੜੀ ਵਿੱਚ ਛੱਡ ਗਏ ਸਨ। ਦਰਅਸਲ ਗ੍ਰੰਥੀ ਜੀ ਭਗਤ ਪੂਰਨ ਸਿੰਘ ਦੀ ਮਨੁੱਖਤਾ ਅਤੇ ਪੰਛੀਆਂ-ਪਖੇਰੂਆਂ ਪ੍ਰਤੀ ਸੇਵਾ ਭਾਵਨਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਭਗਤ ਜੀ ਨੇ ਬਿਨਾਂ ਕੋਈ ਘਿਣ ਕੀਤਿਆਂ ਬਾਲਕ ਦੀ ਸਾਫ਼-ਸਫ਼ਾਈ ਕੀਤੀ, ਸਾਫ਼ ਕੱਪੜਿਆਂ ਦਾ ਪ੍ਰਬੰਧ ਕਰਕੇ ਨਿੱਘ ਦਿੱਤਾ ਅਤੇ ਉਸ ਦਾ ਦਵਾ-ਦਾਰੂ ਕਰਕੇ ਉਸ ਨੂੰ ਨਿਰੋਗ ਕਰ ਦਿੱਤਾ। ਉਨ੍ਹੀਂ ਦਿਨੀਂ ਭਗਤ ਪੂਰਨ ਸਿੰਘ ਗੁਰਦੁਆਰਾ ਡੇਰਾ ਸਾਹਿਬ ਦੇ ਲੰਗਰ ਵਿੱਚ ਸੇਵਾ ਕਰਦੇ ਸਨ। ਬਾਲਣ ਲਈ ਲੱਕੜਾਂ ਪਾੜਨੀਆਂ, ਲੋਹ ਥੱਲੇ ਅੱਗ ਡਾਹੁਣੀ, ਪੰਗਤ ਲਈ ਟਾਟ ਵਿਛਾਉਣੇ, ਲੰਗਰ ਵਰਤਾਉਣਾ, ਨਿਰਮਲ ਜਲ ਦੀ ਸੇਵਾ ਕਰਨੀ ਅਤੇ ਜੂਠੇ ਭਾਂਡਿਆਂ ਨੂੰ ਸਾਫ਼ ਕਰਨਾ ਉਨ੍ਹਾਂ ਦਾ ਨਿੱਤਨੇਮ ਸੀ। ਅੰਮ੍ਰਿਤ ਵੇਲੇ ਤੋਂ ਪਹਿਰ ਰਾਤ ਤਕ ਸੇਵਾ ਕਰਦੇ ਹੋਏ ਨਾ ਉਹ ਅੱਕਦੇ ਅਤੇ ਨਾ ਹੀ ਥੱਕਦੇ। ਗੁਰਦੁਆਰੇ ਦੇ ਪ੍ਰਬੰਧਕ, ਗ੍ਰੰਥੀ ਸਾਹਿਬਾਨ ਅਤੇ ਹੋਰ ਸੇਵਾਦਾਰ ਉਨ੍ਹਾਂ ਦੀ ਅਣਥੱਕ ਸੇਵਾ ਦੀ ਦਿਲੋਂ ਕਦਰ ਕਰਦੇ ਸਨ। ਦਰਅਸਲ ਭਗਤ ਪੂਰਨ ਸਿੰਘ ਦੇ ਮਨ ਵਿੱਚ ਲੋਕ-ਭਲਾਈ ਦੀ ਸੇਵਾ ਭਾਵਨਾ ਦਾ ਸੰਚਾਰ ਉਨ੍ਹਾਂ ਦੀ ਮਾਤਾ ਮਹਿਤਾਬ ਕੌਰ ਨੇ ਅਮਲੀ ਰੂਪ ਵਿੱਚ ਕਰ ਦਿੱਤਾ ਸੀ। ਤੁਰਨ-ਫ਼ਿਰਨ ਪੱਖੋਂ ਅਪਾਹਜ ਬਾਲਕ ਨੂੰ ਭਗਤ ਜੀ ਕਦੇ ਕੁੱਛੜ ਚੁੱਕੀ ਰੱਖਦੇ ਤੇ ਲਾਡ ਨਾਲ ਉਸ ਦਾ ਨਾਮ ਪਿਆਰਾ ਸਿੰਘ ਰੱਖ ਦਿੱਤਾ। ਭਗਤ ਜੀ ਉਸ ਦਾ ਖਿਆਲ ਮਾਂ ਤੋਂ ਵੀ ਵੱਧ ਰੱਖਦੇ।

ਸੰਨ ਸੰਤਾਲੀ ਦੇ ਰੌਲਿਆਂ ਵੇਲੇ ਲੋਕਾਂ ਨੇ ਆਪਣੇ ਗੱਡਿਆਂ, ਘੋੜੀਆਂ ਅਤੇ ਊਠਾਂ ’ਤੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਦੇ ਕਾਗਜ਼ਾਤ, ਗਹਿਣੇ, ਕੱਪੜੇ ਅਤੇ ਹੋਰ ਨਿੱਕ-ਸੁੱਕ ਲੱਦ ਕੇ ਵਾਘੇ ਵਾਲੀ ਲੀਕ ਪਾਰ ਕੀਤੀ, ਪਰ ਭਗਤ ਪੂਰਨ ਸਿੰਘ ਦੇ ਮੋਢਿਆਂ ਉੱਤੇ ਵਾਘਾ ਪਾਰ ਲੰਘਣ ਵੇਲੇ ਸਿਰਫ਼ ‘ਪਿਆਰਾ’ ਹੀ ਸੀ। ਪਿਆਰੇ ਨੂੰ ਗਲ਼ ਨਾਲ ਲਾਈ ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਣਾਏ ਸ਼ਰਨਾਰਥੀ ਕੈਂਪ ਵਿੱਚ ਸ਼ਰਨ ਲਈ। ਇੱਥੇ ਵੀ ਭਗਤ ਜੀ ਬਿਮਾਰ ਸ਼ਰਨਾਰਥੀਆਂ ਦੇ ਦਵਾ-ਦਾਰੂ ਦਾ ਪ੍ਰਬੰਧ ਮੰਗ ਕੇ ਕਰਦੇ ਅਤੇ ਕਈਆਂ ਜ਼ਖਮੀਆਂ ਦੇ ਜ਼ਖਮਾਂ ਅਤੇ ਫੋੜਿਆਂ ’ਤੇ ਮਲ੍ਹਮ-ਪੱਟੀ ਕਰਦੇ। ਜਦੋਂ ਕੈਂਪ ਨੂੰ ਚੁਕਵਾ ਦਿੱਤਾ ਗਿਆ ਤਾਂ ਉਸ ਵੇਲੇ ਭਗਤ ਪੂਰਨ ਸਿੰਘ ਜੀ ਅੱਠ ਅਨਾਥ ਅਤੇ ਬੇਸਹਾਰਾ ਰੋਗੀਆਂ ਦੀ ਸੇਵਾ-ਸੰਭਾਲ ਕਰ ਰਹੇ ਸਨ। ਹੁਣ ਬੇਸਹਾਰਾ ਕਹਿ ਲਓ ਜਾਂ ਬੇਘਰੀ ਦੀ ਹਾਲਤ ਵਿੱਚ, ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਸ਼ੰਭੂ ਨਾਥ ਦੀ ਸਲਫਿਊਰਿਕ ਐਸਿਡ ਫੈਕਟਰੀ ਦੇ ਬਾਹਰਲੇ ਸ਼ੈੱਡ ਥੱਲੇ ਠੰਢ-ਗਰਮੀ ਦਾ ਡੇਢ ਕੁ ਸਾਲ ਬਤੀਤ ਕੀਤਾ। ਸਾਧਨਾਂ ਦੀ ਘਾਟ ਕਾਰਨ ਭਗਤ ਜੀ ਰੋਗੀਆਂ ਲਈ ਪ੍ਰਸ਼ਾਦੇ ਅਤੇ ਕੱਪੜੇ ਸ਼ਹਿਰ ਵਾਸੀਆਂ ਕੋਲੋਂ ਮੰਗ ਕੇ ਲਿਆਉਂਦੇ। ਕਈ ਵਾਰ ਉਨ੍ਹਾਂ ਨੂੰ ਕੁਝ ਲੋਕਾਂ ਦੇ ਕੌੜੇ-ਫਿੱਕੇ ਬੋਲ ਵੀ ਸੁਣਨੇ ਪੈਂਦੇ, ਪਰ ਭਗਤ ਜੀ ਦੀ ਸੋਚ ਅਜਿਹੀ ਨਿੰਦਿਆ-ਚੁਗਲੀ ਤੋਂ ਬਹੁਤ ਉੱਪਰ ਉੱਠ ਚੁੱਕੀ ਸੀ। ਉਹ ਅਕਾਲ ਪੁਰਖ ਦੀ ਹਰ ਰਜ਼ਾ ਵਿੱਚ ਰਾਜ਼ੀ ਅਤੇ ਸਹਿਜ ਵਿੱਚ ਹੀ ਰਹਿੰਦੇ ਸਨ। ਇੱਥੋਂ ਫਿਰ ਉਨ੍ਹਾਂ ਨੇ ਕੁਝ ਸਮਾਂ ਚੀਫ਼ ਖ਼ਾਲਸਾ ਦੀਵਾਨ ਦੇ ਬਾਹਰ ਅਤੇ ਕੁਝ ਮਹੀਨੇ ਰੇਲਵੇ ਸਟੇਸ਼ਨ ਦੇ ਬਾਹਰ ਪਿੱਪਲ ਥੱਲੇ ਫੁੱਟਪਾਥ ’ਤੇ ਗੁਜ਼ਾਰੇ।

Advertisement

ਰੇਲਵੇ ਸਟੇਸ਼ਨ ਦੇ ਬਾਹਰ ਜਦੋਂ ਕੋਈ ਰੋਟੀ-ਪਾਣੀ ਦਾ ਸਾਧਨ ਨਾ ਬਣਦਾ ਤਾਂ ਭੁੱਖਿਆਂ ਦਾ ਢਿੱਡ ਭਰਨ ਲਈ ਨਰਮਦਿਲ ਅਤੇ ਮਨੁੱਖੀ ਹਮਦਰਦੀ ਰੱਖਦੇ ਪ੍ਰੀਤਮ ਢਾਬੇ ਦੇ ਮਾਲਕ ਉਨ੍ਹਾਂ ਦੀ ਦਾਲ-ਪ੍ਰਸ਼ਾਦਿਆਂ ਨਾਲ ਸੇਵਾ ਕਰਕੇ ਮੌਨ ਅਸੀਸਾਂ ਨਾਲ ਨਿਹਾਲ ਹੁੰਦੇ। ਇਸ ਥਾਂ ’ਤੇ ਕੁਝ ਸਮਾਂ ਗੁਜ਼ਰ-ਬਸਰ ਕਰਨ ਉਪਰੰਤ ਭਗਤ ਪੂਰਨ ਸਿੰਘ ਨੇ ਅਨਾਥ ਰੋਗੀਆਂ ਅਤੇ ਪਿੰਗਲਿਆਂ ਨੂੰ ਨਾਲ਼ ਲੈ ਕੇ ਵਿਕਟੋਰੀਆ ਜੁਬਲੀ (ਵੀ ਜੇ) ਹਸਪਤਾਲ ਦੇ ਨੇੜੇ ਆ ਡੇਰਾ ਲਾਇਆ। ਹੁਣ ਤਕ ਉਨ੍ਹਾਂ ਦੇ ਡੇਰੇ ਵਿੱਚ ਸ਼ਰਨ ਲੈਣ ਲਈ 22 ਬੇਸਹਾਰਾ, ਬਿਮਾਰ ਅਤੇ ਅਪਾਹਜ ਮਰੀਜ਼ ਆ ਚੁੱਕੇ ਸਨ। ਭਗਤ ਪੂਰਨ ਸਿੰਘ ਜੀ ਵੱਲੋਂ ਅਨਾਥ, ਬੇਸਹਾਰਾ ਬਿਮਾਰਾਂ, ਸਰੀਰਕ ਪੱਖੋਂ ਅਸਮਰੱਥ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਮਰਦ-ਔਰਤਾਂ ਦੀ ਪਰਉਪਕਾਰੀ ਭਾਵਨਾ ਨਾਲ ਕੀਤੀ ਜਾ ਰਹੀ ਦਿਆਲੂ ਸੇਵਾ ਦੀ ਵਡਿਆਈ ਫ਼ੈਲ ਗਈ, ਜਿਸ ਸਦਕਾ ਪਿੰਗਲਵਾੜਾ ਪਰਿਵਾਰ ਵਿੱਚ ਇਨ੍ਹਾਂ ਲੋੜਵੰਦਾਂ ਦੀ ਗਿਣਤੀ ਵੱਧ ਕੇ 90 ਤਕ ਪਹੁੰਚ ਗਈ। ਇੰਨੀ ਵੱਡੀ ਗਿਣਤੀ ਵਿੱਚ ਬੇਕਾਬੂ ਦਿਮਾਗ਼ੀ ਮਰੀਜ਼ਾਂ ਨੂੰ ਸਾਂਭਣ ਲਈ ਮੋਕਲੀ ਜਗ੍ਹਾ ਦੀ ਲੋੜ ਸੀ ਜੋ ਬੰਦ ਪਏ ਸਿਨੇਮਾਘਰ ਇੰਦਰ ਪੈਲਸ ਦੇ ਹਾਲ ਕਮਰਿਆਂ ਨੇ ਪੂਰੀ ਕਰ ਦਿੱਤੀ। ਪਿੰਗਲਵਾੜੇ ਦੀ ਚਰਚਾ ਸ਼ਹਿਰ ਵਾਸੀਆਂ ਵਿੱਚ ਸ਼ੁਰੂ ਹੋ ਗਈ, ਜਿਸ ਸਦਕਾ ਭਲੇ, ਸਹਿੰਦੇ ਅਤੇ ਸਮਰੱਥ ਲੋਕਾਂ ਨੇ ਆਪਣੀ ਪਹੁੰਚ ਅਨੁਸਾਰ ਖਾਣ-ਪੀਣ ਅਤੇ ਪੈਸੇ-ਧੇਲੇ ਪੱਖੋਂ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ।

Advertisement

ਇੱਕ ਦਿਨ ਜਨ-ਸੇਵਕ ਅਤੇ ਸਿਆਸੀ ਆਗੂ ਮਿਹਰ ਚੰਦ ਖੰਨਾ ਆਪਣੀ ਪਤਨੀ ਸਮੇਤ ਭਗਤ ਪੂਰਨ ਸਿੰਘ ਜੀ ਦੇ ਦਰਸ਼ਨਾਂ ਨੂੰ ਆਏ ਤੇ ਭਗਤ ਜੀ ਪਾਸੋਂ ਡੇਰੇ ਵਿੱਚ ਇਲਾਜ ਅਧੀਨ ਮਰੀਜ਼ਾਂ ਦੇ ਹਾਲਾਤ ਬੜੇ ਧੀਰਜ ਨਾਲ ਸੁਣੇ। ਭਗਤ ਜੀ ਵੱਲੋਂ ਕੀਤੀ ਜਾ ਰਹੀ ਨਿਰਸਵਾਰਥ, ਮੁਫ਼ਤ ਅਤੇ ਮਨੁੱਖੀ ਪ੍ਰੇਮ ਵਿੱਚ ਭਿੱਜੀ ਸੇਵਾ ਤਾਂ ਉਹ ਆਪਣੀਂ ਅੱਖੀਂ ਵੇਖ ਚੁੱਕੇ ਸਨ। ਰੂਹਾਨੀ ਮੰਡਲਾਂ ਵਿੱਚੋਂ ਉਪਜੇ ਵਲਵਲਿਆਂ ਦੇ ਅਸਰ ਅਧੀਨ ਖੰਨਾ ਜੀ ਦੇ ਦਿਲ ਅਤੇ ਦਿਮਾਗ਼ ਨੇ ਅਧਿਆਤਮਿਕ ਹੁਲਾਰਾ ਮਾਣਿਆ ਤੇ ਉਨ੍ਹਾਂ ਨੇ ਤਹਿਸੀਲਪੁਰਾ ਵਿੱਚ ਆਪਣੀ ਮਾਲਕੀ ਵਾਲੀ ਜ਼ਮੀਨ ਭਗਤ ਪੂਰਨ ਸਿੰਘ ਦੇ ਨਾਮ ਕਰ ਦਿੱਤੀ। ਨਾਲ ਹੀ ਪਿੰਗਲਵਾੜਾ ਦੀ ਇਮਾਰਤ ਉਸਾਰਨ ਲਈ 40,000 ਰੁਪਏ ਭੇਟ ਕੀਤੇ। 6 ਮਾਰਚ 1957 ਨੂੰ ਪਿੰਗਲਵਾੜਾ ਸੰਸਥਾ ਦੀ ਇਮਾਰਤ ਦੀ ਉਸਾਰੀ ਸੰਪੂਰਨ ਹੋਣ ’ਤੇ ਇਸ ਨੂੰ ‘ਆਲ ਇੰਡੀਆ ਪਿੰਗਲਵਾੜਾ ਸੁਸਾਇਟੀ’ ਵਜੋਂ ਰਜਿਸਟਰਡ ਕਰਵਾ ਦਿੱਤਾ ਗਿਆ। ਭਗਤ ਜੀ ਦੇ ‘ਪਿਆਰਾ ਸਿੰਘ’ ਤੋਂ ਆਰੰਭ ਹੋ ਕੇ ਪਿੰਗਲਵਾੜਾ ਮਨੁੱਖਤਾ ਦੀ ਭਲਾਈ ਅਤੇ ਇਲਾਜ ਦੀ ਸੰਸਥਾ ਵਜੋਂ ਅਨਾਥ ਬਿਮਾਰਾਂ, ਸਰੀਰਕ ਪੱਖੋਂ ਅਸਮਰੱਥ ਅਤੇ ਮਾਨਸਿਕ ਰੋਗੀਆਂ ਦਾ ਰੱਬੀ ਆਸਰਾ ਬਣ ਗਿਆ। ਵੱਖ-ਵੱਖ ਬਿਮਾਰੀਆਂ ਦੇ ਪੀੜਤਾਂ ਦੇ ਇਲਾਜ ਲਈ ਉਨ੍ਹਾਂ ਨੂੰ ਬਿਮਾਰੀ ਮੁਤਾਬਕ ਵੀ ਜੇ ਹਸਪਤਾਲ, ਡਾ. ਵਿੱਦਿਆ ਸਾਗਰ ਮਾਨਸਿਕ ਰੋਗੀ ਹਸਪਤਾਲ ਅਤੇ ਮਜੀਠਾ ਰੋਡ ਸਥਿਤ ਅੱਖਾਂ ਅਤੇ ਕੰਨ, ਨੱਕ, ਗਲ਼ੇ ਦੇ ਹਸਪਤਾਲ ਵਿੱਚ ਲਿਜਾਣ ਵਾਸਤੇ ਭਗਤ ਜੀ ਨੇ ਇੱਕ ਸਾਈਕਲ ਰੇੜ੍ਹੀ ਤਿਆਰ ਕਰਵਾਈ ਸੀ।

ਅਨਾਥ ਬਿਮਾਰਾਂ ਦੀ ਸੇਵਾ ਦੇ ਨਾਲ-ਨਾਲ ਭਗਤ ਪੂਰਨ ਸਿੰਘ ਜੀ ਨੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਚੇਤਨਾ ਪ੍ਰਦਾਨ ਕਰਨ ਅਤੇ ਪੌਣ-ਪਾਣੀ ਨੂੰ ਸਵੱਛ ਰੱਖਣ ਦੇ ਮਕਸਦ ਦੀ ਪੂਰਤੀ ਲਈ ਸਕੂਲਾਂ, ਹਸਪਤਾਲਾਂ ਦੀਆਂ ਖ਼ਾਲੀ ਥਾਵਾਂ, ਸੜਕਾਂ ਅਤੇ ਨਾਲਿਆਂ ਦੇ ਕੰਢੇ ਹਜ਼ਾਰਾਂ ਰੁੱਖ ਲਗਾ ਕੇ ਵਾਤਾਵਰਨ-ਸ਼ੁੱਧਤਾ ਮੁਹਿੰਮ ਨੂੰ ਬਿਨਾਂ ਰੋਕ-ਟੋਕ ਸਾਰੀ ਉਮਰ ਜਾਰੀ ਰੱਖਿਆ। ਸਮਾਜਿਕ ਅਤੇ ਸਭਿਆਚਾਰਕ ਸਦਾਚਾਰ ਪ੍ਰਫੁੱਲਿਤ ਕਰਨ ਦੇ ਨਾਲ ਵਾਤਾਵਰਨ ਸੰਭਾਲ ਸਬੰਧੀ ਸਮਾਜਿਕ ਚੇਤਨਾ ਪੈਦਾ ਕਰਨ ਲਈ ਭਗਤ ਜੀ ਨੇ ਸਾਹਿਤ ਦਾ ਅਤੁੱਟ ਲੰਗਰ ਵੀ ਚਾਲੂ ਰੱਖਿਆ। ਪੰਜਾਬ ਵਿੱਚ ਝੋਨੇ ਦੀ ਫ਼ਸਲ ਤੋਂ ਪੈਦਾ ਹੋਣ ਵਾਲੇ ਧਰਤੀ ਹੇਠਲੇ ਪਾਣੀ ਦੇ ਸੰਕਟ ਬਾਰੇ ਭਗਤ ਜੀ ਨੇ ਸੰਨ 1970-75 ਦਰਮਿਆਨ ਸਾਵਧਾਨ ਕਰ ਦਿੱਤਾ ਸੀ। ਭਗਤ ਪੂਰਨ ਸਿੰਘ ਜੀ ਦਾ ਕੋਮਲ, ਮਨੁੱਖਤਾ ਦਾ ਦਰਦੀ ਅਤੇ ਦਿਆਲਤਾ ਨਾਲ ਭਰਿਆ ਹੋਇਆ ਹਿਰਦਾ ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਇੰਨਾ ਪੀੜਤ ਹੋ ਗਿਆ ਕਿ ਉਨ੍ਹਾਂ ਨੇ ‘ਪਦਮਸ੍ਰੀ ਐਵਾਰਡ’ ਭਾਰਤੀ ਹਕੂਮਤ ਨੂੰ ਵਾਪਸ ਕਰ ਦਿੱਤਾ। ਸਾਲ 1991 ਵਿੱਚ ਉਨ੍ਹਾਂ ਦਾ ਨਾਂ ਵਿਸ਼ਵ ਪੱਧਰੀ ‘ਨੋਬਲ ਸ਼ਾਂਤੀ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਪਹਿਲਾਂ ਹੀ ਅਕਾਲ ਪੁਰਖ ਜੀ ਨੂੰ ਪਿਆਰੇ ਹੋ ਗਏ।

ਨਿਰੰਤਰ ਸੇਵਾ ਸਿਮਰਨ ਕਰਦਿਆਂ ਭਗਤ ਜੀ ਦਾ ਮੇਲ਼ ਸੰਗਰੂਰ ਨਿਵਾਸੀ ਅਤੇ ਭਗਤ ਜੀ ਦੀ ਰੱਬੀ ਸ਼ਖ਼ਸੀਅਤ ਨੂੰ ਸਮਰਪਿਤ ਡਾ. ਬੀਬੀ ਇੰਦਰਜੀਤ ਕੌਰ ਜੀ ਨਾਲ਼ ਹੋ ਗਿਆ। ਭਗਤ ਜੀ ਦੀ ਲਾਸਾਨੀ ਅਤੇ ਲਾਮਿਸਾਲ ਸੇਵਾ ਤੋਂ ਪ੍ਰਭਾਵਿਤ ਹੋ ਕੇ ਡਾ. ਬੀਬੀ ਇੰਦਰਜੀਤ ਕੌਰ ਜੀ ਵੀ ਪਿੰਗਲਵਾੜੇ ਦੇ ਮਰੀਜ਼ਾਂ ਦੀ ਸੇਵਾ-ਸੰਭਾਲ ਲਈ ਹੀ ਸਮਰਪਿਤ ਹੋ ਗਏ। 20 ਜੂਨ 1992 ਨੂੰ ਭਗਤ ਪੂਰਨ ਸਿੰਘ ਜੀ ਗਦੂਦਾਂ ਦੀ ਤਕਲੀਫ਼ ਕਾਰਨ ਢਿੱਲੇ ਹੋ ਗਏ। ਮਨੁੱਖਤਾਵਾਦੀ ਡਾ. ਹਰਚਰਨ ਸਿੰਘ ਅਤੇ ਹੋਰ ਡਾਕਟਰ ਸਾਹਿਬਾਨ ਦੀ ਦੇਖ-ਰੇਖ ਹੇਠ ਡਾ. ਬੀਬੀ ਇੰਦਰਜੀਤ ਕੌਰ ਜੀ ਨੇ ਢਿੱਡੋਂ ਜੰਮੀ ਧੀ ਵਾਂਗ ਦਿਨ-ਰਾਤ ਇੱਕ ਕਰ ਕੇ ਭਗਤ ਜੀ ਦੀ ਸੇਵਾ-ਸੰਭਾਲ ਕੀਤੀ ਪਰ ਤਕਲੀਫ਼ ਵੱਧਦੀ ਗਈ ਤੇ ਪਿੰਡ ਰਾਜੇਵਾਲ ਵਿੱਚ 4 ਜੂਨ 1904 ਨੂੰ ਪਿਤਾ ਸ਼ਿਬੂ ਮੱਲ ਦੇ ਘਰ ਵਿੱਚ ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਜਨਮੇ ਭਗਤ ਪੂਰਨ ਸਿੰਘ 5 ਅਗਸਤ 1992 ਨੂੰ ਸਦੀਵੀ ਵਿਛੋੜਾ ਦੇ ਗਈ। ਭਗਤ ਪੂਰਨ ਸਿੰਘ ਜੀ ਨੇ ਦੂਰ-ਅੰਦੇਸ਼ੀ ਵਾਲੇ ਨਜ਼ਰੀਏ ਨਾਲ ਫ਼ੈਸਲਾ ਲੈਂਦਿਆਂ ਆਪਣੀ ਵਸੀਅਤ ਵਿੱਚ ਡਾ. ਬੀਬੀ ਇੰਦਰਜੀਤ ਕੌਰ ਜੀ ਨੂੰ ਆਪਣਾ ਉਤਰਾਧਿਕਾਰੀ ਥਾਪ ਦਿੱਤਾ ਸੀ। ਪਦਮਸ੍ਰੀ ਡਾ. ਬੀਬੀ ਇੰਦਰਜੀਤ ਕੌਰ ਜੀ ਅਤੇ ਉਨ੍ਹਾਂ ਦੇ ਸੁਹਿਰਦ, ਸਿਦਕਵਾਨ ਅਤੇ ਇਮਾਨਦਾਰ ਸਹਿਯੋਗੀ ਸਪੈਸ਼ਲਿਸਟ ਡਾ. ਜਗਦੀਪਕ ਸਿੰਘ, ਕੁਦਰਤੀ ਖੇਤੀ ਮਾਹਿਰ ਮਾਸਟਰ ਰਾਜਬੀਰ ਸਿੰਘ ਗਿੱਲ, ਨਿਸ਼ਕਾਮ ਇਮਾਰਤਸਾਜ਼ ਮੁਖਤਾਰ ਸਿੰਘ ਗੋਰਾਇਆ, ਯੋਗੇਸ਼ ਸੂਰੀ, ਅਮਰਜੀਤ ਸਿੰਘ ਅਤੇ ਹੋਰ ਨੇਕਨੀਅਤ ਮਾਹਿਰਾਂ ਦੀ ਮਿਹਨਤ ਸਦਕਾ ਭਗਤ ਪੂਰਨ ਸਿੰਘ ਵੱਲੋਂ ਲਾਇਆ ਬੂਟਾ, ਹਰਿਆ-ਭਰਿਆ ਬਾਗ਼-ਬਗੀਚਾ ਬਣ ਗਿਆ ਹੈ। ਦਾਨੀ ਸੱਜਣਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਗਲੈਂਡ ਅਤੇ ਓਂਟਾਰੀਓ ਪਿੰਗਲਵਾੜਾ ਸੁਸਾਇਟੀਆਂ ਆਦਿ ਦੇ ਸਹਿਯੋਗ ਨਾਲ ਪਿੰਗਲਵਾੜਾ ਸੰਸਥਾ ਹੁਣ ਹਰ ਪੱਖੋਂ ਸਮਰੱਥ ਹੈ। ਪਿੰਗਲਵਾੜਾ ਟਰੱਸਟੀ ਮਾਸਟਰ ਰਾਜਬੀਰ ਸਿੰਘ ਗਿੱਲ ਦੀ ਸੁਚਾਰੂ, ਯੋਜਨਾਬੱਧ ਅਤੇ ਵਿਗਿਆਨਕ ਦੇਖ-ਰੇਖ ਹੇਠ ਧੀਰੇਕੋਟ ਅਤੇ ਦੋਬੁਰਜੀ ਵਿੱਚ ਤਕਰੀਬਨ 50 ਏਕੜਾਂ ਵਿੱਚ ਨਿਰੋਲ ਕੁਦਰਤੀ ਖੇਤੀ ਫ਼ਾਰਮ ਤੋਂ ਦੇਸ਼ਾਂ-ਵਿਦੇਸ਼ਾਂ ਤੋਂ ਕੁਦਰਤੀ ਖੇਤੀ ਪ੍ਰੇਮੀ ਅਗਵਾਈ ਲੈਣ ਆਉਂਦੇ ਹਨ। ਮਾਨਾਂਵਾਲਾ ਕੰਪਲੈਕਸ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਸਕੂਲ, ਛਾਪਾਖਾਨਾ, ਮਸਨੂਈ ਅੰਗ ਬਣਾਉਣ ਦੇ ਕੇਂਦਰ ਤੋਂ ਇਲਾਵਾ ਸੰਗਰੂਰ, ਗੋਇੰਦਵਾਲ ਸਾਹਿਬ, ਦਿੱਲੀ ਆਦਿ 11 ਸ਼ਾਖਾਵਾਂ ਹਨ। ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਵਿਸ਼ੇਸ਼ ਭਗਤ ਪੂਰਨ ਸਿੰਘ ਵਾਰਡ ਕਾਰਜਸ਼ੀਲ ਹਨ।

ਸੰਪਰਕ: 98158-40755

Advertisement
×