DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਬਾ ਕਾਲੂ ਨਾਥ ਦਾ ਵਰੋਸਾਇਆ ਅਸਥਾਨ ਨਥਾਣਾ

ਪੰਜਾਬ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ, ਅਵਤਾਰਾਂ ਅਤੇ ਯੋਧਿਆਂ ਦੀ ਧਰਤੀ ਹੈ। ਜਿੱਥੇ ਵੀ ਮਹਾਂਪੁਰਸ਼ਾਂ ਨੇ ਚਰਨ ਪਾਏ ਜਾਂ ਨਿਵਾਸ ਕੀਤਾ, ਉੱਥੇ ਉਨ੍ਹਾਂ ਦੀਆਂ ਇਤਿਹਾਸਕ ਯਾਦਗਾਰਾਂ ਬਣੀਆਂ ਹੋਈਆਂ ਹਨ। ਅਜਿਹੀਆਂ ਥਾਵਾਂ ’ਤੇ ਮੇਲੇ ਲੱਗਦੇ ਹਨ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਗੁਰੂਆਂ-ਪੀਰਾਂ...

  • fb
  • twitter
  • whatsapp
  • whatsapp
Advertisement

ਪੰਜਾਬ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ, ਅਵਤਾਰਾਂ ਅਤੇ ਯੋਧਿਆਂ ਦੀ ਧਰਤੀ ਹੈ। ਜਿੱਥੇ ਵੀ ਮਹਾਂਪੁਰਸ਼ਾਂ ਨੇ ਚਰਨ ਪਾਏ ਜਾਂ ਨਿਵਾਸ ਕੀਤਾ, ਉੱਥੇ ਉਨ੍ਹਾਂ ਦੀਆਂ ਇਤਿਹਾਸਕ ਯਾਦਗਾਰਾਂ ਬਣੀਆਂ ਹੋਈਆਂ ਹਨ। ਅਜਿਹੀਆਂ ਥਾਵਾਂ ’ਤੇ ਮੇਲੇ ਲੱਗਦੇ ਹਨ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਗੁਰੂਆਂ-ਪੀਰਾਂ ਨੂੰ ਮੱਥਾ ਟੇਕਦੇ ਹਨ।

ਤਕਰੀਬਨ ਚਾਰ ਸਦੀਆਂ ਪਹਿਲਾਂ ਮਾਝਾ ਖੇਤਰ ਦੇ ਪਿੰਡ ਲੀਲ੍ਹਪੁਰ ਤੋਂ ਬਾਬਾ ਕਾਲੂ ਨਾਥ ਜੀ ਨੇ ਆਪਣੇ ਪਰਿਵਾਰ ਸਮੇਤ ਨਥਾਣੇ ਆ ਕੇ ਲੰਮਾ ਸਮਾਂ ਭਗਤੀ ਕੀਤੀ। ਉਸ ਸਮੇਂ ਇਹ ਇਲਾਕਾ ਸੁੰਨਸਾਨ ਜੰਗਲ ਸੀ। ਬਾਬਾ ਕਾਲੂ ਨਾਥ ਜੀ ਇੱਥੇ ਭਗਤੀ ਕਰਦੇ, ਗਊਆਂ ਚਾਰਦੇ ਅਤੇ ਲੋਕਾਂ ਨੂੰ ਪ੍ਰਭੂ-ਭਗਤੀ ਦਾ ਸੰਦੇਸ਼ ਦਿੰਦੇ ਰਹੇ। ਸੰਮਤ 1688 ਵਿੱਚ ਜਦੋਂ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਮੁਗਲਾਂ ਨਾਲ ਜੰਗ ਹੋਈ, ਤਾਂ ਉਸ ਸਮੇਂ ਗੁਰੂ ਜੀ ਨੇ ਆਪਣੀਆਂ ਫੌਜਾਂ ਲਈ ਹਾਜੀ ਰਤਨ ਦੀ ਪਾਣੀ ਵਾਲੀ ਢਾਬ ਵਾਲੇ ਇਲਾਕੇ ਦੀ ਚੋਣ ਕੀਤੀ। ਹਾਜੀ ਰਤਨ ਨੇ ਇਸ ਢਾਬ ਦੇ ਕਿਨਾਰੇ ਆਪਣਾ ਪੱਕਾ ਡੇਰਾ ਲਾਇਆ ਹੋਇਆ ਸੀ।

Advertisement

ਜੰਗ ਦੇ ਸਮੇਂ ਦੌਰਾਨ ਬਾਬਾ ਕਾਲੂ ਨਾਥ ਜੀ ਸਿੰਘਾਂ ਦੀਆਂ ਫੌਜਾਂ ਲਈ ਦੁੱਧ ਅਤੇ ਰਾਸ਼ਨ ਆਦਿ ਦੀ ਸੇਵਾ ਕਰਦੇ ਰਹੇ। ਜੰਗ ਜਿੱਤਣ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਇੱਥੇ ਪਹੁੰਚ ਕੇ ਚਾਰ ਪੀਰਾਂ ਨਾਲ ਵਿਚਾਰ-ਚਰਚਾ ਕੀਤੀ। ਇਨ੍ਹਾਂ ਪੀਰਾਂ ਵਿੱਚ ਬਾਬਾ ਕਾਲੂ ਨਾਥ, ਬਾਬਾ ਕਲਿਆਣ ਦਾਸ, ਹਾਜੀ ਰਤਨ ਅਤੇ ਸਖੀ ਸੁਲਤਾਨ ਸ਼ਾਮਲ ਸਨ। ਹਾਜੀ ਰਤਨ ਦੀ ਢਾਬ ਨੇੜੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਣਿਆ ਹੋਇਆ ਹੈ। ਇੱਥੇ ਪੁਰਾਣੀ ਅਤੇ ਇਤਿਹਾਸਕ ਚੌਖੰਡੀ ਸੀ। ਦੱਸਿਆ ਜਾਂਦਾ ਹੈ ਕਿ ਇਹ ਚੌਖੰਡੀ ਕਾਫ਼ੀ ਉੱਚੀ ਸੀ, ਜਿਸ ਦੇ ਅੰਦਰੋਂ ਪੌੜੀਆਂ ਚੜ੍ਹ ਕੇ ਉੱਪਰਲੀ ਜਗ੍ਹਾ ਤੋਂ ਆਲੇ-ਦੁਆਲੇ ਦਾ ਸਾਰਾ ਇਲਾਕਾ ਸਾਫ਼ ਵੇਖਿਆ ਜਾ ਸਕਦਾ ਸੀ।

Advertisement

ਜਿਸ ਅਸਥਾਨ ’ਤੇ ਬਾਬਾ ਕਾਲੂ ਨਾਥ ਜੀ ਨੇ ਭਗਤੀ ਕੀਤੀ ਸੀ, ਉਸ ਦੀ ਮਾਲਕੀ ਦਾ ਦਾਅਵਾ ਕਰਦਿਆਂ ‘ਅਟਕ ਮਾਨ’ ਨਾਂ ਦੇ ਵਿਅਕਤੀ ਨੇ ਦੇਸ਼ ਦੇ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਸੀ। ਬਾਦਸ਼ਾਹ ਅਕਬਰ ਮਾਲਵੇ ਦੇ ਦੌਰੇ ਸਮੇਂ ਇੱਥੇ ਪਹੁੰਚੇ ਅਤੇ ਪੜਤਾਲ ਕਰਨ ਤੋਂ ਬਾਅਦ ਇਸ ਜਗ੍ਹਾ ਦੀ ਮਾਲਕੀ ਬਾਬਾ ਕਾਲੂ ਨਾਥ ਜੀ ਨੂੰ ਦੇ ਦਿੱਤੀ। ਬਾਦਸ਼ਾਹ ਨੇ ਇੱਕ ਲੱਖ ਘੁਮਾਂ ਜ਼ਮੀਨ ਬਾਬਾ ਜੀ ਦੇ ਨਾਂ ਕਰ ਦਿੱਤੀ ਅਤੇ ਮਾਮਲਾ (ਟੈਕਸ) ਵੀ ਮੁਆਫ਼ ਕਰ ਦਿੱਤਾ। ਬਾਬਾ ਕਾਲੂ ਨਾਥ ਜੀ ਨੇ ਨਥਾਣਾ ਨਗਰ ਦੇ ਲਹਿੰਦੇ ਪਾਸੇ ਇੱਕ ਕੋਹ ਦੀ ਦੂਰੀ ’ਤੇ ‘ਗੰਗਾ’ ਪ੍ਰਗਟ ਕੀਤੀ। ਰੋਮਾਣਾ ਗੋਤ ਨਾਲ ਸਬੰਧਤ ਲੋਕਾਂ ਦੀਆਂ ਅਸਥੀਆਂ (ਫੁੱਲ) ਅੱਜ ਵੀ ਇਸ ਗੰਗਾ ਸਰੋਵਰ ਵਿੱਚ ਜਲ-ਪ੍ਰਵਾਹ ਕੀਤੀਆਂ ਜਾਂਦੀਆਂ ਹਨ।

ਬਾਬਾ ਕਾਲੂ ਨਾਥ ਜੀ ਨਾਲ ਸਬੰਧਤ ਗੰਗਾ ਮੰਦਰ ਤੋਂ ਇਲਾਵਾ ਇੱਥੇ ਡੇਰਾ ਬਾਬਾ ਰਾਜਾ ਰਾਮ ਅਤੇ ਅਲੋਪ ਟਿੱਲਾ (ਕਚਮਾਣੀ) ਵੀ ਸਥਿਤ ਹਨ। ਅਲੋਪ ਟਿੱਲੇ ਦੇ ਨਾਲ ਹੀ ‘ਰੌਇਲ ਸੰਸਥਾ’ ਦੇ ਸਹਿਯੋਗ ਨਾਲ ਪੁਰਾਤਨ ਕਿਸਮਾਂ ਦੇ ਰੁੱਖ ਲਾਏ ਗਏ ਹਨ। ਬਾਬਾ ਜੀ ਦੀ ਯਾਦ ਵਿੱਚ ਇੱਥੇ ਹਰ ਸਾਲ ਚੇਤ ਦੇ ਮਹੀਨੇ ਪੰਜ ਦਿਨਾਂ ਲਈ ਭਾਰੀ ਮੇਲਾ ਲੱਗਦਾ ਹੈ। ਬਾਰਸ ਦੀ ਰਾਤ ਨੂੰ ਢੋਲ ਵਜਾ ਕੇ ਮੇਲੇ ਦਾ ਸੱਦਾ ਦਿੱਤਾ ਜਾਂਦਾ ਹੈ। ਅਗਲੇ ਦਿਨ ਰੋਮਾਣਾ ਗੋਤ ਦੇ ਲੋਕ ਆ ਕੇ ਮੰਦਰ ਵਿੱਚ ਹਾਜ਼ਰੀ ਭਰਦੇ ਹਨ। ਰਾਤ ਦੇ ਸਮੇਂ ਬਾਬਾ ਕਾਲੂ ਨਾਥ ਜੀ ਦੇ ਜੀਵਨ ਨਾਲ ਸੰਬੰਧਤ ਜਨਮ-ਸਾਖੀ (ਇਤਿਹਾਸ) ਪੜ੍ਹੀ ਜਾਂਦੀ ਹੈ।

ਸ਼ਰਧਾਲੂ ਗੰਗਾ ਸਰੋਵਰ ਵਿੱਚ ਇਸ਼ਨਾਨ ਕਰਕੇ ਮੱਥਾ ਟੇਕਦੇ ਹਨ। ਇੱਥੇ ਮੁੱਖ ਤੌਰ ’ਤੇ ਗੁੜ ਦੀਆਂ ਭੇਲੀਆਂ ਦਾ ਪ੍ਰਸ਼ਾਦ ਚੜ੍ਹਦਾ ਹੈ। ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਅਤੇ ਨਵੇਂ ਵਿਆਹੇ ਜੋੜੇ, ਇੱਥੇ ਮਿੱਟੀ ਦੇ ਉੱਚੇ ਟਿੱਲੇ ਤੋਂ ਮਿੱਟੀ ਕੱਢਣ ਦੀ ਰਸਮ ਅਦਾ ਕਰਦੇ ਹਨ। ਮੇਲੇ ਦੌਰਾਨ ਇੱਕ ਦਿਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਕਬੱਡੀ ਦੇ ਦੋਸਤਾਨਾ ਮੁਕਾਬਲੇ ਕਰਵਾਏ ਜਾਂਦੇ ਹਨ। ਖੇਡਾਂ ਅਤੇ ਕੁਸ਼ਤੀਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਜਾਂਦੀ ਹੈ।

ਮੇਲੇ ਦੇ ਆਖਰੀ ਦਿਨ ਕੇਵਲ ਔਰਤਾਂ ਹੀ ਖਰੀਦਦਾਰੀ ਕਰਦੀਆਂ ਹਨ। ਮੇਲੇ ਵਿੱਚ ਆਏ ਲੋਕ ਗਰਮ ਜਲੇਬੀਆਂ ਅਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦਾ ਆਨੰਦ ਮਾਣਦੇ ਹਨ। ਬੱਚੇ ਝੂਲੇ ਝੂਲ ਕੇ ਮਨੋਰੰਜਨ ਕਰਦੇ ਹਨ। ਪੁਰਾਤਨ ਗਾਇਕੀ ਨੂੰ ਵਿਰਾਸਤ ਵਜੋਂ ਸੰਭਾਲਣ ਲਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਾਰੇ ਲੋਕ ਧਾਰਮਿਕ ਮਰਿਆਦਾ ਦਾ ਪੂਰਾ ਪਾਲਣ ਕਰਦੇ ਹਨ।

ਸੰਪਰਕ: 94170-94177

Advertisement
×