DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਬਰ ਅਤੇ ਸਿਦਕ ਦੀ ਮੂਰਤ ਮਾਤਾ ਗੁਜਰੀ ਜੀ

ਬੇਬੇ ਨਾਨਕੀ ਜੀ ਤੋਂ ਲੈ ਕੇ ਗੁਰੂ ਮਾਤਾਵਾਂ, ਗੁਰੂ ਮਹਿਲਾਂ ਅਤੇ ਗੁਰੂ ਸਪੁੱਤਰੀਆਂ ਦਾ ਸਿੱਖ ਧਰਮ ਦੇ ਪ੍ਰਚਾਰ-ਪਾਸਾਰ ਵਿੱਚ ਵੱਡਾ ਯੋਗਦਾਨ ਹੈ। ਡਾ. ਜਸਪਾਲ ਸਿੰਘ ਲਿਖਦੇ ਹਨ ਕਿ ਸਿੱਖ ਪੰਥ ਦੀ ਨੁਹਾਰ ਨਿਸ਼ਚਿਤ ਕਰਨ ਵਿੱਚ ਗੁਰੂ ਮਹਿਲਾਂ ਦਾ ਉਚੇਚਾ ਯੋਗਦਾਨ...

  • fb
  • twitter
  • whatsapp
  • whatsapp
featured-img featured-img
ਫ਼ਤਹਿਗੜ੍ਹ ਸਾਹਿਬ ਸਥਿਤ ਗੁਰਦੁਆਰਾ ਜੋਤੀ ਸਰੂਪ ਸਾਹਿਬ, ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ ਸੀ।
Advertisement

ਬੇਬੇ ਨਾਨਕੀ ਜੀ ਤੋਂ ਲੈ ਕੇ ਗੁਰੂ ਮਾਤਾਵਾਂ, ਗੁਰੂ ਮਹਿਲਾਂ ਅਤੇ ਗੁਰੂ ਸਪੁੱਤਰੀਆਂ ਦਾ ਸਿੱਖ ਧਰਮ ਦੇ ਪ੍ਰਚਾਰ-ਪਾਸਾਰ ਵਿੱਚ ਵੱਡਾ ਯੋਗਦਾਨ ਹੈ। ਡਾ. ਜਸਪਾਲ ਸਿੰਘ ਲਿਖਦੇ ਹਨ ਕਿ ਸਿੱਖ ਪੰਥ ਦੀ ਨੁਹਾਰ ਨਿਸ਼ਚਿਤ ਕਰਨ ਵਿੱਚ ਗੁਰੂ ਮਹਿਲਾਂ ਦਾ ਉਚੇਚਾ ਯੋਗਦਾਨ ਹੈ। ਭਾਵੇਂ ਗੁਰੂ ਮਹਿਲਾਂ ਦੀ ਵਡਮੁੱਲੀ ਦੇਣ ਬਾਰੇ ਸਿੱਖ ਸਰੋਤਾਂ ਵਿੱਚ ਇਤਿਹਾਸਕ ਸਮੱਗਰੀ ਦੀ ਬਹੁਤ ਘਾਟ ਹੈ, ਪਰ ਫਿਰ ਵੀ ਜਿਹੜੇ ਠੋਸ ਹਵਾਲੇ ਮਿਲਦੇ ਹਨ, ਉਨ੍ਹਾਂ ਦੇ ਆਧਾਰ ’ਤੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਮਹਿਲਾਂ ਨੇ ਸਿੱਖੀ ਦਾ ਮਹੱਲ ਉਸਾਰਨ ਵਿੱਚ ਬੁਨਿਆਦ ਦਾ ਕੰਮ ਕੀਤਾ ਹੈ। ਗੁਰੂ ਪਰੰਪਰਾ ਦੇ ਨਾਲ-ਨਾਲ ਗੁਰੂ ਮਹਿਲ ਪਰੰਪਰਾ ਵੀ ਆਪਣੇ ਆਪ ਵਿੱਚ ਇੱਕ ਸੰਸਥਾ ਦੇ ਰੂਪ ਵਿੱਚ ਕਾਰਜਸ਼ੀਲ ਰਹੀ ਹੈ।

ਡਾ. ਮਹਿੰਦਰ ਕੌਰ ਗਿੱਲ ਲਿਖਦੇ ਹਨ ਕਿ ਹਾਲਾਂਕਿ ਗੁਰੂ ਮਿਸ਼ਨ ਵਿੱਚ ਗੁਰੂ ਸਾਹਿਬਾਨ ਖੁਦ ਆਪ ਜਿੱਥੇ ਅਗਰ ਭੂਮੀ ਵਿੱਚ ਸਨ, ਉੱਥੇ ਗੁਰੂ ਮਹਿਲ ਪਿੱਠ ਭੂਮੀ ਵਿੱਚ ਸਦਾ ਕਾਰਜਸ਼ੀਲ ਰਹੇ। ਗੁਰੂ ਮਹਿਲਾਂ ਨੇ ਸਮਾਜ ਨੂੰ ਨਵੀਂ ਜੀਵਨ ਸ਼ੈਲੀ, ਨਵੀਂ ਦ੍ਰਿਸ਼ਟੀ ਅਤੇ ਨਵਾਂ ਚਿੰਤਨ ਦਿੱਤਾ। ਗੁਰੂ ਮਹਿਲਾਂ ਦਾ ਸਿੱਖ ਧਰਮ ਨੂੰ ਪ੍ਰਚਾਰਨ, ਵਿਸਥਾਰਨ ਤੇ ਅਮਲੀ ਜਾਮਾ ਪਹਿਨਾਉਣ ਵਿੱਚ ਅਦੁੱਤੀ ਯੋਗਦਾਨ ਹੈ।

Advertisement

ਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ, ਜਿਨ੍ਹਾਂ ਨੂੰ ਗੁਰੂ-ਨੂੰਹ, ਗੁਰੂ-ਪਤਨੀ ਅਤੇ ਗੁਰੂ-ਮਾਤਾ ਹੋਣ ਦਾ ਮਾਣ ਹਾਸਲ ਹੈ, ਉਨ੍ਹਾਂ ਨੂੰ ਸ਼ਹੀਦ ਪਤੀ ਦੀ ਪਤਨੀ, ਸ਼ਹੀਦ ਪੁੱਤਰ ਦੀ ਮਾਤਾ ਅਤੇ ਸ਼ਹੀਦ ਪੋਤਿਆਂ ਦੀ ਦਾਦੀ ਹੋਣ ਦਾ ਵੀ ਮਾਣ ਹਾਸਲ ਹੈ। ਮਾਤਾ ਗੁਜਰੀ ਜੀ ਸਬਰ, ਸੰਤੋਖ, ਸੇਵਾ, ਸਿਮਰਨ ਅਤੇ ਕੁਰਬਾਨੀ ਦੀ ਅਜਿਹੀ ਮਿਸਾਲ ਹਨ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹੈ।

Advertisement

ਮਾਤਾ ਗੁਜਰੀ ਜੀ ਦੇ ਜਨਮ ਬਾਰੇ ਭਾਵੇਂ ਸਿੱਖ ਸਰੋਤਾਂ ਵਿੱਚ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲਦੀ, ਪਰ ਉਨ੍ਹਾਂ ਦੇ ਵਿਆਹ ਦੀ ਤਰੀਕ ਦਾ ਜ਼ਿਕਰ ਜ਼ਰੂਰ ਮਿਲਦਾ ਹੈ। ਇਸੇ ਤਰੀਕ ਤੋਂ ਵਿਦਵਾਨਾਂ ਨੇ ਉਨ੍ਹਾਂ ਦੀ ਜਨਮ ਦੀ ਤਾਰੀਖ਼ ਦਾ ਅੰਦਾਜ਼ਾ ਲਾਇਆ ਹੈ। ਇਤਿਹਾਸ ਵਿੱਚ ਉਨ੍ਹਾਂ ਦੇ ਜਨਮ ਦੀਆਂ ਵੱਖੋ-ਵੱਖਰੀਆਂ ਤਰੀਕਾਂ ਲਿਖੀਆਂ ਮਿਲਦੀਆਂ ਹਨ ਪਰ ਵਧੇਰੇ ਵਿਦਵਾਨ ਸੰਮਤ 1681 ਬਿਕਰਮੀ (1624 ਈਸਵੀ) ਨੂੰ ਸਹੀ ਮੰਨਦੇ ਹਨ। ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿੱਚ ਭਾਈ ਲਾਲ ਚੰਦ ਸੁਭਿਖੀ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ 23 ਕਤਕ (ਮਘਰ ਵਦੀ 07) ਸੰਮਤ 1681 ਬਿਕਰਮੀ (1624 ਈਸਵੀ) ਨੂੰ ਹੋਇਆ। (ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਮਾਤਾ ਗੁਜਰੀ ਜੀ ਦੇ ਜਨਮ ਦੀ ਸਹੀ ਤਾਰੀਖ਼ ਨਿਸ਼ਚਿਤ ਕਰਨ ਸਬੰਧੀ ਸਿੱਖ ਇਤਿਹਾਸ ਰਿਸਰਚ ਬੋਰਡ ਰਾਹੀਂ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਅਨੁਸਾਰ ਹੈ)।

ਭਾਈ ਲਾਲ ਚੰਦ ਜੀ ਦਾ ਪਰਿਵਾਰਕ ਪਿਛੋਕੜ ਲਖਨੌਰ ਦਾ ਸੀ ਪਰ ਉਹ ਕੰਮ-ਕਾਜ ਕਰਕੇ ਸ੍ਰੀ ਕਰਤਾਰਪੁਰ ਆ ਵਸੇ ਸਨ। ਕਰਤਾਰਪੁਰ ਨਗਰ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਭਾਈ ਲਾਲ ਚੰਦ ਜੀ ਗੁਰੂ ਸਾਹਿਬ ਦੇ ਸ਼ਰਧਾਲੂ ਸਨ ਅਤੇ ਪਰਿਵਾਰ ਸਮੇਤ ਗੁਰੂ ਘਰ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਰਹਿੰਦੇ ਸਨ। ਭਾਈ ਲਾਲ ਚੰਦ ਜੀ ਦੇ ਦੋ ਪੁੱਤਰ ਮਿਹਰ ਚੰਦ ਅਤੇ ਕਿਰਪਾਲ ਚੰਦ ਜੀ ਸਨ। ਮਿਹਰ ਚੰਦ ਜੀ ਲਖਨੌਰ ਵਿੱਚ ਰਹਿੰਦੇ ਸਨ ਅਤੇ ਕਿਰਪਾਲ ਚੰਦ ਆਪਣੇ ਪਿਤਾ ਨਾਲ ਕਰਤਾਰਪੁਰ ਰਹਿੰਦੇ ਸਨ।

ਪੁਰਾਤਨ ਸਮੇਂ ਵਿੱਚ ਛੋਟੀ ਉਮਰ ਵਿੱਚ ਹੀ ਲੜਕੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਪਰ ਸਹੁਰੇ ਘਰ ਬਾਲਗ ਹੋਣ ’ਤੇ ਤੋਰਿਆ ਜਾਂਦਾ ਸੀ। ਇਸੇ ਤਰ੍ਹਾਂ ਜਦੋਂ ਮਾਤਾ ਗੁਜਰੀ ਜੀ ਦੀ ਉਮਰ ਸੱਤ-ਅੱਠ ਸਾਲ ਦੇ ਕਰੀਬ ਹੋਈ ਤਾਂ ਭਾਈ ਲਾਲ ਚੰਦ ਜੀ ਨੇ ਉਨ੍ਹਾਂ ਦੇ ਰਿਸ਼ਤੇ ਬਾਰੇ ਸੋਚਿਆ। ਗੁਰੂ ਹਰਿਗੋਬਿੰਦ ਸਾਹਿਬ ਜਦੋਂ ਆਪਣੇ ਪੁੱਤਰ ਸੂਰਜ ਮੱਲ ਨੂੰ ਕਰਤਾਰਪੁਰ ਵਿਆਹੁਣ ਵਾਸਤੇ ਆਏ ਤਾਂ ਇਸ ਬਰਾਤ ਵਿੱਚ ਭਾਈ ਲਾਲ ਚੰਦ ਜੀ ਨੇ (ਗੁਰੂ) ਤੇਗ ਬਹਾਦਰ ਜੀ ਨੂੰ ਪਸੰਦ ਕਰ ਲਿਆ ਤੇ ਉਨ੍ਹਾਂ ਨੇ ਮਨ ਵਿੱਚ ਧਾਰ ਲਿਆ ਕਿ ਇਸ ਨੌਜਵਾਨ ਨਾਲ ਆਪਣੀ ਧੀ ਦਾ ਰਿਸ਼ਤਾ ਕਰਨਾ ਹੈ। ਗੁਰੂ ਪਰਿਵਾਰ ਨਾਲ ਇਸ ਰਿਸ਼ਤੇ ਦੀ ਸਹਿਮਤੀ ਹੋਣ ਮਗਰੋਂ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਜੀ ਦਾ ਵਿਆਹ 1689 ਬਿਕਰਮੀ (1632 ਈਸਵੀ) ਨੂੰ ਕਰਤਾਰਪੁਰ ਵਿੱਚ ਹੋਇਆ। ਮਾਤਾ ਗੁਜਰੀ ਜੀ ਨੂੰ ਵਿਆਹ ਕੇ ਅੰਮ੍ਰਿਤਸਰ ‘ਗੁਰੂ ਕੇ ਮਹਿਲ’ ਬੜੇ ਚਾਵਾਂ ਨਾਲ ਡੋਲੀ ਵਿੱਚ ਲਿਆਂਦਾ ਗਿਆ।

ਗੁਰੂ ਹਰਿਗੋਬਿੰਦ ਜੀ ਦਾ ਹਕੂਮਤ ਦੇ ਨਾਲ ਟਕਰਾਅ ਵਧਣ ਕਰਕੇ ਪਰਿਵਾਰ ਨੂੰ ਅੰਮ੍ਰਿਤਸਰ ਛੱਡਣਾ ਪਿਆ ਅਤੇ ਉਨ੍ਹਾਂ ਨੇ ਕੀਰਤਪੁਰ ਸਾਹਿਬ ਆ ਕੇ ਨਿਵਾਸ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਬੇਟੇ ਗੁਰੂ ਹਰਿਰਾਏ ਸਾਹਿਬ ਨੂੰ ਗੁਰੂ ਗੱਦੀ ਦਾ ਵਾਰਸ ਥਾਪਿਆ। ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਨਾਨਕੀ ਜੀ ਆਪਣੇ ਪੁੱਤਰ ਅਤੇ ਨੂੰਹ ਨੂੰ ਲੈ ਕੇ ਆਪਣੇ ਪੇਕੇ ਪਿੰਡ ਬਕਾਲੇ ਆ ਕੇ ਰਹਿਣ ਲੱਗ ਪਏ, ਜਿੱਥੇ ਭੋਰੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਤਪੱਸਿਆ ਕੀਤੀ ਅਤੇ ਮਾਤਾ ਗੁਜਰੀ ਜੀ ਆਪਣੇ ਪਤੀ ਦੀ ਸੇਵਾ ਕਰਦਿਆਂ ਆਪ ਵੀ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਰਹੇ।

ਮੱਖਣ ਸ਼ਾਹ ਲੁਬਾਣੇ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਪ੍ਰਗਟ ਕਰਨ ਤੋਂ ਬਾਅਦ ਗੁਰੂ ਪਰਿਵਾਰ ਧੀਰ ਮੱਲੀਆਂ ਤੋਂ ਖਹਿੜਾ ਛੁਡਵਾਉਂਦਾ ਹੋਇਆ ਕੀਰਤਪੁਰ ਸਾਹਿਬ ਆ ਗਿਆ। ਇੱਥੇ ਰਹਿੰਦਿਆਂ ਹੀ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਪਤਨੀ ਰਾਣੀ ਚੰਪਾ ਤੋਂ ਜ਼ਮੀਨ ਲੈ ਕੇ ‘ਚੱਕ ਨਾਨਕੀ’ ਨਾਂ ਦਾ ਨਗਰ ਵਸਾਇਆ, ਜਿਸ ਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਆਖਿਆ ਜਾਣ ਲੱਗਾ। ਇੱਥੋਂ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਸਮੇਤ ਬੰਗਾਲ, ਬਿਹਾਰ ਅਤੇ ਅਸਾਮ ਦੀਆਂ ਯਾਤਰਾਵਾਂ ਕੀਤੀਆਂ। ਗੁਰੂ ਤੇਗ ਬਹਾਦਰ ਜੀ ਜਦੋਂ 1665 ਈਸਵੀ ਵਿੱਚ ਗੁਰਮਤਿ ਦੇ ਪ੍ਰਚਾਰ ਲਈ ਗਏ ਸਨ ਤਾਂ ਉਸ ਸਮੇਂ ਮਾਤਾ ਗੁਜਰੀ ਜੀ ਉਨ੍ਹਾਂ ਦੇ ਨਾਲ ਸਨ। ਗੁਰੂ ਜੀ ਸਾਰੇ ਪਰਿਵਾਰ ਨੂੰ ਪਟਨਾ ਨਗਰ ਵਿੱਚ ਛੱਡ ਕੇ ਆਪ ਢਾਕਾ ਵੱਲ ਚਲੇ ਗਏ। ਪਟਨਾ ਵਿੱਚ ਹੀ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸੱਤਵੀਂ, 23 ਪੋਹ ਸੰਮਤ 1723 ਬਿਕਰਮੀ (22 ਦਸੰਬਰ 1666 ਈਸਵੀ) ਨੂੰ ਬਾਲਕ ਸ੍ਰੀ ਗੋਬਿੰਦ ਰਾਏ ਜੀ ਨੇ ਜਨਮ ਲਿਆ। ਕੁਝ ਸਮੇਂ ਬਾਅਦ ਨੌਵੇਂ ਪਾਤਸ਼ਾਹ ਨੇ ਆਪਣੇ ਸਾਰੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਬੁਲਾ ਲਿਆ ਅਤੇ ਹੁਣ ਆਨੰਦਪੁਰ ਸਾਹਿਬ ਧਾਰਮਿਕ ਅਤੇ ਰਾਜਨੀਤਿਕ ਸਰਗਰਮੀਆਂ ਦਾ ਕੇਂਦਰ ਬਣ ਚੁੱਕਿਆ ਸੀ।

ਹਾਲੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਕਸ਼ਮੀਰ ਦੇ ਪੰਡਿਤ ਕਿਰਪਾ ਰਾਮ ਦੱਤ ਮਟਨ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਹਾਜ਼ਰ ਹੋਏ। ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਹੋਏ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਉਨ੍ਹਾਂ ਨੂੰ ਆਪਣੀ ਵਿਥਿਆ ਸੁਣਾਉਂਦੇ ਹਨ ਤਾਂ ਕੋਲ ਖੜ੍ਹੇ ਬਾਲ ਗੋਬਿੰਦ ਰਾਏ ਸਹਿਜ ਸੁਭਾਅ ਆਪਣੇ ਪਿਤਾ ਨੂੰ ਦੁਖੀਆਂ ਦੇ ਦੁੱਖ ਹਰਨ ਖਾਤਰ ਸ਼ਹੀਦ ਹੋਣ ਲਈ ਔਰੰਗਜ਼ੇਬ ਦੇ ਦਰਬਾਰ ਵੱਲ ਤੋਰਦੇ ਹਨ। ਇਸ ਸਮੇਂ ਬਹੁਤ ਵੱਡੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਦੇ ਸਿਰ ’ਤੇ ਆ ਪਈ। ਪਰ ਮਾਤਾ ਜੀ ਨੇ ਭਾਣੇ ਅੰਦਰ ਰਹਿ ਕੇ ਇਹ ਸਭ ਕੁਝ ਸਹਿਣ ਕਰ ਲਿਆ।

ਬਾਲ ਗੋਬਿੰਦ ਰਾਏ ਦੇ ਗੁਰੂ ਬਣਨ ਤੋਂ ਬਾਅਦ ਉਨ੍ਹਾਂ ਦਾ ਵਿਆਹ ਕੀਤਾ। ਘਰ ਵਿੱਚ ਪੋਤਿਆਂ ਦੀਆਂ ਕਿਲਕਾਰੀਆਂ ਨੇ ਖੁਸ਼ੀਆਂ ਅਤੇ ਖੇੜੇ ਬਖ਼ਸ਼ੇ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਤੋਂ ਬਾਅਦ ਪਹਾੜੀ ਰਾਜਿਆਂ ਦੀ ਬੌਖਲਾਹਟ ਨੇ ਹਕੂਮਤ ਦੇ ਅਜਿਹੇ ਕੰਨ ਭਰੇ ਕਿ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ। ਇਸ ਵਿਛੋੜੇ ਵਿੱਚ ਗੁਰੂ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਦੇ ਨਾਲ ਉਸ ਦੇ ਪਿੰਡ ਖੇੜੀ ਆ ਗਏ। ਗੰਗੂ ਨੇ ਲਾਲਚ ਵੱਸ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਮੋਰਿੰਡੇ ਦੇ ਕੋਤਵਾਲ ਰਾਹੀਂ ਨਵਾਬ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ। ਛੋਟੇ ਸਾਹਿਬਜ਼ਾਦਿਆਂ ਨੂੰ ਦੀਨ ਤੋਂ ਡੁਲਾਉਣ ਦੇ ਯਤਨ ਕੀਤੇ ਗਏ, ਲਾਲਚ ਦਿੱਤੇ ਗਏ ਪਰ ਮਾਤਾ ਗੁਜਰੀ ਜੀ ਦੀ ਸਿੱਖਿਆ ਨੇ ਬੱਚਿਆਂ ਨੂੰ ਡੋਲਣ ਨਾ ਦਿੱਤਾ। ਆਖ਼ਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਠੰਢੇ ਬੁਰਜ ਵਿੱਚ ਬੈਠੀ ਦਾਦੀ ਇਹ ਸਭ ਕੁਝ ਅੱਖੀਂ ਵੇਖ ਰਹੀ ਸੀ। ਕਈ ਦਿਨਾਂ ਤੋਂ ਭੁੱਖ ਅਤੇ ਠੰਢ ਦੀ ਮਾਰ ਕਰਕੇ ਅਤੇ ਬਿਰਧ ਅਵਸਥਾ ਵਿੱਚ ਹੋਣ ਕਰਕੇ ਮਾਤਾ ਗੁਜਰੀ ਜੀ 13 ਪੋਹ ਸੰਮਤ 1761 (1704 ਈਸਵੀ) ਨੂੰ ਅਕਾਲ ਚਲਾਣਾ ਕਰ ਗਏ। ਜਿੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ, ਜਿੱਥੇ ਹਰ ਸਾਲ ਸੰਗਤ ਸ਼ਹੀਦਾਂ ਨੂੰ ਸਿਜਦਾ ਕਰਦੀ ਹੈ।

ਸੰਪਰਕ: 98146-99446

Advertisement
×