ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਸ਼ਹੀਦ ਤਾਰੂ ਸਿੰਘ
ਭਾਈ ਤਾਰੂ ਸਿੰਘ ਜੀ ਦਾ ਜਨਮ 9 ਅਕਤੂਬਰ 1720 ਨੂੰ ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿੱਚ ਕਿਸਾਨ ਪਰਿਵਾਰ ’ਚ ਹੋਇਆ। ਬਾਲ ਉਮਰੇ ਵਿੱਚ ਹੀ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਮਾਤਾ ਜੀ ਬਹੁਤ ਹੀ ਨੇਕ ਸੁਭਾਅ ਅਤੇ...
ਭਾਈ ਤਾਰੂ ਸਿੰਘ ਜੀ ਦਾ ਜਨਮ 9 ਅਕਤੂਬਰ 1720 ਨੂੰ ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿੱਚ ਕਿਸਾਨ ਪਰਿਵਾਰ ’ਚ ਹੋਇਆ। ਬਾਲ ਉਮਰੇ ਵਿੱਚ ਹੀ ਉਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਮਾਤਾ ਜੀ ਬਹੁਤ ਹੀ ਨੇਕ ਸੁਭਾਅ ਅਤੇ ਭਜਨੀਕ ਕਿਸਮ ਦੀ ਔਰਤ ਸਨ। ਉਨ੍ਹਾਂ ਨੇ ਭਾਈ ਤਾਰੂ ਸਿੰਘ ਦੇ ਮਨ ਵਿੱਚ ਗੁਰੂ ਸਾਹਿਬਾਨ, ਗੁਰਬਾਣੀ ਅਤੇ ਸਿੱਖ ਇਤਿਹਾਸ ਪ੍ਰਤੀ ਅਜਿਹਾ ਸਤਿਕਾਰ ਪੈਦਾ ਕੀਤਾ ਕਿ ਭਾਈ ਸਾਹਿਬ ਆਪਣੀ ਕਿਰਤ-ਕਮਾਈ ’ਚੋਂ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਲੱਗ ਪਏ। ਲੋੜਵੰਦ ਗੁਰਮੁਖ ਪਿਆਰੇ ਉਨ੍ਹਾਂ ਦੇ ਘਰ ਕਈ-ਕਈ ਦਿਨ ਠਹਿਰ ਕੇ ਪ੍ਰਸ਼ਾਦਾ-ਪਾਣੀ ਛਕਦੇ ਸਨ। ਕਦੇ-ਕਦੇ ਭਾਈ ਸਾਹਿਬ ਬਾਬਾ ਬੁੱਢਾ ਜੀ ਨੇੜਲੇ ਜੰਗਲਾਂ ਵਿੱਚ ਵੱਸਦੇ ਸਿੰਘਾਂ ਨੂੰ ਰਸਦਾਂ ਵੀ ਪਹੁੰਚਾਇਆ ਕਰਦੇ ਸਨ। ਪਰਉਪਕਾਰੀ ਅਤੇ ਨੇਕਬਖ਼ਤ ਹੋਣ ਕਰਕੇ ਆਲੇ-ਦੁਆਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੀ ਉਨ੍ਹਾਂ ਦਾ ਬਰਾਬਰ ਦਾ ਸਤਿਕਾਰ ਸੀ। ਇਸ ਸਤਿਕਾਰ ਸਦਕਾ ਹੀ ਭਾਈ ਤਾਰੂ ਸਿੰਘ ਜੀ ਸੰਕਟ ਦੇ ਸਮੇਂ ਆਪਣੇ ਨਗਰ ਖੇੜੇ ਵਿੱਚ ਬੇਖੌਫ਼ ਵਿਚਰਦੇ ਰਹੇ ਹਨ।
ਜੰਡਿਆਲੇ ਦਾ ਵਸਨੀਕ ਹਰਭਗਤ ਨਿਰੰਜਨੀਆ, ਜਿਸ ਦੇ ਵਡੇਰਿਆਂ ਦੀ ਬਾਂਹ ਗੁਰੂ ਤੇਗ਼ ਬਹਾਦਰ ਜੀ ਨੇ ਫੜੀ ਸੀ, ਉਹ ਗੁਰੂ ਨਾਨਕ ਦੇ ਘਰ ਦਾ ਅਕ੍ਰਿਤਘਣ ਸਾਬਤ ਹੋ ਗਿਆ। ਬਾਬੇਕਿਆਂ ਦਾ ਧੰਨਵਾਦੀ ਹੋਣ ਦੀ ਬਜਾਏ ਉਹ ਗੁਰੂ ਘਰ ਦੇ ਪਿਆਰਿਆਂ ਲਈ ਘਾਤਕ ਬਣ ਬੈਠਾ। ਇਸ ਘਾਤਕ ਪੈਂਤੜੇ ਤੋਂ ਹੀ ਉਸ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੂੰ ਜਾ ਕੇ ਕਿਹਾ, ‘ਪੂਹਲੇ ਪਿੰਡ ਵਿੱਚ ਵੱਸਦਾ ਤਾਰੂ ਸਿੰਘ ਆਪਣੇ ਘਰ ਆਏ ਡਾਕੂਆਂ ਨੂੰ ਜਲਪਾਨ ਕਰਵਾਉਂਦਾ ਹੈ ਅਤੇ ਰਾਤ ਠਹਿਰਨ ਦੀ ਠਾਹਰ ਵੀ ਦਿੰਦਾ ਹੈ। ਉਸ ਦੇ ਇਸ ਤਰ੍ਹਾਂ ਕਰਨ ਨਾਲ ਪਿੰਡ ਦੇ ਲੋਕਾਂ ਨੂੰ ਆਪਣੀ ਜਾਨ ਅਤੇ ਮਾਲ ਦਾ ਖ਼ਤਰਾ ਅਕਸਰ ਬਣਿਆ ਰਹਿੰਦਾ ਹੈ। ਹਕੂਮਤ ਦੇ ਬਾਗੀਆਂ ਦੀ ਮਦਦ ਕਰਨ ਦੇ ਨਾਲ-ਨਾਲ ਇਹ (ਤਾਰੂ ਸਿੰਘ) ਮੁਖ਼ਬਰੀ ਦਾ ਕੰਮ ਵੀ ਕਰਦਾ ਹੈ।’ ਇੱਥੇ ਹੀ ਬੱਸ ਨਹੀਂ ਹੋਰ ਵੀ ਕਈ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜ ਕੇ ਨਿਰੰਜਨੀਏ ਨੇ ਜ਼ਕਰੀਆ ਖ਼ਾਨ ਦੇ ਕੰਨ ਚੰਗੀ ਤਰ੍ਹਾਂ ਭਰ ਦਿੱਤੇ।
ਦੂਜੇ ਪਾਸੇ ਸਰਕਾਰ ਤਾਂ ਇਹ ਉਮੀਦ ਲਗਾਈ ਬੈਠੀ ਸੀ ਕਿ ਪਿੰਡਾਂ ਵਿੱਚ ਰਹਿਣ ਵਾਲੇ ਵਿਰਲੇ-ਟਾਵੇਂ ਸਿੱਖ ਜਿੱਥੇ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਕੇ ਚੱਲਣ ਉੱਥੇ ਸਰਕਾਰੀ ਨਿਜ਼ਾਮ ਦੇ ਪ੍ਰਤੀ ਵਫ਼ਾਦਾਰ ਵੀ ਰਹਿਣ। ਪਰ ਸਰਕਾਰੀ ਉਮੀਦ ਤੋਂ ਬਿਲਕੁਲ ਉਲਟ ਭਾਈ ਤਾਰੂ ਸਿੰਘ ਵਰਗੇ ਸਿੱਖ ਸਿਰਫ ਆਪਣੀ ਸੁਖ-ਸ਼ਾਂਤੀ ਖ਼ਾਤਰ ਹੀ ਨਹੀਂ ਜਿਊ ਰਹੇ ਸਨ, ਸਗੋਂ ਉਹ ਆਪਣੇ ਸਿਰਲੱਥ ਸੂਰਮੇ ਭਰਾਵਾਂ ਦੀ ਲੋੜ ਪੈਣ ’ਤੇ ਡਟਵੀਂ ਸਹਾਇਤਾ ਵੀ ਕਰਦੇ ਰਹਿੰਦੇ ਸਨ। ਇਸ ਤੋਂ ਛੁੱਟ ਉਨ੍ਹਾਂ ਵੀਰਾਂ ਨੂੰ ਆਉਣ ਵਾਲੇ ਖ਼ਤਰਿਆਂ ਦੀ ਆਮਦ ਤੋਂ ਵੀ ਜਾਣੂ ਕਰਵਾਉਂਦੇ ਰਹਿੰਦੇ ਸਨ।
ਸੂਬੇਦਾਰ ਜ਼ਕਰੀਆ ਖ਼ਾਨ ਨੇ ਹਰਭਗਤ ਨਿਰੰਜਨੀਏ ਦੀ ਚੁੱਕ ਵਿੱਚ ਆ ਕੇ ਅਤੇ ਬਗ਼ੈਰ ਕਿਸੇ ਪੁੱਛ-ਪੜਤਾਲ ਤੋਂ ਭਾਈ ਤਾਰੂ ਸਿੰਘ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਇਸ ਹੁਕਮ ਤਹਿਤ ਹੀ ਲਗਭਗ ਡੇਢ ਕੁ ਦਰਜਨ ਪੁਲਸੀਏ ਪੈਦਲ ਚੱਲ ਕੇ ਪੂਹਲੇ ਪਿੰਡ ਆਏ ਅਤੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਿਜਾ ਰਹੇ ਸਨ ਤਾਂ ਪੂਹਲੇ ਪਿੰਡ ਦੇ ਵਸਨੀਕਾਂ ਨੇ ਭਾਈ ਸਾਹਿਬ ਦੀਆਂ ਨੇਕੀਆਂ ਨੂੰ ਸਨਮੁੱਖ ਰੱਖ ਕੇ ਉਨ੍ਹਾਂ ਦੀ ਨਜਾਇਜ਼ ਪਕੜ ਦੇ ਖ਼ਿਲਾਫ਼ ਹਾਅ ਦਾ ਨਾਅਰਾ ਵੀ ਮਾਰਿਆ, ਪਰ ਇਸ ਨਾਅਰੇ ਦੀ ਆਵਾਜ਼ ਦਾ ਹਕੂਮਤ ਦੇ ਬੋਲੇ ਕੰਨਾਂ ’ਤੇ ਕੋਈ ਅਸਰ ਨਹੀਂ ਹੋਇਆ। ਰਸਤੇ ਵਿੱਚ ਪਿੰਡ ਭੜਾਣੇ ਦੇ ਸਿੱਖਾਂ ਨੇ ਨਿਰਦੋਸ਼ ਭਾਈ ਤਾਰੂ ਸਿੰਘ ਨੂੰ ਛੁਡਾਉਣ ਲਈ ਜਦੋਂ ਪੁਲਸੀਆਂ ਨਾਲ ਦੋ ਹੱਥ ਕਰਨੇ ਚਾਹੇ ਤਾਂ ਭਾਈ ਸਾਹਿਬ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ।
ਲਾਹੌਰ ਲੈ ਜਾ ਕੇ ਭਾਈ ਤਾਰੂ ਸਿੰਘ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਜੇਲ੍ਹ ਵਿੱਚ ਭਾਈ ਜੀ ਨੂੰ ਕਈ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ। ਪਰ ਜਿਵੇਂ-ਜਿਵੇਂ ਹਕੂਮਤੀ ਕਰਿੰਦਿਆਂ ਵੱਲੋਂ ਭਾਈ ਸਾਹਿਬ ਨੂੰ ਸਤਾਇਆ ਜਾ ਰਿਹਾ ਸੀ ਤਿਵੇਂ-ਤਿਵੇਂ ਉਨ੍ਹਾਂ ਦੇ ਚਿਹਰੇ ਦੀ ਚਮਕ ਚੜ੍ਹਦੀ ਕਲਾ ਵਾਲੀ ਹੋਈ ਜਾ ਰਹੀ ਸੀ।
ਅਖੀਰ ਭਾਈ ਤਾਰੂ ਸਿੰਘ ਨੂੰ ਨਵਾਬ ਜ਼ਕਰੀਆ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਨਿੱਧੜਕਤਾ ਦੇ ਨਾਲ ਭਾਈ ਸਾਹਿਬ ਨੇ ਖ਼ਾਨ ਨੂੰ ਕਿਹਾ, ‘ਅਸੀਂ ਜ਼ਮੀਨ ਦਾ ਮਾਲੀਆ ਅਤੇ ਟੈਕਸ ਸਰਕਾਰ ਨੂੰ ਦਿੰਦੇ ਹਾਂ, ਬਾਕੀ ਮਿਹਨਤ ਜੋ ਸਾਡੇ ਪੱਲੇ ਪੈਂਦੀ ਹੈ ਉਸ ਵਿੱਚੋਂ ਅਸੀਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇ ਨਵਾਬ! ਤੂੰ ਦੱਸ ਕਿ ਇਸ ਵਿੱਚ ਤੇਰੀ ਜੇਬ ਵਿੱਚੋਂ ਕੀ ਜਾਂਦਾ ਹੈ ਜਿਸ ਦੀ ਤੂੰ ਸਾਨੂੰ ਸਜ਼ਾ ਦੇ ਰਿਹਾ ਹੈਂ?’
ਭਾਈ ਤਾਰੂ ਸਿੰਘ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਨਵਾਬ ਜ਼ਕਰੀਆ ਖ਼ਾਨ ਦੇ ਸੱਤੀ ਕੱਪੜੀਂ ਅੱਗ ਲੱਗ ਗਈ। ਕੋਈ ਦਲੀਲਪੂਰਵਕ ਉੱਤਰ ਦੇਣ ਦੀ ਬਜਾਏ ਉਹ ਕਹਿਣ ਲੱਗਾ ਕਿ, ‘ਤੇਰੀ ਜਾਨ ਕੇਵਲ ਮੁਸਲਮਾਨ ਬਣਨ ਨਾਲ ਹੀ ਬਖ਼ਸ਼ੀ ਜਾ ਸਕਦੀ ਹੈ।’ ਭਾਈ ਤਾਰੂ ਸਿੰਘ ਜੀ ਨੇ ਦਲੇਰਾਨਾ ਜਵਾਬ ਵਿੱਚ ਕਿਹਾ ਕਿ, ‘ਕੀ ਮੁਸਲਮਾਨ ਬਣ ਕੇ ਮੈਨੂੰ ਮੌਤ ਨਹੀਂ ਆਵੇਗੀ? ਕੀ ਮੁਸਲਮਾਨ ਕਦੇ ਮਰਦੇ ਨਹੀਂ ਹਨ? ਜੇਕਰ ਮੌਤ ਨੇ ਇੱਕ ਦਿਨ ਆ ਹੀ ਜਾਣਾ ਹੈ ਤਾਂ ਮੈਂ ਆਪਣੇ ਗੁਰੂ/ਧਰਮ ਤੋਂ ਕਿਉਂ ਬੇਮੁੱਖ ਹੋਵਾਂ। ਇਸ ਬੇਮੁੱਖਤਾ ਕਾਰਨ ਮੈਂ ਦਰਗਾਹ ਵਿੱਚ ਕੀ ਮੂੰਹ ਲੈ ਕੇ ਜਾਵਾਂਗਾ।’
ਭਾਈ ਤਾਰੂ ਸਿੰਘ ਦੀ ਨਿਡਰਤਾ ਦੇਖ ਕੇ ਸੂਬੇਦਾਰ ਖ਼ਾਨ ਦੇ ਦੰਦ ਜੁੜ ਗਏ। ਜਨੂੰਨ ਦੀ ਅੱਗ ਵਿੱਚ ਮੱਚਿਆ ਹੋਣ ਕਰਕੇ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ ਕਿ, ‘ਮੈਂ ਦੇਖਦਾ ਹਾਂ ਕਿ ਤੂੰ ਆਪਣੀ ਇਸ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖਦਾ ਹੈਂ।’ ਇਹ ਆਖ ਕੇ ਖ਼ਾਨ ਨੇ ਇੱਕ ਜਲਾਦ ਨੂੰ ਬੁਲਾ ਲਿਆ ਅਤੇ ਹੁਕਮ ਕੀਤਾ ਕਿ ਇਸ ਬਾਗ਼ੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਵੱਖ ਕਰ ਦਿੱਤੀ ਜਾਵੇ।
ਭਾਈ ਤਾਰੂ ਸਿੰਘ ਨੇ ਧਰਮ ਨੂੰ ਹਾਰਨ ਦੀ ਬਜਾਏ ਸਰੀਰ ਨੂੰ ਹਾਰਨਾ ਪ੍ਰਵਾਨ ਕਰ ਲਿਆ। ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਮੋਚੀ ਨੇ ਆਪਣੀ ਤੇਜ਼ ਧਾਰ ਵਾਲੀ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਕਸ਼ਟ ਨੂੰ ਸਹਿਣ ਕਰਦਿਆਂ ਭਾਈ ਸਾਹਿਬ ਨੇ ਸੀ ਤੱਕ ਨਹੀਂ ਉਚਾਰੀ, ਸਗੋਂ ਅਕਾਲ-ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨ ਲਿਆ।
ਇੱਧਰ ਜਦੋਂ ਭਾਈ ਤਾਰੂ ਸਿੰਘ ਦੇ ਸਿਰ ਤੋਂ ਖ਼ੂਨ ਵਹਿ ਰਿਹਾ ਸੀ ਤਾਂ ਉੱਧਰ ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਜਦੋਂ ਸਾਰੀਆਂ ਹਿਕਮਤਾਂ-ਹੀਲੇ ਬੇਕਾਰ ਹੋ ਗਏ ਤਾਂ ਖ਼ਾਨ ਨੂੰ ਕੁਝ ਆਪਣੀ ਕੀਤੀ ’ਤੇ ਅਫ਼ਸੋਸ ਹੋਣ ਲੱਗਾ। ਇਸ ਅਫ਼ਸੋਸ ਸਦਕਾ ਹੀ ਉਸ ਨੇ ਭਾਈ ਸੁਬੇਗ ਸਿੰਘ ਰਾਹੀਂ ਆਪਣਾ ਅਫ਼ਸੋਸਨਾਮਾ/ ਮੁਆਫ਼ੀਨਾਮਾ ਖ਼ਾਲਸਾ ਪੰਥ ਨੂੰ ਭੇਜ ਦਿੱਤਾ। ਜਦੋਂ ਖ਼ਾਨ ਦੇ ਮੁਆਫ਼ੀਨਾਮੇ ਨੂੰ ਖ਼ਾਲਸੇ ਨੇ ਵਿਚਾਰਿਆ ਤਾਂ ਉਸ ਵਿਚਾਰ-ਚਰਚਾ ਵਿੱਚੋਂ ਖ਼ਾਨ ਦੇ ਇਲਾਜ ਲਈ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰਨ ਦਾ ਸੁਝਾਅ ਦਿੱਤਾ ਗਿਆ। ਫਸੇ ਹੋਏ ਨਵਾਬ ਅਤੇ ਉਸ ਦੇ ਅਹਿਲਕਾਰਾਂ ਨੂੰ ਇਹ ਅੱਕ ਵੀ ਚੱਬਣਾ ਪਿਆ। ਜਿਉਂ-ਜਿਉਂ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਉਸ ਦੇ ਸਿਰ ਵਿੱਚ ਵੱਜ ਰਹੀਆਂ ਸਨ ਤਿਉਂ-ਤਿਉਂ ਉਸ ਦਾ ਪਿਸ਼ਾਬ ਵੀ ਖੁੱਲ੍ਹ ਰਿਹਾ ਸੀ। ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਦਾ ਇਹ ਦੋਖੀ 16 ਜੁਲਾਈ 1745 ਈ: ਨੂੰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ।
ਜਦੋਂ ਜ਼ਕਰੀਆ ਖ਼ਾਨ ਦੀ ਮੌਤ ਦੀ ਖ਼ਬਰ ਭਾਈ ਤਾਰੂ ਸਿੰਘ ਜੀ ਨੂੰ ਮਿਲੀ ਤਾਂ ਉਹ ਵੀ ਆਪਣੇ ਸਰੀਰ ਨੂੰ ਤਿਆਗ ਗਏ। ਅੱਜ ਜਦੋਂ ਵੀ ਵਾਹਿਗੁਰੂ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਸਿੱਖੀ ਨੂੰ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਦਾ ਨਾਮ ਬੜੇ ਹੀ ਅਦਬ ਨਾਲ ਲਿਆ ਜਾਂਦਾ ਹੈ।
ਸੰਪਰਕ: 94631-32719

