DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਾਤਾ ਪੰਜਾਬ ਕੌਰ ਦਾ ਜੀਵਨ ਬਿਰਤਾਂਤ

ਮਾਤਾ ਪੰਜਾਬ ਕੌਰ ਨੂੰ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੀ ਗੁਰੂ-ਨੂੰਹ ਹੋਣ ਦਾ ਮਾਣ ਮਿਲਿਆ ਹੈ। ਮਾਤਾ ਜੀ ਅਜਿਹੀ ਹਸਤੀ ਹੋਏ ਹਨ, ਜਿਨ੍ਹਾਂ ਨੇ ਗੁਰੂ ਘਰ ਤੋਂ ਦੂਰ ਹੋਏ ਬਾਬਾ ਰਾਮ ਰਾਇ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਕਰਵਾਉਣ...

  • fb
  • twitter
  • whatsapp
  • whatsapp
Advertisement

ਮਾਤਾ ਪੰਜਾਬ ਕੌਰ ਨੂੰ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੀ ਗੁਰੂ-ਨੂੰਹ ਹੋਣ ਦਾ ਮਾਣ ਮਿਲਿਆ ਹੈ। ਮਾਤਾ ਜੀ ਅਜਿਹੀ ਹਸਤੀ ਹੋਏ ਹਨ, ਜਿਨ੍ਹਾਂ ਨੇ ਗੁਰੂ ਘਰ ਤੋਂ ਦੂਰ ਹੋਏ ਬਾਬਾ ਰਾਮ ਰਾਇ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਗੁਰੂ ਗੋਬਿੰਦ ਸਿੰਘ ਜੀ ਬਾਬਾ ਰਾਮ ਰਾਇ ਦੇ ਚਾਚਾ ਲੱਗਦੇ ਸਨ।

ਮਾਤਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਾਲ ਅਪਰੈਲ ਮਈ ਵਿੱਚ ਵੈਸਾਖ ਦੀ ਪੰਚਮੀ ਮੌਕੇ ਦੋਆਬੇ ਦੇ ਪਿੰਡ ਨੰਗਲ ਅੰਬੀਆਂ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਵਿੱਚ ਮੇਲਾ ਲਾਇਆ ਜਾਂਦਾ ਹੈ। ਦੋ ਦਿਨ ਤੱਕ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ। ਇਹ ਮੇਲਾ ਸੰਨ 1947 ਤੋਂ ਪਹਿਲਾਂ ਵੀ ਪਿੰਡ ਨੰਗਲ ਅੰਬੀਆਂ ਵਿੱਚ ਮੁਸਲਮਾਨਾਂ ਦੀ ਵੱਧ ਗਿਣਤੀ ਹੋਣ ਦੇ ਬਾਵਜੂਦ, ਇੱਥੋਂ ਦੇ ਮੁੱਢਲੇ ਵਸਨੀਕ ਰਾਮਗੜ੍ਹੀਆ ਸਿੱਖ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ ਲਾਇਆ ਜਾਂਦਾ ਰਿਹਾ ਹੈ। ਹਰ ਮਹੀਨੇ ਦੀ ਪੰਚਮੀ ਵਾਲੇ ਦਿਨ ਦੂਰੋਂ-ਨੇੜਿਉਂ, ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮਾਤਾ ਜੀ ਦੇ ਸਥਾਨ ’ਤੇ ਸਿਰ ਝੁਕਾਉਣ ਲਈ ਪੁੱਜਦੇ ਹਨ ਅਤੇ ਆਪਣੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ।

Advertisement

ਸਿੱਖ ਇਤਿਹਾਸਕਾਰ ਭਾਈ ਗਰਜਾ ਸਿੰਘ ਦੇ ਭੱਟ ਵਹੀਆਂ ਦੇ ਗੁਰਮੁਖੀ ਲਿਪੀ-ਅੰਤਰ ਦੇ ਖੋਜ ਕਾਰਜ ਅਨੁਸਾਰ ਮਾਤਾ ਪੰਜਾਬ ਕੌਰ ਦਾ ਜਨਮ ਵੈਸਾਖ ਸੁਦੀ ਪੰਚਮੀ ਬਿਕਰਮੀ ਸੰਮਤ 1710 (5 ਵੈਸਾਖ 1653 ਈਸਵੀ) ਨੂੰ ਰਾਮ ਨਰੈਣ ਬੱਸੀ ਅਤੇ ਪਰਮੇਸ਼ਰੀ ਦੇ ਘਰ ਪਿੰਡ ਨੰਗਲ ਅੰਬੀਆਂ (ਜਲੰਧਰ) ਵਿੱਚ ਹੋਇਆ। ਕੁਝ ਲੇਖਕਾਂ ਨੇ ਮਾਤਾ ਪਰਮੇਸ਼ਰੀ ਦੇਵਕੀ ਲਿਖਿਆ ਹੈ। ਮਹੰਤ ਮਾਨ ਦਾਸ ਮਾਤਾ ਜੀ ਦੇ ਵਿੱਦਿਆ ਗੁਰੂ ਹੋਏ। ਮਾਤਾ ਜੀ ਦਾ ਘਰ ਪਿੰਡ ਦੇ ਦੱਖਣ-ਪੱਛਮ ਪਾਸੇ ਸਥਿਤ ਸੀ, ਜਿੱਥੇ ਅੱਜ ਮਾਤਾ ਜੀ ਦੀ ਯਾਦ ਵਿੱਚ ਡੇਰਾ ਪਿੱਪਲੀ ਸਾਹਿਬ ਸਥਾਪਿਤ ਹੈ।

Advertisement

ਬਚਪਨ ਵਿੱਚ ਹੀ ਮਾਤਾ ਜੀ ਬਹੁਤ ਕਰਨੀ ਵਾਲੇ ਸਨ। ਜਦ ਮਾਤਾ ਜੀ ਆਪਣੀਆਂ ਸਹੇਲੀਆਂ ਨਾਲ ਖੂਹ ਤੋਂ ਪਾਣੀ ਗਾਗਰਾਂ ਵਿੱਚ ਭਰ ਕੇ ਲਿਆਉਂਦੇ ਤਾਂ ਮਾਤਾ ਜੀ ਦੀ ਗਾਗਰ ਉਨ੍ਹਾਂ ਦੇ ਸਿਰ ਤੋਂ ਦੋ ਗਿੱਠ ਉੱਚੀ ਹੁੰਦੀ। ਇੱਕ ਵਾਰ ਸਾਉਣ ਦੇ ਮਹੀਨੇ ਕੁੜੀਆਂ ਪੀਂਘ ਝੂਟ ਰਹੀਆਂ ਸਨ ਤਾਂ ਸਹੇਲੀਆਂ ਨੇ ਮਾਤਾ ਜੀ ਨੂੰ ਪੀਂਘ ਝੂਟਣ ਨਾ ਦਿੱਤੀ। ਮਾਤਾ ਜੀ ਆਪਣੇ ਘਰੋਂ ਕੱਚੇ ਤੰਦ ਦੇ ਸੂਤ ਦੇ ਗਲੋਟੇ ਲੈ ਕੇ ਪਿੱਪਲ ਦੇ ਟਾਹਣੇ ’ਤੇ ਕੱਚੇ ਤੰਦ ਦੀ ਪੀਂਘ ਪਾ ਕੇ ਝੂਟਣ ਲੱਗੇ। ਸਾਰੀਆਂ ਸਹੇਲੀਆਂ ਹੈਰਾਨ ਖੜੀਆਂ ਦੇਖਦੀਆਂ ਰਹੀਆਂ ਕਿ ਮਾਤਾ ਜੀ ਤਾਂ ਕਿਸੇ ਰੱਬੀ ਸ਼ਕਤੀ ਦਾ ਪ੍ਰਤੀਕ ਹਨ। ਇਸ ਗੱਲ ਦੀ ਸਾਰੇ ਪਾਸੇ ਚਰਚਾ ਹੋ ਗਈ। ਇਹ ਪਿੱਪਲ ਅੱਜ ਵੀ ਡੇਰੇ ਵਿੱਚ ਮੌਜੂਦ ਹੈ। ਇਹ ਪਿੱਪਲੀ ਮਾਤਾ ਜੀ ਦੇ ਜਨਮ ਤੋਂ ਪਹਿਲਾਂ ਦੀ ਹੈ, ਜਿਸ ਨੂੰ ਉਸ ਸਮੇਂ ਦੇ ਜ਼ੈਲਦਾਰ ਅੰਮੀਆਂ ਨੇ ਵੱਢਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਪਿੱਪਲੀ ਫਿਰ ਹਰੀ-ਭਰੀ ਹੋ ਗਈ ਅਤੇ ਜ਼ੈਲਦਾਰ ਨੂੰ ਆਵਾਜ਼ ਆਈ ਕਿ ਇਹ ਪਿੱਪਲੀ ਮਾਤਾ ਪੰਜਾਬ ਕੌਰ ਦੀ ਹੈ, ਉਹ ਇਸ ਨੂੰ ਨਾ ਛੇੜੇ। ਇਸ ਤੋਂ ਬਾਅਦ ਉਸ ਨੇ ਇਸ ਦੇ ਨੇੜਲੀ ਜ਼ਮੀਨ ਛੱਡ ਦਿੱਤੀ। ਇਸੇ ਅੰਮੀਆ ਜ਼ੈਲਦਾਰ ਦੇ ਨਾਂ 'ਤੇ ਹੀ ਪਿੰਡ ਨੰਗਲ ਅੰਬੀਆਂ ਦਾ ਨਾਮ ਪਿਆ।

ਕੁਝ ਇਤਿਹਾਸਕਾਰ ਦੱਸਦੇ ਹਨ ਕਿ ਜਦੋਂ ਬਾਲੜੀ ਪੰਜਾਬ ਕੌਰ ਨੌਂ ਕੁ ਵਰ੍ਹਿਆਂ ਦੇ ਸਨ ਤਾਂ ਬਾਬਾ ਰਾਮ ਰਾਇ ਜੀ ਦੇ ਚਾਰ ਸੇਵਕ ਉਨ੍ਹਾਂ ਦੀ ਖੂੰਡੀ ਅਤੇ ਰੁਮਾਲ ਲੈ ਕੇ ਮਾਤਾ ਜੀ ਦੇ ਮਾਪਿਆਂ ਕੋਲ ਉਨ੍ਹਾਂ ਦੇ ਵਿਆਹ ਦਾ ਸੁਨੇਹਾ ਲੈ ਕੇ ਆਏ, ਕਿਉਂਕਿ ਬਾਬਾ ਰਾਮ ਰਾਇ ਜੀ ਸੱਤਵੇਂ ਗੁਰੂ ਦਾ ਹੁਕਮ ਮੰਨਦਿਆਂ ਖ਼ੁਦ ਪੰਜਾਬ ਨਹੀਂ ਆ ਸਕਦੇ ਸਨ। ਮਾਤਾ ਜੀ ਦੇ ਮਾਤਾ-ਪਿਤਾ ਖੁਸ਼ੀ-ਖੁਸ਼ੀ ਰਜ਼ਾਮੰਦ ਹੋ ਗਏ। ਕੁਝ ਸਮਾਂ ਬਾਅਦ ਮਾਤਾ ਪੰਜਾਬ ਕੌਰ ਜੀ ਦਾ ਡੋਲਾ ਨੂਰਪੁਰ ਚੱਠਿਆਂ, ਨਕੋਦਰ ਹੁੰਦਿਆਂ, ਖੁੜਵੜਾ (ਦੇਹਰਾਦੂਨ) ਪਹੁੰਚਿਆ, ਜਿੱਥੇ ਮਾਤਾ ਜੀ ਦੇ ਮਾਪਿਆਂ ਨੇ ਮੁਹੱਲਾ ਖੁੜਵੜਾ ਵਿੱਚ ਜਗ੍ਹਾ ਖਰੀਦ ਕੇ ਘਰ ਬਣਵਾਇਆ ਅਤੇ ਆਪਣੀ ਧੀ ਦੀ ਸ਼ਾਦੀ ਬੇਦੀ ਦੀਆਂ ਰਸਮਾਂ ਅਨੁਸਾਰ ਬਾਬਾ ਜੀ ਨਾਲ ਕੀਤੀ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਮਾਤਾ ਪੰਜਾਬ ਕੌਰ ਦੀ ਮੰਗਣੀ ਉਨ੍ਹਾਂ ਦੇ ਮਾਪਿਆਂ ਨੇ ਕੀਰਤਪੁਰ ਸਾਹਿਬ ਵਿੱਚ ਸੱਤਵੇਂ ਗੁਰੂ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਨਾਲ ਕਰ ਦਿੱਤੀ ਸੀ। ਫਿਰ 1665 ਈਸਵੀ, ਦਿਨ ਸੋਮਵਾਰ, ਜਦੋਂ ਮਾਤਾ ਪੰਜਾਬ ਕੌਰ ਬਾਰਾਂ ਵਰ੍ਹਿਆਂ ਦੇ ਸਨ, ਉਦੋਂ ਬਾਬਾ ਰਾਮ ਰਾਇ ਜੀ ਨੇ ਆਪਣੇ ਸੇਵਕ ਹੱਥ ਤੀਰ, ਕਮਾਨ ਅਤੇ ਪਟਕਾ ਭੇਜ ਕੇ ਮਾਤਾ ਜੀ ਦੇ ਮਾਪਿਆਂ ਨੂੰ ਵਿਆਹ ਲਈ ਆਖਿਆ, ਜਿਸ ਨੂੰ ਮਾਤਾ ਜੀ ਦੇ ਮਾਪਿਆਂ ਨੇ ਖੁਸ਼ੀ-ਖੁਸ਼ੀ ਪਰਵਾਨ ਕਰ ਲਿਆ। ਇਹ ਤਿੰਨੇ ਵਸਤਾਂ ਬਾਬਾ ਰਾਮ ਰਾਇ ਜੀ ਦੇ ਮਾਤਾ ਸੁਲੱਖਣੀ ਜੀ ਨੇ ਕੀਰਤਪੁਰ ਤੋਂ ਭੇਜੀਆਂ ਸਨ। ਭਾਈ ਗੁਲਾਬ ਸਿੰਘ ਦੀ ਗੁਰਪ੍ਰਣਾਲੀ ਅਨੁਸਾਰ ਬਾਬਾ ਰਾਮ ਰਾਇ ਜੀ ਦੀਆਂ ਚਾਰ ਪਤਨੀਆਂ - ਮਾਤਾ ਪੰਜਾਬ ਕੌਰ, ਮਾਤਾ ਰਾਜ ਕੌਰ, ਮਾਤਾ ਲਾਲ ਕੌਰ ਅਤੇ ਮਾਤਾ ਮਲੂਕੀ ਸਨ। ਡਾ. ਮਹਿੰਦਰ ਕੌਰ ਗਿੱਲ ਜੀ ਦੀ ਪੁਸਤਕ ‘ਤੂੰ ਸਤਵੰਤੀ ਤੂੰ ਪਰਧਾਨੁ’ ਵਿੱਚ ਲਿਖਿਆ ਮਿਲਦਾ ਹੈ ਕਿ ਮਾਤਾ ਪੰਜਾਬ ਕੌਰ ਨੂੰ ਹੀ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਦੀ ਇਕਲੌਤੀ ਨੂੰਹ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਮਾਤਾ ਜੀ ਆਪਣੇ ਪਤੀ ਦੇ ਆਗਿਆਕਾਰੀ ਸਨ। ਉਨ੍ਹਾਂ ਨੇ ਚਿਰੀਂ ਵਿਛੁੰਨੇ ਚਾਚੇ-ਭਤੀਜੇ, ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਰਾਮ ਰਾਇ ਜੀ ਦਾ ਮੇਲ-ਮਿਲਾਪ ਕਰਵਾਇਆ। ਬਾਬਾ ਜੀ ਭਗਤੀ-ਸਾਧਨਾ ਵਿੱਚ ਲੀਨ ਰਹਿੰਦੇ ਸਨ ਅਤੇ ਡੇਹਰੇ ਦਾ ਕੰਮ ਮਾਤਾ ਜੀ ਦੇਖਦੇ ਸਨ। ਪਰ ਈਰਖਾਲੂ, ਭ੍ਰਿਸ਼ਟ ਮਸੰਦਾਂ ਕਰਕੇ, ਉਮਰ ਵਡੇਰੀ ਹੋਣ ’ਤੇ ਅਤੇ ਮਸੰਦਾਂ ਦੇ ਵਧਦੇ ਹੌਂਸਲੇ ਦੇਖ ਕੇ ਮਾਤਾ ਜੀ ਨੇ ਬਾਬਾ ਰਾਮ ਰਾਇ ਜੀ ਨੂੰ ਦਸਮ ਪਿਤਾ ਜੀ ਨਾਲ ਮਿਲਣ ਲਈ ਤਿਆਰ ਕੀਤਾ।

ਬਾਬਾ ਰਾਮ ਰਾਇ ਜੀ ਨਾਮ ਸਿਮਰਨ ਕਰਦਿਆਂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਡੇਰੇ ਦਾ ਪ੍ਰਬੰਧ ਮਾਤਾ ਪੰਜਾਬ ਕੌਰ ਜੀ ਦੇਖਦੇ ਸਨ। ਇੱਕ ਦਿਨ ਬਾਬਾ ਰਾਮ ਰਾਇ ਜੀ ਕਿਸੇ ਸੇਵਕ ਦੀ ਮਦਦ ਕਰਨ ਬਾਰੇ ਮਾਤਾ ਪੰਜਾਬ ਕੌਰ ਜੀ ਨੂੰ ਦੱਸ ਕੇ ਸੱਤ ਦਿਨ ਲਈ ਸਮਾਧੀ ਵਿੱਚ ਲੀਨ ਹੋ ਗਏ। ਜਦੋਂ ਇਸ ਬਾਰੇ ਈਰਖਾਲੂ ਮਸੰਦਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ਦਾ ਲਾਭ ਉਠਾਉਂਦਿਆਂ ਇਹ ਪ੍ਰਚਾਰ ਕਰ ਦਿੱਤਾ ਕਿ ਬਾਬਾ ਰਾਮ ਰਾਇ ਜੀ ਪ੍ਰਲੋਕ ਗਮਨ ਕਰ ਗਏ ਹਨ। ਮਾਤਾ ਪੰਜਾਬ ਕੌਰ ਜੀ ਨੇ ਉਨ੍ਹਾਂ ਮਸੰਦਾਂ ਨੂੰ ਬੜਾ ਸਮਝਾਇਆ ਅਤੇ ਰੋਕਿਆ ਕਿ ਬਾਬਾ ਜੀ ਜਿਉਂਦੇ ਹਨ। ਪਰ ਮਸੰਦਾਂ ਨੇ ਮਾਤਾ ਜੀ ਦੀ ਕੋਈ ਗੱਲ ਨਹੀਂ ਸੁਣੀ ਅਤੇ 1744 ਬਿਕਰਮੀ ਭਾਦੋਂ ਸੁਦੀ ਅੱਠਵੀਂ (4 ਸਤੰਬਰ 1687 ਈਸਵੀ) ਨੂੰ ਬਾਬਾ ਰਾਮ ਰਾਇ ਦਾ ਜਿਉਂਦਿਆਂ ਜੀਅ ਸਸਕਾਰ ਕਰ ਦਿੱਤਾ। ਮਾਤਾ ਜੀ ਨੇ ਬਹੁਤ ਦੁਖੀ ਹੋ ਕੇ ਆਪਣੀ ਦਰਦ ਭਰੀ ਕਹਾਣੀ ਦਾ ਸਾਰਾ ਹਾਲ ਇੱਕ ਚਿੱਠੀ ਵਿੱਚ ਲਿਖ ਕੇ ਦਸਵੇਂ ਪਾਤਸ਼ਾਹ ਜੀ ਨੂੰ ਮਦਦ ਕਰਨ ਲਈ ਬੇਨਤੀ ਕੀਤੀ।

ਜਦੋਂ ਮਾਤਾ ਜੀ ਦੀ ਚਿੱਠੀ ਦਸਵੇਂ ਪਾਤਸ਼ਾਹ ਨੂੰ ਮਿਲੀ ਤਾਂ ਉਨ੍ਹਾਂ ਨੇ ਬਹੁਤ ਅਫ਼ਸੋਸ ਕੀਤਾ ਅਤੇ ਦੇਹਰਾਦੂਨ ਪੁੱਜਣ ਦਾ ਭਰੋਸਾ ਦਿੱਤਾ। ਸੰਮਤ 1744 ਬਿਕਰਮੀ ਅੱਸੂ ਵਦੀ ਨੌਵੀਂ (1687 ਈਸਵੀ) ਨੂੰ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਦੇ ਸੱਦੇ ’ਤੇ ਆਪਣੇ ਭਤੀਜੇ ਬਾਬਾ ਰਾਮ ਰਾਇ ਜੀ ਦੀ ਸਤਾਰ੍ਹਵੀਂ ’ਤੇ ਦੇਹਰਾਦੂਨ ਆਪਣੇ ਸਿੰਘਾਂ ਦੇ ਜਥੇ ਨਾਲ ਗਏ। ਉਸ ਸਮੇਂ ਰੱਖੇ ਹੋਏ ਪਾਠ ਦੇ ਭੋਗ ਪੈਣ ਮਗਰੋਂ ਦਸਵੇਂ ਗੁਰੂ ਨੇ ਸਿਰ ਬੰਨ੍ਹਣ ਦੀ ਰਸਮ ਕੀਤੀ ਅਤੇ ਮਾਤਾ ਜੀ ਦੀ ਝੋਲੀ ਕੀਮਤੀ ਬਸਤਰਾਂ ਅਤੇ ਢੇਰ ਸਾਰੀ ਨਕਦੀ ਨਾਲ ਭਰ ਦਿੱਤੀ। ਇਸ ਰਸਮ ਰਾਹੀਂ ਪਾਤਸ਼ਾਹ ਨੇ ਸੁਨੇਹਾ ਦਿੱਤਾ ਕਿ ਮਾਤਾ ਜੀ ਦੇ ਸਿਰ ’ਤੇ ਦਸਮ ਪਾਤਸ਼ਾਹ ਦਾ ਹੱਥ ਹੈ। ਫਿਰ ਦਸਵੇਂ ਪਾਤਸ਼ਾਹ ਨੇ ਬੜੇ ਯੋਜਨਾਬੱਧ ਢੰਗ ਨਾਲ ਦੋਸ਼ੀ ਮਸੰਦਾਂ ਨੂੰ ਜਿਊਂਦੇ ਹੀ ਤੱਤੇ ਤੇਲ ਦੇ ਕੜਾਹਿਆਂ ਵਿੱਚ ਸਾੜ ਕੇ ਸਖ਼ਤ ਸਜ਼ਾ ਦੇ ਕੇ ਮਾਤਾ ਜੀ ਨੂੰ ਇਨਸਾਫ਼ ਦਿੱਤਾ। ਮਾਤਾ ਪੰਜਾਬ ਕੌਰ ਜੀ ਨੂੰ ਦੇਹਰਾਦੂਨ ਦੇ ਡੇਰੇ ਦਾ ਪ੍ਰਬੰਧਕ ਥਾਪ ਕੇ ਆਖਿਆ, ‘ਆਪ ਜੀ ਇੱਥੋਂ ਦੀ ਸੇਵਾ-ਸੰਭਾਲ ਕਰੋ, ਅਸੀਂ ਆਪ ਜੀ ਦੇ ਨਾਲ ਹਾਂ। ਆਪ ਜੀ ਦਾ ਪ੍ਰਤਾਪ ਸਦਾ ਬਣਿਆ ਰਹੇਗਾ।’

ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆਸ਼ੀਰਵਾਦ ਲੈ ਕੇ ਮਾਤਾ ਪੰਜਾਬ ਕੌਰ ਗੁਰੂ ਘਰ ਨਾਲ ਸਦਾ ਜੁੜੇ ਰਹੇ ਅਤੇ ਨਾਮ ਸਿਮਰਨ ਕਰਦੇ ਹੋਏ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹੇ। ਮਾਤਾ ਪੰਜਾਬ ਕੌਰ 1798 ਬਿਕਰਮੀ ਵੈਸਾਖ ਸੁਦੀ 4 (1741 ਈਸਵੀ) ਨੂੰ 88 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਮਾਤਾ ਜੀ ਦੀ ਸਮਾਧ ਦੇਹਰਾਦੂਨ ਵਿੱਚ ਬਣੀ ਹੋਈ ਹੈ।

ਸੰਪਰਕ: 97791-91447

Advertisement
×